-5.8 C
New York

ਬੂਟੀ ਦੀ ਚਾਦਰ

Published:

Rate this post

ਹਿੰਦ-ਪਾਕਿ ਜੰਗ ਵੇਲੇ ਬੂਟੀ ਦਾ ਨਨਕਾਣਾ ਛੱਡਣ ਨੂੰ ਜੀ ਨਹੀਂ ਸੀ ਕਰਦਾ, ਸੰਘਣੇ ਬੇਲੇ ਵਿੱਚ ਜਾ ਲੁਕਿਆ। ਵਿਆਹ ਹੋਇਆ ਨਹੀਂ ਸੀ। ਮਿਹਣੇ-ਤਾਹਨਿਆਂ ਤੋਂ ਡਰਦੇ ਬੂਟੀ ਨੇ ਚੜ੍ਹਦੀ ਉਮਰੇ ਹੀ ਚੱਕ-ਝੁਮਰਿਉਂ, ਨਨਕਾਣੇ ਜਾ ਕੇ ਪਹਿਲਾਂ ਕਿਰਾਏ ਤੇ ਵਾਹਿਆ ਅਤੇ ਫਿਰ ਆਪਣਾ ਟਾਂਗਾ ਬਣਾ ਲਿਆ ਸੀ। ਵੰਡ ਤੋਂ ਬਾਅਦ ਛੇਤੀ ਹੀ ਫੜ੍ਹਿਆ ਗਿਆ ਅਤੇ ਜਦੋਂ ਕੈਂਪ ਤੋਂ ਰਿਹਾਅ ਕੀਤਾ ਗਿਆ ਤਾਂ ਮਲੇਸ਼ੀਏ ਦੀ ਅੱਧੋ-ਰਾਣੀ ਜਹੀ ਇੱਕ ਬੂਟੀ ਦੀ ਚਾਦਰ ਹੀ ਕੋਲ ਬਚਿਆ-ਖੁਚਿਆ ਸਰਮਾਇਆ ਸੀ। ਧੁੱਪ ਵਿੱਚ ਭਿਉਂ ਕੇ ਉੱਤੇ ਲੈ ਲੈਣੀ ਅਤੇ ਰਾਤ ਨੂੰ ਥੱਲੇ ਵਿਛਾ ਕੇ ਸੌਂ ਜਾਣਾ। ਜੀਅ-ਭਿਆਣਾ ਘੁੰਮਦਾ-ਘੁਮਾਉਂਦਾ ਪਹੁੰਚ ਗਿਆ ਸ਼ਾਮ ਚੁਰਾਸੀ। ਕਿਹਾ ਜਾਂਦਾ ਸੀ ਕਿ ਅੰਗ੍ਰੇਜ਼ੀ ਸਾਮਰਾਜ ਸਮੇਂ ਸ਼ਾਮ ਚੁਰਾਸੀ ਬਾਬਤ ਪ੍ਰਚੱਲਤ ਸੀ ਕਿ ਸਿਰਨਾਵਾਂ ਕਰਦੇ ਸਮੇਂ ਪਿੰਡ ਈਵਿਨਿੰਗ ਏਟੀ-ਫੋਰ ’ਤੇ ਜ਼ਿਲ੍ਹਾ ਕਲੈਵਰ ਪੁਰ ਲਿਖ ਦੇਣ ਨਾਲ ਹੀ ਚਿੱਠੀ ਪੱਤਰ ਸਹੀ ਠਿਕਾਣੇ ਪਹੁੰਚ ਜਾਂਦਾ ਸੀ।

ਮਿਹਨਤ ਮਜ਼ਦੂਰੀ ਕੀਤੀ, ਚਾਰ ਪੈਸੇ ਹੋਏ ਤਾਂ ਟਾਂਗਾ ਖਰੀਦ ਲਿਆ। ਹੁਣ ਬੂਟੀ ਦੀ ਬੱਘੀ ਕੁਠਾਰ ਤੋਂ ਸ਼ਾਮ ਚੁਰਾਸੀ ਦੇ ਕਈ ਗੇੜੇ ਮਾਰ ਲੈਂਦੀ। ਵੈਲ-ਕੁਵੈਲ ਨਾ ਹੋਣ ਕਰਕੇ ਪੈਸੇ ਵਾਹਵਾ ਜੁੜ ਜਾਂਦੇ। ਬੂਟੀ ਨੇ ਜ਼ਮੀਨ ਖਰੀਦਣੀ ਸ਼ੁਰੂ ਕਰ ਦਿੱਤੀ। ਅਜੇ ਸੱਤ ਕੁ ਕਿੱਲੇ ਪੈਲੀ ਲਈ ਸੀ ਕਿ ਕਰੇਵਾ ਮਿਲ ਗਿਆ। ਘਰ ਵਾਲੀ ਸਮੇਤ ਪਲੇ-ਪਲੋਸੇ ਦੋ ਮੁੰਡੇ ਤੇ ਛੋਟੀ ਕੁੜੀ। ਜਿੱਥੇ ਕਦੇ ਬਨੇਰੇ ਉੱਤੇ ਕਾਂ ਨਹੀਂ ਸੀ ਬੋਲਿਆ ਹੁਣ ਉਸ ਘਰ ਵਿੱਚ ਕੁਰਬਲ ਕੁਰਬਲ ਹੋਣ ਲੱਗ ਪਈ। ਪਿਛਲੀਆਂ ਸਾਰੀਆਂ ਤੰਗੀਆ-ਤੁਰਸ਼ੀਆਂ ਭੁੱਲ ਭੁਲਾ ਗਈਆਂ। ਵਿਹੜੇ ’ਚ ਖੂਬ ਰੌਣਕ ਲੱਗੀ ਰਹਿੰਦੀ।

ਆਰ-ਪ੍ਰਵਾਰ ਨਾਲ ਬੂਟੀ ਦਾ ਘਰੇਲੂ ਖਰਚਾ ਤਾਂ ਭਾਵੇਂ ਕਾਫੀ ਵੱਧ ਗਿਆ ਸੀ ਪਰ ਜ਼ਮੀਨ ਖਰੀਦਣ ਦਾ ਚਸਕਾ ਉਵੇਂ ਬਰਕਰਾਰ ਰਿਹਾ। ਡੂਢ ਮੁਰੱਬੇ ਦਾ ਮਾਲਕ ਬੂਟੀ ਅੱਜ ਵੀ ਟਾਂਗਾ ਚਲਾਉਂਦਾ ਹੈ। ਬੱਚੇ ਭਾਵੇਂ ਕੁੱਝ ਪਏ ਪਹਿਨਣ-ਖਾਣ, ਘਰ ਵਾਲੀ ਜੋ ਮਰਜ਼ੀ ਪਾਵੇ/ਹੰਡਾਵੇ ਪਰ ਬੂਟੀ ਹਮੇਸ਼ਾ ਬੜੇ ਸ਼ੋਕ ਨਾਲ ਆਪਣੇ ਕੋਲ ਮਲੇਸ਼ੀਏ ਦੀ ਚਾਦਰ ਹੀ ਰੱਖਦਾ। ਬਰਸਾਤ ਦੇ ਮੌਸਮ ’ਚ ਸੁਵਾਰੀਆਂ ਦੇ ਬਚਾਅ ਲਈ ਵਰਤ ਲੈਣੀ ਉਂਜ ਆਪ ਬੁੱਕਲ ਮਾਰੀ ਰੱਖਣੀ।
ਆਮ ਲੋਕਾਂ ਨਾਲੋਂ ਘਰ ਦਾ ਗੁਜ਼ਾਰਾ ਵਧੀਆ ਚਲਦਾ ਸੀ, ਮੀਂਹ ਕਣੀ ਵਾਸਤੇ ਚਾਰ ਦਮੜੇ ਵੀ ਕੋਲ ਹੈ ਸਨ। ਪਰ ਵੇਖੋ ਵੇਖੀ ਬੂਟੀ ਨੇ ਵੀ ਊਹਾ ਚਾਦਰ ਕੱਛੇ ਮਾਰੀ ਤੇ ਆਖਰ ਤਿੰਨ ਕੁ ਸਾਲ ਧੱਕੇ-ਧੋਲੇ ਖਾ ਕੇ ਆ ਪਹੁੰਚਾ, ਕਨੇਡਾ। ਇੱਥੇ ਅਨਪੜ੍ਹ ਨੂੰ ਕੰਮ ਕਿੱਥੇ? ਬੜੇ ਤਰਲੇ ਮਾਰੇ, ਕਈ ਕਈ ਦਿਨ ਫਾਕੇ ਕੱਟੇ।

ਵਾਪਸ ਮੁੜ ਨੂੰ ਜੀਅ ਵੀ ਬਹੁਤ ਕਰੇ ਪਰ ਕੋਲ ਜ਼ਹਿਰ ਖਾਣ ਨੂੰ ਦਮੜੀ ਨਹੀਂ ਸੀ। ਕਰੇ ਤਾਂ ਕੀ ਕਰੇ? ਚਲੋ! ਆਖਰ ਸਬੱਬ ਬਣ ਹੀ ਗਿਆ। ਕੰਮ ਤਾਂ ਮਿਲਿਆ ਪਰ ਨਿੱਕੀਆਂ ਨਿੱਕੀਆਂ ਜ਼ਹਿਰੀ ਸੁਰਖ ਮਿਰਚਾ ਪੀਹਣ ਦਾ। ਮਰਦਾ ਕੀ ਨਾ ਕਰਦਾ। ਇੱਕ ਕਨੂੰਨੀ ਰੁਤਬਾ ਹਾਸਲ ਕਰਨ ਦੇ ਖਰਚੇ ਦੂਸਰਾ ਪਿੱਛੇ ਬਾਲ ਬੱਚਿਆਂ ਦਾ ਫਿਕਰ ਬਸ ਫਿਰ ਕੀ ਮਲੇਸ਼ੀਏ ਦੀ ਚਾਦਰ ਦਾ ਝੁੰਬ ਮਾਰ ਲੈਣਾ, ਠੀਕ ਹੁੰਦਾ ਚਲਿਆ ਗਿਆ। ਬੱਚੇ ਵੀ ਕਨੇਡਾ ਆ ਗਏ। ਇੱਕ ਅਮਰੀਕਾ ਵਿਆਹਿਆ ਗਿਆ ਬਾਕੀ ਵੱਡਾ ਕਾਕਾ ਤੇ ਲੜਕੀ ਕਨੇਡਾ ਵਿੱਚ ਹੀ।  ਗੱਲ ਕੀ ਸਾਰਿਆਂ ਨੂੰ ਥਾਹੋਂ-ਥਾਂਹੀਂ ਘਰਾਂ ਵਾਲੇ ਬਣਾ ਕੇ ਆਪ ਸੁੱਖ ਦਾ ਸਾਹ ਵੀ ਨਾ ਲਿਆ ਕਿ ਘਰਵਾਲੀ ਤੁਰ ਗਈ। ਅਜ਼ਾਦ ਤਬੀਅਤ ਦੇ ਮਾਲਕ ਲਾਪ੍ਰਵਾਹ ਮੁੰਡਿਆਂ ਨਾਲ ਕੁੜੱਤਣ ਜਹੀ ਰਹਿਣ ਕਰਕੇ, ਦਬ-ਘੁੱਟ ਕੇ ਥੋੜਾ ਜਿਹਾ ਸਮਾਂ ਲੜਕੀ ਨਾਲ ਕੱਟਿਆ ਪਰ ਬੇ-ਲੋੜੀਆਂ ਬੰਦਸ਼ਾਂ ਤੇ ਪਲ-ਪਲ ਦੀ ਨੁਕਤਾਚੀਨੀ ਤੋਂ ਅਵਾਜ਼ਾਰ ਹੋ ਕੇ ਬੂਟੀ ਅੰਤ ਵੱਖਰਾ ਹੀ ਰਹਿਣ ਲੱਗ ਪਿਆ।
ਇਕੱਲਾ ਤਾਂ ਰੱਬ ਕਰਕੇ ਰੁੱਖ ਵੀ ਨ ਹੋਵੇ ਬੂਟੀ ਤਾਂ ਫਿਰ ਵੀ ਇਨਸਾਨ ਸੀ। ਦਿਨਾਂ ਵਿੱਚ ਹੀ ਸਾਧ ਦੀ ਭੂਰੀ ਤੇ ਕਈ ਖਾਉ ਯਾਰ ਇਕੱਠੇ ਹੋਣ ਲੱਗ ਪਏ। ਲਾ ਲਿਆ ਚਾਟੇ, ਤੋਲੇ ਤੋਂ ਛਟਾਂਕੇ ਤੋਂ ਪਊਆ ਹਫਤੇ ਕੁ ਬਾਅਦ ਹੀ ਗੱਲ ਬੋਤਲ ਉੱਤੇ ਜਾ ਪਹੁੰਚੀ। ਅਮਰੀਕਾ ਵਾਲੇ ਪੁੱਤ ਨੂੰ ਸੂਹ ਲੱਗੀ ਤਾਂ ਆ ਪੁੱਜਿਆ ਕਈ ਪੇਟੀਆਂ ਨਸ਼ੇ ਦੀਆਂ ਲੈ ਕੇ। ਬੂਟੀ ਰਾਤ ਦਿਨ ਟੱਲੀ ਤੇ ਕਦੇ ਟੱਲ-ਮ-ਟੱਲੀ। ਮੌਕਾ ਤਾੜ ਕੇ ਸ਼ਟੱਲੀ ਅਮਰੀਕੀ ਕਾਕੇ ਨੇ ਦਸਤਖਤ ਕਰਾਏ-ਔਹ ਗਿਆ ਤੇ ਔਹ ਗਿਆ। ਬੂਟੀ ਦੇ ਹੋਸ਼ ਵਿੱਚ ਆਉਣ ਤੋਂ ਪਹਿਲਾਂ ਪਹਿਲਾਂ ਸਾਰੀ ਜ਼ਮੀਨ ਵੇਚ ਦਿੱਤੀ ਗਈ।

ਦੋਵੇਂ ਕਨੇਡੀਅਨ ਭੈਣ-ਭਰਾ ਸੜ੍ਹ ਬਲ ਗਏ। ਫਿਰ ਕੀ ਸੀ ਨਸ਼ੇ ਦੇ ਭੰਨੇ ਬੂਟੀ ਨੂੰ ਚੁੱਕ ਲਿਆਏ ’ਤੇ ਲੱਗੇ ਛਿੱਤਰ-ਪਰੇਡ ਕਰਨ। ਕਿਉਂ ਮਾਰਦੇ ਓ…..ਓਏ! ਆਖਰ ਮੈਂ ਤੁਹਾਡਾ ਪਿਉਂ ਆ…ਕੁੱਝ ਦੱਸੋ ਤਾਂ ਸਹੀ…। ਕੌਣ ਦੱਸੇ ਤੇ ਕੌਣ ਸੁਣੇ-ਸੁਣਾਏ…ਤੂੰ ਕੁੱਤਾ…ਬਦਮਾਸ਼…ਗਧਾ…ਪੱਕਾ ਹਰਾਮੀ..ਬੇਈਮਾਨ…ਪਾਗਲ..ਧੋਖੇਬਾਜ਼.. ‘ਨਾਲੇ ਗਾਲਾਂ ਕੱਢੀ ਜਾਣ ਤੇ ਨਾਲ ਫੈਂਟੀ ਚਾੜ੍ਹੀ ਜਾਣ। ਕੁਦਰਤ ਦਾ ਭਾਣਾ ਕਿ ਕੁੱਟਦਿਆਂ ਕੁੱਟਦਿਆਂ ਅਚਨਚੇਤ ਸੋਟੀ ਤਾਰਾਂ ’ਚ ਫਸ ਗਈ। ਸਰਕਟ ਸ਼ਾਟ ਹੋਣ ਕਰਕੇ ਧੂੰਆਂ ਹੀ ਧੂੰਆਂ ਹੋ ਗਿਆ ਤੇ ਭੁੱਲ ਗਿਆ ਬੂਟੀ, ਵਾਹੋ-ਦਾਹੀ ਸਾਰੇ ਬਾਹਰ ਨੂੰ ਭੱਜ ਪਏ। ਹਫੜਾ ਦਫੜੀ ਵਿੱਚ ਬੂਟੀ ਵੀ ਤਿੱਤਰ ਹੋ ਗਿਆ।
ਮੈਂ ਸਕਿਊਰਿਟੀ ਡਿਊਟੀ ਤੇ ਸਾਂ ਕਿ ਰਾਤ ਦੇ ਦੂਸਰੇ ਪਹਿਰ ਪੁਲਿਸ ਹੈਲੀਕੌਪਟਰ ਦੀਆਂ ਧਰਤੀ ਉੱਪਰ ਪੈਂਦੀਆਂ ਸਰਚ-ਲਾਈਟਾਂ ਕਾਰਨ ਖਤਰਾ ਭਾਂਪਦਿਆਂ ਗਸ਼ਤ ਤੇਜ਼ ਕਰ ਦਿੱਤੀ। ਘੰਟੇ ਕੁ ਬਾਅਦ ਹੈਲੀਕੌਪਟਰ ਤਾਂ ਚਲਾ ਗਿਆ ਪਰ ਚੌਕਸੀ ਪੂਰੀ ਵਰਤਦਾ ਰਿਹਾ। ਅੱਧੀ ਰਾਤ ਦੇ ਆਰ-ਪਾਰ ਇੱਕ ਜਗ੍ਹਾ ਸਰਕ-ਸਰਕ ਜਿਹੀ ਮਹਿਸੂਸ ਹੋਈ। ਵੇਖਿਆ ਕਿ ਦੇਸੀ ਚਾਦਰ ਦਾ ਝੁੰਬਲ ਮਾਰੀ ਕੰਧ ਦੇ ਓਹਲੇ ਇੱਕ ਪੰਜਾਬੀ ਬਿਰਧ ਕੰਬੀ ਜਾ ਰਿਹਾ ਸੀ। ਨਾਲ ਲਿਆਂਦਾ, ਗਰਮ ਗਰਮ ਚਾਹ ਪਿਆਈ। ਕਾਂਬਾ ਘਟ ਗਿਆ ਤਾਂ ਹੋਈ ਬੀਤੀ ਸੁਣਾਉਂਦਿਆਂ ਅੰਤ ਵਿੱਚ ਕਹਿਣ ਲੱਗਾ, ‘ਜੇ ਅੱਜ ਇਹ ਮਲੇਸ਼ੀਏ ਦੀ ਚਾਦਰ ਨਾ ਹੁੰਦੀ ਤਾਂ ਮੇਰਾ ਸਿਰ ਖੱਖੜੀ ਵਾਂਗ ਪਾੜ ਸੁੱਟਣਾ ਸੀ।’
ਧੋ ਕੇ ਦੇਣ ਦਾ ਵਾਹਦੇ ਨਾਲ ਮੈਲੀ-ਕੁਚੈਲੀ ਮਲੇਸ਼ੀਏ ਦੀ ਚਾਦਰ ਰੱਖ ਲਈ ਤੇ ਆਪਣੀ ਜੈਕਟ ਪੁਵਾ ਕੇ ਕਿਹਾ, ‘ਇੱਥੇ ਡਿਉਟੀ ਤੇ ਹੁੰਨਾ, ਜਦੋਂ ਮਰਜ਼ੀ ਲੈ ਜਾਵੀਂ, ਬਾਬਾ! ਜੀ ਸੁੱਟਿਓ ਨਾ!’ ਕਹਿ ਕੇ ਓਹ ਕਿਧਰੇ ਹਨੇਰੀ ’ਚ ਗੁੰਮ ਹੋ ਗਿਆ ਸੀ।

ਅਗਲੇ ਦਿਨ ਹੀ ਘਰ ਨੂੰ ਅੱਗ ਲਾਉਣ ਦੇ ਦੋਸ਼ ਵਿੱਚ ਬੂਟੀ ਚਾਰਜ਼ ਕਰ ਲਿਆ ਗਿਆ। ਅਸਲੀਅਤ ਤੋਂ ਨਾ ਵਾਕਫ ਬੂਟੀ ਦੇ ਸਭ ਖਾਊ-ਮਿੱਤਰ ਖਿੰਡ-ਪੁੰਡ ਗਏ। ਮਿਲਣ ਵੀ ਤਾਂ ਮੂੰਹ ਦੂਸਰੇ ਪਾਸੇ ਕਰ ਕੇ ਲੰਘ ਜਾਣ। ਸਿਰ ਉੱਤੇ ਹੌਕਿਆਂ-ਹਾਵਿਆਂ, ਗਿਲੇ-ਸ਼ਿਕਵਿਆਂ ਦੀ ਪੰਡ ਚੁੱਕੀ, ਰੋਟੀ ਤੋਂ ਆਤੁਰ ਹੈਰਾਨ ਪ੍ਰੇਸ਼ਾਨ ਬੂਟੀ ਥਾਂ-ਥਾਂ ਤੇ ਟੱਕਰਾਂ ਮਾਰਦਾ ਫਿਰੇ। ਜਿਨ੍ਹਾਂ ਦੀ ਖਾਤਰ ਏਨੇ ਜਫਲ ਜਾਲੇ, ਦੁੱਖ ਝੱਲੇ, ਫਾਕੇ ਕੱਟੇ ਪੁੱਤਰ ਧੀਆਂ। ਹਾਏ ਓਏ ਮੇਰਿਆ ਰੱਬਾ। ਮੇਰਾ ਕੋਈ ਵੀ ਨਹੀਂ। ਬਸ ਹੁਣ ਜਿਉਣ ਦੀ ਕੋਸ਼ਿਸ਼ ਤਮੰਨਾ ਨਹੀਂ ਜੇ ਚੰਗਾ ਕਰੇਂ ਤਾਂ ਚੁੱਕ ਲੈ..ਸੋਚਦਿਆਂ-ਸੋਚਦਿਆਂ ਇੱਕ ਦਿਨ ਸੜਕ ਪਾਰ ਕਰਨ ਲੱਗਾ ਕਾਰ ਦੀ ਲਪੇਟ ਵਿੱਚ ਆ ਗਿਆ।
ਲਾ-ਵਾਰਸ ਜਾਣ ਕੇ ਬੂਟੀ ਦਾ ਅੱਜ ਅੰਤਮ ਸੰਸਕਾਰ ਸੀ। ਕੰਨੋ ਕੰਨੀ ਖਬਰ ਮਿਲੀ ਤਾਂ ਬੂਟੀ ਮਲੇਸ਼ੀਏ ਦੀ ਚਾਦਰ ਫੱਟ ਯਾਦ ਆ ਗਈ। ਸ਼ਮਸ਼ਾਨ ਘਾਟ ਵਿੱਚ ਸਰਕਾਰੀ ਕਰਮਚਾਰੀਆਂ ਤੋਂ ਬਿਨਾਂ ਦੋ ਵਿਅਕਤੀ ਮੌਜੂਦ ਸਨ ਇੱਕ ਮੈਂ ਤੇ ਦੂਸਰਾ ਮੋਇਆ ਹੋਇਆ ਬੂਟੀ, ਅੱਧ ਮੀਟੀਆਂ ਅੱਖਾਂ, ਸੀਤੇ ਹੋਏ ਬੁੱਲ ਤੇ ਸੀਤ ਪੱਥਰ ਨੁਮਾ ਚਿਹਰਾ।

‘ਏਨਾ ਪਤਾ ਹੁੰਦਾ! ਕਫ਼ਨ ਤਾਂ ਲੈ ਆਉਂਦਾ, ਅੰਦਰੋਂ ਹੂਕ ਜਿਹੀ ਉੱਠੀ। ਨੇਤਰ ਝਰਨ ਝਰਨ ਵਿਜਣ ਲੱਗੇ। ਗਮਗੀਨ ਫਿਜ਼ਾ ’ਚੋਂ ਇੱਕ ਅਵਾਜ਼ ਆਈ, ਇੱਥੇ ਤਾਂ ਬੱਚਿਆਂ ਦੇ ਸਤਾਏ ਹੋਏ ਮੇਰੇ ਵਰਗੇ ਅਨਗਿਣਤ ਮਾਪੇ ਰੁਲਦੇ ਪਏ ਨੇ। ਕਿਸ ਕਿਸ ਨੂੰ ਰੋਏਂਗਾ? ਬਸ ਕਰ ਰੋਏ ਨਾ ਅਭੀ ਅਹਲੇ ਨਜ਼ਰ ਹਾਲ ਪੇ ਮੇਰੇ, ਹੋਨਾ ਹੈ ਅਭੀ  ਮੁਝ ਕੋ  ਖਰਾਬ ਔਰ ਜ਼ਿਆਦਾ।’ ਚਾਦਰ ਨੂੰ ਹੀ ਪਿਆ ਉਡੀਕਦਾ ਸਾਂ, ਧੰਨਵਾਦ! ਜਾਂਦਾ ਜਾਂਦਾ ਇੱਕ ਅਹਿਸਾਨ ਹੋਰ ਕਰ ਦੇਹ-‘ਜ਼ਰਾ ਬਟਨ ਵੀ ਦਬਾ ਜਾਵੀਂ।’

-ਤਰਲੋਕ ਸਿੰਘ ਹੁੰਦਲ (ਕੈਨੇਡਾ) 

Read News Paper

Related articles

spot_img

Recent articles

spot_img