ਜਲੰਧਰ/ਪੰਜਾਬ ਪੋਸਟ
ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਪ੍ਰਕਿਰਿਆ ਮੁਕੰਮਲ ਹੋਣ ਦੇ ਬਾਵਜੂਦ ਪੰਜਾਬ ਅੰਦਰ ਪੰਚਾਇਤਾਂ ਅਤੇ ਨਗਰ ਨਿਗਮਾਂ ਦੀਆਂ ਚੋਣਾਂ ਆਗਾਮੀ ਵਿਧਾਨ ਸਭਾ ਜ਼ਿਮਨੀ ਚੋਣਾਂ ਕਾਰਨ ਟਲਣ ਦੀ ਸੰਭਾਵਨਾ ਬਣ ਗਈ ਹੈ। ਇਸ ਵੇਲੇ ਸੂਬੇ ਦੇ ਚਾਰ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਮਗਰੋਂ ਹੀ ਪੰਚਾਇਤ ਅਤੇ ਨਿਗਮ ਚੋਣਾਂ ਹੋਣ ਦੀ ਸੰਭਾਵਨਾ ਹੈ। ਚੋਣ ਕਮਿਸ਼ਨ ਵੱਲੋਂ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਉਪਰੰਤ ਹੁਣ ਬਰਨਾਲਾ, ਗਿੱਦੜਬਾਹਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਦੀ ਜ਼ਿਮਨੀ ਚੋਣ ਦਾ ਕਿਸੇ ਵੀ ਸਮੇਂ ਐਲਾਨ ਕੀਤਾ ਜਾ ਸਕਦਾ ਹੈ। ਚੋਣਾਂ ਦਾ ਐਲਾਨ ਹੁੰਦੇ ਸਾਰ ਹੀ ਪੰਜਾਬ ਸਰਕਾਰ ਨੇ ਇਨਾਂ ਚੋਣਾਂ ਵਿਚ ਰੁੱਝ ਜਾਣਾ ਹੈ ਜਿਸ ਕਰਕੇ ਪੰਚਾਇਤੀ ਅਤੇ ਨਿਗਮ ਚੋਣਾਂ ਬਾਅਦ ’ਚ ਹੋਣ ਦੀ ਸੰਭਾਵਨਾ ਹੈ। ਸਰਕਾਰੀ ਸੂਤਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਹਾਲ ਹੀ ਵਿੱਚ ਚੋਣ ਜ਼ਾਬਤੇ ’ਚੋਂ ਬਾਹਰ ਆਈ ਹੈ ਕਿਉਂਕਿ ਪਹਿਲਾਂ ਲੋਕ ਸਭਾ ਚੋਣਾਂ ਅਤੇ ਫਿਰ ਜਲੰਧਰ ਦੀ ਉੱਪ ਚੋਣ ਕਰਕੇ ਜ਼ਾਬਤਾ ਲੱਗਿਆ ਹੋਇਆ ਸੀ।
‘ਆਪ’ ਸਰਕਾਰ ਇਨਾਂ ਚੋਣਾਂ ਵਿੱਚ ਉਲਝੀ ਹੋਈ ਸੀ ਅਤੇ ਸਰਕਾਰ ਹੁਣ ਸਕੀਮਾਂ ਅਤੇ ਪ੍ਰਾਜੈਕਟਾਂ ’ਤੇ ਕੰਮ ਕਰਨ ਵਿੱਚ ਲੱਗ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਸਿਵਲ ਸਕੱਤਰੇਤ ਵਿੱਚ ਮੀਟਿੰਗਾਂ ਦਾ ਰੋਜ਼ਾਨਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਸਥਾਨਕ ਸਰਕਾਰਾਂ ਦੀਆਂ ਚੋਣਾਂ ਤੋਂ ਪਹਿਲਾਂ ਸਰਕਾਰ ਲੋਕ ਪੱਖੀ ਕੰਮਾਂ ਨੂੰ ਮੁਕੰਮਲ ਕਰਨਾ ਚਾਹੁੰਦੀ ਹੈ। ਚਰਚਾ ਹੈ ਕਿ ਹਰਿਆਣਾ ਦੀਆਂ ਸਤੰਬਰ-ਅਕਤੂਬਰ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਨਾਲ ਹੀ ਪੰਜਾਬ ਦੇ ਚਾਰ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਵੀ ਹੋ ਸਕਦੀਆਂ ਹਨ, ਹਾਲਾਂਕਿ ਇਸ ਦਾ ਪਹਿਲਾਂ ਵੀ ਐਲਾਨ ਕੀਤਾ ਜਾ ਸਕਦਾ ਹੈ। ਪੰਜਾਬ ਸਰਕਾਰ ਦੇ ਕਾਫ਼ੀ ਮੁੱਦੇ ਕੈਬਨਿਟ ਦੀ ਪ੍ਰਵਾਨਗੀ ਲਈ ਬਕਾਇਆ ਪਏ ਹਨ ਅਤੇ ਹੋਰ ਸਰਕਾਰੀ ਕੰਮਕਾਰ ਵੀ ਬਕਾਇਆ ਹੈ। ਅੰਮਿ੍ਰਤਸਰ, ਜਲੰਧਰ, ਲੁਧਿਆਣਾ ਅਤੇ ਪਟਿਆਲਾ ਨਗਰ ਨਿਗਮਾਂ ਦੀ ਮਿਆਦ ਪਿਛਲੇ ਸਾਲ ਦੇ ਸ਼ੁਰੂ ਵਿੱਚ ਖ਼ਤਮ ਹੋ ਗਈ ਸੀ। ਇਸੇ ਤਰਾਂ ਸ਼ੋ੍ਰਮਣੀ ਕਮੇਟੀ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਚੋਣਾਂ ਵੀ ਹਾਲੇ ਹੋਰ ਟਲਦੀਆਂ ਵਿਖਾਈ ਦੇ ਰਹੀਆਂ ਹਨ।
ਪੰਚਾਇਤਾਂ ਅਤੇ ਨਗਰ ਨਿਗਮਾਂ ਦੀਆਂ ਚੋਣਾਂ ਹਾਲੇ ਹੋਰ ਲਟਕਣ ਦੀ ਸੰਭਾਵਨਾ ਬਣੀ

Published: