-1.1 C
New York

ਜੀਭ ਵਿੱਚ ਹੱਡੀ ਨਹੀਂ ਹੁੰਦੀ, ਪਰ……!

Published:

Rate this post

ਬੋਲਚਾਲ ਕਿਸੇ ਨਾਲ ਗੱਲ ਕਰਨ ਦਾ ਤਰੀਕਾ ਜਾਂ ਸਾਡੇ ਦੁਆਰਾ ਕੀਤੇ ਸ਼ਬਦਾਂ ਦੀ ਚੋਣ ਸਾਡੇ ਚਰਿੱਤਰ ਅਤੇ ਸਾਡੀ ਮਾਨਸਿਕਤਾ ਨੂੰ ਦਰਸਾਉਂਦੀ ਹੈ। ਅਸੀਂ ਆਪਣੇ ਤੋਂ ਵੱਡੇ ਜਾਂ ਛੋਟੇ ਨਾਲ ਕਿਸ ਤਰੀਕੇ ਨਾਲ ਗੱਲ ਕਰਦੇ ਹਾਂ, ਕਿਸ ਲਹਿਜੇ ਨਾਲ ਬੋਲਦੇ ਹਾਂ ਇਸ ਤੋਂ ਸਾਡੇ ਸੰਸਕਾਰਾਂ ਦਾ ਪਤਾ ਚੱਲਦਾ ਹੈ। ਇੱਕ ਬੱਚਾ ਬਾਹਰ ਜਾ ਕੇ ਲੋਕਾਂ ਨਾਲ ਕਿਵੇਂ ਵਿਚਰ ਰਿਹਾ ਹੈ, ਇਸ ਨਾਲ ਕੇਵਲ ਉਸ ਦਾ ਹੀ ਚਰਿੱਤਰ ਨਹੀਂ ਸਗੋਂ ਉਸਦੇ ਮਾਂ-ਬਾਪ ਦਾ ਵੀ ਨਾਮ ਨਾਲ ਜੁੜ ਜਾਂਦਾ ਹੈ। ਤੁਸੀਂ ਅਕਸਰ ਸੁਣਿਆ ਹੋਵੇਗਾ ਜੇਕਰ ਕੋਈ ਬੱਚਾ ਗਲਤ ਬੋਲਦਾ ਹੈ ਤਾਂ ਉਸ ਨੂੰ ਆਖ ਦਿੱਤਾ ਜਾਂਦਾ ਹੈ ਕਿ, “ਤੇਰੇ ਮਾਂ ਬਾਪ ਨੇ ਤੈਨੂੰ  ਬੋਲਣਾ ਨਹੀਂ ਸਿਖਾਇਆ।’’ ਇਸ ਲਈ ਸਾਡੀ ਬੋਲਚਾਲ ਸਿਰਫ ਸਾਨੂੰ ਹੀ ਨਹੀਂ ਸਗੋਂ ਸਾਡੇ ਨਾਲ ਜੁੜੇ ਸਾਡੇ ਮਾਂ ਬਾਪ ਤੇ ਹੋਰ ਰਿਸ਼ਤਿਆਂ ਨੂੰ ਵੀ ਬਾਹਰ ਪੇਸ਼ ਕਰਦੀ ਹੈ। ਇਸ ਲਈ ਸਾਨੂੰ ਬੋਲਣ ਲੱਗਿਆਂ ਹਮੇਸ਼ਾ ਸੋਚਣਾ ਸਮਝਣਾ ਚਾਹੀਦਾ ਹੈ। ਕਿਸ ਤਰ੍ਹਾਂ ਦੇ ਸ਼ਬਦ ਦਾ ਪ੍ਰਯੋਗ ਕਰਨਾ ਹੈ ਇਸ ਗੱਲ ਦੀ ਸਮਝ ਹੋਣੀ ਬਹੁਤ ਜ਼ਰੂਰੀ ਹੈ।

ਆਪਣੀ ਬੋਲੀ ਵਿੱਚ ਸਾਨੂੰ ਸੋਹਣੇ ਅਤੇ ਸੁਚੱਜੇ ਢੰਗ ਦੇ ਸ਼ਬਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਤੁਹਾਡਾ ਸਮਾਜ ਵਿੱਚ ਤਾਂ ਮਾਣ ਸਤਿਕਾਰ ਹੋਵੇਗਾ ਹੀ, ਪਰ ਨਾਲ ਦੀ ਨਾਲ ਤੁਹਾਡੇ ਆਪਣੇ ਅੰਦਰ ਵਿੱਚ ਇੱਕ ਸੋਹਣਾ ਚਰਿੱਤਰ ਸਿਰਜਿਆ ਜਾਵੇਗਾ। ਇਸ ਨਾਲ ਤੁਹਾਡਾ ਗੁੱਸੇ ਤੇ ਵੀ ਕਾਬੂ ਰਹੇਗਾ। ਮੈਂ ਕਈ ਲੋਕ ਅਜਿਹੇ ਵੇਖੇ ਨੇ ਜੋ ਅਗਲੇ ਦੀ ਗਲਤੀ ਵੀ  ਉਸਨੂੰ ਬਹੁਤ ਹੀ ਪਿਆਰ ਅਤੇ ਸੋਹਣੇ ਢੰਗ ਨਾਲ ਬਿਆਨ ਕਰਦੇ ਹਨ। ਉਸ ਨੂੰ ਸੋਹਣੇ ਸ਼ਬਦਾਂ ਵਿੱਚ ਸਮਝਾਉਂਦੇ ਨੇ ਅਤੇ ਆਪਸ ਵਿੱਚ ਪਿਆਰ ਵੀ ਬਣਿਆ ਰਹਿੰਦਾ ਹੈ। ਇਹ ਚੀਜ਼ਾਂ ਤੁਹਾਡੀ ਸਿਆਣਪਤਾ ਨੂੰ ਦਰਸਾਉਂਦੀਆਂ ਹਨ।

ਪਰ ਉੱਥੇ ਹੀ ਕੁਝ ਲੋਕ ਅਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਤੁਸੀਂ ਜਿੰਨੇ ਮਰਜੀ ਪਿਆਰ ਅਤੇ ਸਤਿਕਾਰ ਨਾਲ ਪੇਸ਼ ਆਓ, ਉਹ ਤੁਹਾਨੂੰ ਕੌੜਾ ਹੀ ਬੋਲਣਗੇ ਅਤੇ ਉਨ੍ਹਾਂ ਦੀ ਗੱਲ ਕਰਨ ਦੇ ਢੰਗ ਵਿੱਚ ਹਮੇਸ਼ਾ ਗੁੱਸਾ ਤੇ ਕੌੜਾਪਣ ਹੀ ਮਿਲੇਗਾ। ਕੁਝ ਲੋਕ ਆਖਦੇ ਨੇ ਅਸੀਂ ਸੱਚ ਬੋਲਦੇ ਹਾਂ ਪਰ ਸੱਚ ਬੋਲਣ ਦਾ ਵੀ ਕੋਈ ਢੰਗ ਤਰੀਕਾ ਹੁੰਦਾ ਹੈ, ਸੱਚ ਨੂੰ ਵੀ ਸੋਹਣੇ ਅਤੇ ਸਰਲ ਸ਼ਬਦਾਂ ਵਿੱਚ ਕਿਹਾ ਜਾ ਸਕਦਾ ਹੈ,  ਜ਼ਰੂਰੀ ਨਹੀਂ ਕਿ ਸੱਚ ਨੂੰ ਹਮੇਸ਼ਾਂ ਗੁੱਸੇ ਤੇ ਈਰਖਾ ਨਾਲ ਹੀ ਬੋਲਿਆ ਜਾਵੇ। ਕੌੜਾ ਬੋਲਣ ਵਾਲੇ ਲੋਕ ਫਿਰ ਸਮਾਜ ਵਿੱਚ ਆਪਣੇ ਚਰਿੱਤਰ ਨੂੰ ਆਪ ਹੀ ਖਰਾਬ ਕਰ ਲੈਂਦੇ ਨੇ, ਉਨ੍ਹਾਂ ਨਾਲ ਕੋਈ ਵੀ ਗੱਲ ਕਰਨੀ ਪਸੰਦ ਨਹੀਂ ਕਰਦਾ।  ਇੱਕ ਗੱਲ ਇੱਥੇ ਧਿਆਨ ਦੇਣ ਯੋਗ ਹੈ, ਮਿੱਠਾ ਬੋਲਣ ਤੋਂ ਭਾਵ ਇਹ ਨਹੀਂ ਕਿ ਅਸੀਂ ਦੂਸਰੇ ਇਨਸਾਨ ਦੀਆਂ ਝੂਠੀਆਂ ਤਾਰੀਫ਼ਾਂ ਜਾਂ ਪ੍ਰਸ਼ੰਸਾ ਕਰਨੀ ਸ਼ੁਰੂ ਕਰ ਦੇਈਏ। ਮਿੱਠਾ ਬੋਲਣ ਤੋਂ ਭਾਵ ਹੈ, ਸਹੀ ਅਤੇ ਸੋਹਣੇ,  ਸੁਚੱਜੇ ਸ਼ਬਦਾਂ ਦੀ ਚੋਣ ਕਰਨੀ। ਜਿਸ ਨਾਲ ਅਗਲੇ ਨੂੰ ਤੁਹਾਡੇ ਮਨ ਦੇ ਭਾਵਾਂ ਦੀ ਸਮਝ ਵੀ ਆ ਜਾਵੇ ਅਤੇ ਅਗਲੇ ਨੂੰ ਕੋਈ ਦੁੱਖ ਵੀ ਨਾ ਪਹੁੰਚੇ।

ਬੱਚਾ ਬਚਪਨ ਤੋਂ ਹੀ ਜਦੋਂ ਬੋਲਣਾ ਸਿੱਖਦਾ ਹੈ ਤਾਂ ਇਹ ਮਾਂ ਬਾਪ ਦਾ ਪਹਿਲਾ ਫ਼ਰਜ਼ ਹੁੰਦਾ ਹੈ ਕਿ ਉਸ ਨੂੰ ਚੰਗਾ ਬੋਲਣਾ ਸਿਖਾਉਣ, ਕਿਉਂਕਿ ਬੱਚੇ ਦੀ ਬਚਪਨ ਵਿੱਚ ਹੋਈ ਪਰਵਰਿਸ਼ ਹੀ ਉਸ ਦੀ ਸਾਰੀ ਜ਼ਿੰਦਗੀ ਤੇ ਸਭ ਤੋਂ ਵੱਡਾ ਅਸਰ ਪਾਉਂਦੀ ਹੈ। ਮਾਂ ਬਾਪ ਦੀ ਪਰਵਰਿਸ਼ ਅਤੇ ਸਾਡੀ ਬਾਹਰ ਦੀ ਸੰਗਤ ਇਨ੍ਹਾਂ ਦੋਹਾਂ ਤੋਂ ਮਿਲ ਕੇ ਹੀ ਇਨਸਾਨ ਦੇ ਚਰਿੱਤਰ ਦੀਆਂ ਸਭ ਤੋਂ ਜ਼ਰੂਰੀ ਚੀਜ਼ਾਂ ਬਣਦੀਆਂ ਹਨ। ਜੇਕਰ ਬੱਚੇ ਨੂੰ ਬਚਪਨ ਤੋਂ ਹੀ ਸੋਹਣੇ ਸੰਸਕਾਰ ਦਿੱਤੇ ਜਾਣ ਤੇ ਸੰਗਤ ਚੰਗੀ ਹੋਵੇ ਤਾਂ ਇਹ ਤੈਅ ਹੈ ਕਿ ਉਹ ਬੱਚਾ ਸੋਹਣੇ ਗੁਣਾਂ ਦਾ ਮਾਲਿਕ ਹੋਵੇਗਾ।

‘‘ਸ਼ਬਦ’’ ਦੀ ਗਹਿਰਾਈ ਬਹੁਤ ਡੂੰਘੀ ਹੈ ਇਸ ਨਾਲ ਅਸੀਂ ਇੱਥੇ ਕਿਸੇ ਦੇ ਮਨ ਵਿੱਚ ਉੱਤਰ ਸਕਦੇ ਹਾਂ ਅਤੇ ਕਿਸੇ ਦੇ ਮਨ ਤੋਂ ਉੱਤਰ ਵੀ ਸਕਦੇ ਹਾਂ।

ਅੱਜ ਰਿਸ਼ਤਿਆਂ ਵਿੱਚ ਬਹੁਤੇ ਲੜਾਈ-ਝਗੜੇ,  ਸਿਰਫ ਸਾਡੀ ਬੋਲਚਾਲ ਦੇ ਭੈੜੇ ਅਤੇ ਮੰਦੀ ਸ਼ਬਦਾਵਲੀ ਦੀ ਵਰਤੋਂ ਕਾਰਨ ਹੀ ਹਨ। ਸਾਡੀ ਸੋਚ ਅਤੇ ਵਿਚਾਰ ਹੀ ਸਾਨੂੰ ਦੱਸਣਗੇ ਕਿ ਅਸੀਂ ਕਿਹੋ ਜਿਹੇ ਸ਼ਬਦਾਂ ਦੀ ਵਰਤੋਂ ਕਰਨੀ ਹੈ, ਪਰ ਇਹ ਸੋਚ ਅਤੇ ਵਿਚਾਰ ਸੋਹਣੇ ਹੋਣ ਇਸ ਵੱਲ ਸਾਨੂੰ ਖਾਸ ਧਿਆਨ ਦੇਣਾ ਪਵੇਗਾ। ਇਸ ਵਿੱਚ ਸਭ ਤੋਂ ਪਹਿਲੀ ਜ਼ਿੰਮੇਵਾਰੀ ਆਉਂਦੀ ਹੈ, ਸਾਡੇ ਮਾਂ ਪਿਉ ਦੀ ਜਿਨ੍ਹਾਂ ਨੇ ਬੱਚੇ ਦੇ ਮੂਲ ਸਿਧਾਂਤ ਨੂੰ ਬਣਾਉਣਾ ਹੁੰਦਾ ਹੈ, ਫਿਰ ਆਉਂਦੀ ਹੈ ਅਧਿਆਪਕ ਵਰਗ ਦੀ ਜਾਂ ਤੁਹਾਡੀ ਸੰਗਤੀ, ਉਸ ਤੋਂ ਬਾਅਦ ਬੰਦੇ ਦੀਆਂ ਆਪਣੀਆਂ ਰੁਚੀਆਂ ਅਤੇ ਸੋਚ ਬਣਦੀ ਹੈ। ਜਿਸ ਨਾਲ ਉਸ ਦਾ ਇੱਕ ਚਰਿੱਤਰ ਪੇਸ਼ ਹੁੰਦਾ ਹੈ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਚਰਿੱਤਰ ਸਾਫ਼ ਸੁਥਰਾ ਤੇ ਮਹਾਨ ਹੋਵੇ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਆਪਣੀ ਬੋਲਚਾਲ ਨੂੰ ਸੋਹਣੀ ਬਣਾਉਣਾ ਪਵੇਗਾ।

-ਕਿਰਨ ਕੌਰ
 

Read News Paper

Related articles

spot_img

Recent articles

spot_img