ਅਮਰੀਕਾ/ਪੰਜਾਬ ਪੋਸਟ
ਅਰਜਨਟੀਨਾ ਦੀ ਟੀਮ ਨੇ ਰਿਕਾਰਡ 16ਵੀਂ ਵਾਰ ਵੱਕਾਰੀ ਕੋਪਾ ਅਮੈਰੀਕਾ ਫੁੱਟਬਾਲ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ ਹੈ। ਅਮਰੀਕਾ ਦੇ ਮਿਆਮੀ ਫਲੋਰੀਡਾ ਦੇ ਹਾਰਡ ਰੌਕ ਸਟੇਡੀਅਮ ਵਿਖੇ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ ਅਰਜਨਟੀਨਾ ਨੇ ਕੋਲੰਬੀਆ ਨੂੰ ਇੱਕ ਫਸਵੇਂ ਮੁਕਾਬਲੇ ਵਿੱਚ 1-0 ਦੇ ਫਰਕ ਨਾਲ ਹਰਾ ਕੇ ਖਿਤਾਬ ਜਿੱਤਿਆ। ਫਾਈਨਲ ਮੈਚ ਨਿਰਧਾਰਤ 90 ਮਿੰਟਾਂ ਤੱਕ 0-0 ਦੀ ਬਰਾਬਰੀ ਉੱਪਰ ਰਿਹਾ ਜਦਕਿ ਇਸ ਤੋਂ ਬਾਅਦ ਦਿੱਤੇ ਗਏ 30 ਮਿੰਟਾਂ ਦੇ ਵਾਧੂ ਸਮੇਂ ਵਿੱਚ ਅਰਜਨਟੀਨਾ ਦੇ ਖਿਡਾਰੀ ਲੁਟਾਓਰੋ ਮਾਰਟੀਨੇਜ਼ ਨੇ 112ਵੇਂ ਮਿੰਟ ਵਿੱਚ ਗੋਲ ਕਰਕੇ ਅਰਜਨਟੀਨਾ ਨੂੰ ਅਗੇਤ ਦੁਆ ਦਿੱਤੀ ਅਤੇ ਇਸ ਤਰ੍ਹਾਂ ਅਰਜਨਟੀਨਾ ਦੀ ਟੀਮ ਆਪਣੇ ਖਿਤਾਬ ਨੂੰ ਬਚਾਉਣ ਵਿੱਚ ਸਫਲ ਰਹੀ। ਮਹਾਨ ਖਿਡਾਰੀ ਲਿਓਨਲ ਮੈਸੀ ਦੀ ਅਗਵਾਈ ਵਿੱਚ ਅਰਜਨਟੀਨਾ ਦੀ ਟੀਮ ਨੇ ਪਿਛਲਾ ਕੋਪਾ ਅਮੈਰੀਕਾ ਖਿਤਾਬ ਵੀ ਜਿੱਤਿਆ ਸੀ ਅਤੇ ਹੁਣ ਇਸ ਟੂਰਨਾਮੈਂਟ ਦੇ ਇਤਿਹਾਸ ਵਿੱਚ ਅਰਜਨਟੀਨਾ ਨੇ ਖ਼ਿਤਾਬ ਜਿੱਤਣ ਪੱਖੋਂ ਸਭ ਤੋਂ ਸਫਲ ਟੀਮ ਵਜੋਂ ਆਪਣਾ ਮੁਕਾਮ ਹੋਰ ਪੱਕਾ ਕਰ ਲਿਆ ਹੈ।

Published: