ਜਿੱਥੇ ਅਮਰਜੀਤ ਹੋਵੇਗਾ ਓਥੇ ਹੀ ਕੋਈ ਸੁਪਨਾ ਜਨਮ ਲੈ ਰਿਹਾ ਹੋਵੇਗਾ, ਕੋਈ ਤਿੱਖੀ ਬਹਿਸ ਹੋ ਰਹੀ ਹੋਵੇਗੀ, ਕੋਈ ਦਿਨ ਡੀਜ਼ਾਈਨ ਹੋ ਰਿਹਾ ਹੋਵੇਗਾ, ਕੋਈ ਸਕੀਮ ਬਣ ਰਹੀ ਹੋਵੇਗੀ, ਕਿਸੇ ਸੈਮੀਨਾਰ ਦੀ, ਕੋਈ ਕਿਤਾਬ ਛਾਪਣ ਦੀ, ਪਹਾੜਾਂ ਤੇ ਜਾਣ ਦੀ, ਕੋਈ ਲਹਿਰ ਚਲਾਉਣ ਦੀ, ਕੋਈ ਪਰਚਾ ਕੱਢਣ ਦੀ, ਕੋਈ ਸੰਸਥਾ ਉਸਾਰਣ ਦੀ। ਉਹ ਆਉਂਦਾ ਹੈ ਤਾਂ ਖੜੋਤੀਆਂ ਘੜੀਆਂ ਚੱਲਣ ਲੱਗ ਪੈਂਦੀਆਂ ਹਨ, ਬਰਫ਼ ਪਿਘਲ ਕੇ ਵਗਣ ਲੱਗਦੀ ਹੈ, ਕਹਿਕਹੇ ਲੱਗਣ ਲੱਗਦੇ ਹਨ, ਤਸਮੇ ਬੱਝਣ ਲੱਗਦੇ ਹਨ, ਦੋਸਤਾਂ ਦਾ ਜਮੂਦ ਟੁੱਟਦਾ ਹੈ, ਬਲੈਕ ਐਂਡ ਵਾਈਟ ਦਿਨ ਬਹੁ ਰੰਗਾ ਹੋ ਜਾਂਦਾ ਹੈ।
ਪਰ ਜੇ ਤੁਸੀਂ ਆਪਣੇ ਵਿੱਤ ਵਿੱਚ ਰਹਿ ਕੇ ਕੋਈ ਛੋਟਾ ਜਿਹਾ, ਸਾਦਾ ਜਿਹਾ ਪ੍ਰੋਗਰਾਮ ਕਰਨਾ ਚਾਹੁੰਦੇ ਹੋ ਤਾਂ ਉਸ ਨਾਲ ਸੋਚ ਸਮਝ ਕੇ ਗੱਲ ਕਰਨੀ। ਉਹ ਉਸ ਪ੍ਰੋਗਰਾਮ ਵਿੱਚ ਹਵਾ ਭਰ ਕੇ ਉਸ ਨੂੰ ਏਨਾ ਫੈਲਾ ਦੇਵੇਗਾ ਕਿ ਜਾਂ ਤਾਂ ਉਹ ਬਹੁਤ ਸ਼ਾਨਦਾਰ ਹੋ ਜਾਵੇਗਾ ਜਾਂ ਤੁਹਾਡੇ ਵਿੱਤ ਤੋਂ ਬਾਹਰਾ ਹੋ ਕੇ ਫਟ ਜਾਵੇਗਾ।
ਤੁਸੀਂ ਉਸ ਨਾਲ ਕਵੀ ਦਰਬਾਰ ਕਰਵਾਉਣ ਦੀ ਗੱਲ ਕਰੋ ਤਾਂ ਉਹ ਕਵੀ ਦਰਬਾਰ ਪਹਿਲਾਂ ਭਾਰਤੀ ਕਵਿਤਾ ਉਤਸਵ, ਫਿਰ ਭਾਰਤੀ ਤੋਂ ਏਸ਼ੀਅਨ, ਫਿਰ ਏਸ਼ੀਅਨ ਤੇ ਵਿਸ਼ਵ ਕਵਿਤਾ ਉਤਸਵ ਹੋ ਜਾਵੇਗਾ। ਗੰੁਟਰ ਗ੍ਰਾਸ ਉਸ ਦਾ ਉਦਘਾਟਨ ਕਰ ਰਿਹਾ ਹੋਵੇਗਾ, ਸ਼ਿਮਬੋਰਸਕਾ ਪ੍ਰਧਾਨਗੀ ਤੇ ਸੀਤਾਕਾਂਤ ਮਹਾਪਾਤਰ ਸੁਆਗਤੀ ਭਾਸ਼ਨ ਦੇ ਰਿਹਾ ਹੋਵੇਗਾ। ਤੁਸੀਂ ਉਸ ਨੂੰ ਥੋੜ੍ਹਾ ਜਿਹਾ ਹੋਰ ਟਾਈਮ ਦੇਵੋ ਤਾਂ ਚਿਰਾਂ ਦੇ ਸਵਰਗਵਾਸੀ ਕਵੀ ਵੀ ਉਸ ਉਤਸਵ ਵਿੱਚ ਆਪਣੀਆਂ ਕਵਿਤਾਵਾਂ ਪੜ੍ਹ ਸਕਦੇ ਹਨ। ਕਿਉਂਕਿ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਸਪੇਸ ਵਿੱਚ ਅਜੇ ਕਿਤੇ ਨਾ ਕਿਤੇ ਉਨ੍ਹਾਂ ਦੇ ਬਿੰਬ ਤੇ ਆਵਾਜ਼ਾਂ ਕਿਸੇ ਨਾ ਕਿਸੇ ਮਾਧਿਅਮ ਵਿੱਚ ਪਈਆਂ ਹੋਣ। ਇਸ ਤੋਂ ਬਾਅਦ ਸਾਰੀ ਬਹਿਸ ਟਾਈਮ ਤੇ ਸਪੇਸ ਵੱਲ ਰਵਾਨਾ ਹੋ ਜਾਵੇਗੀ। ਪਰ ਇਸ ਸਾਰੇ ਮਹਾ ਖਿਲਾਰੇ ਵਿੱਚੋਂ ਇੱਕ ਸ਼ਾਨਦਾਰ ਦੋ ਰੋਜ਼ਾ ਪੰਜਾਬੀ ਕਵਿਤਾ ਉਤਸਵ ਤਾਂ ਨਿਕਲ ਹੀ ਆਵੇਗਾ।
ਸਰਕਾਰਾਂ, ਪਾਰਟੀਆਂ, ਕਵੀਆਂ, ਸਿਧਾਂਤਾਂ ਨੂੰ ਲੈ ਕੇ ਬੜੀਆਂ ਖ਼ੂੰਖ਼ਾਰ ਬਹਿਸਾਂ ਨੇ ਸਾਡੀਆਂ ਸ਼ਾਮਾਂ ਨੂੰ ਸਵੇਰਿਆਂ ਵਿੱਚ ਬਦਲਿਆ ਹੈ ਤੇ ਸਵੇਰਿਆਂ ਨੂੰ ਸ਼ਾਮਾਂ ਵਿੱਚ। ਉਸ ਨਾਲ ਕਿਸੇ ਬਹਿਸ ਵਿੱਚ ਪੈ ਕੇ ਹੀ ਤੁਸੀਂ ਉਸ ਦੀ ਸ਼ਖ਼ਸੀਅਤ ਨੂੰ ਪੂਰੀ ਤਰ੍ਹਾਂ ਜਾਣ ਸਕਦੇ ਹੋ। ਉਹ ਸੰਕਲਪਾਂ ਤੇ ਸਿਧਾਤਾਂ ਬਾਰੇ ਸਾਡੇ ਬਹੁਤ ਸਾਰੇ ਆਲੋਚਕਾਂ ਨਾਲੋਂ ਵਧੇਰੇ ਸਪੱਸ਼ਟ ਹੈ। ਨਵੀਨ ਗਿਆਨ-ਪ੍ਰਬੰਧਾਂ ਬਾਰੇ ਸਾਡੇ ਸਭ ਤੋਂ ਵੱਧ ਸੁਚੇਤ ਸਾਹਿਤ-ਚਿੰਤਕਾਂ ਵਿੱਚ ਉਸ ਦਾ ਨਾਮ ਸ਼ੁਮਾਰ ਹੁੰਦਾ ਹੈ। ਉਹ ਬਣੀਆਂ ਬਣਾਈਆਂ ਧਾਰਨਾਵਾਂ ਨੂੰ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਤੋੜਨ ਦੇ ਸਮਰੱਥ ਹੈ। ਚੀਜ਼ਾਂ, ਘਟਨਾਵਾਂ ਤੇ ਰਿਸ਼ਤਿਆਂ ਦੀ ਤਹਿ ਵਿੱਚ ਉਤਰਨ ਲਈ ਉਹ ਦੁਨੀਆਂ ਵਿੱਚ ਹੋ ਰਹੀਆਂ ਨਵੀਨਤਮ ਖੋਜਾਂ ਨਾਲ ਜੁੜਿਆਂ ਰਹਿੰਦਾ ਹੈ। ਉਸ ਨੂੰ ਮੈਂ ਕਦੀ ਕੋਈ ਨਾਵਲ ਪੜ੍ਹਦਿਆਂ ਨਹੀਂ ਦੇਖਿਆ, ਉਹ ਸਿਰਫ਼ ਚਿੰਤਨ ਦੀਆਂ ਕਿਤਾਬਾਂ ਖਰੀਦਦਾ ਤੇ ਪੜ੍ਹਦਾ ਹੈ। ਜੇ ਤੁਸੀਂ ਉਸ ਨਾਲ ਦਿੱਲੀ ਕਿਤਾਬਾਂ ਦੀ ਦੁਕਾਨ ਬੁੱਕ ਵਰਮ ਤੇ ਜਾਓ ਤਾਂ ਵਾਪਸੀ ਟਿਕਟਾਂ ਦੇ ਪੈਸੇ ਕਿਸੇ ਗੁਪਤ ਜੇਬ ਵਿੱਚ ਰੱਖੋ।
੧੯੭੬ ਵਿੱਚ ਜਦੋਂ ਉਹ ਅਜੇ ੨੨-੩੩ ਸਾਲਾ ਦਾ ਸੀ, ਉਸ ਨੇ ਮਰੀ ਕਵਿਤਾ: ਹੁਣ ਘਰਾਂ ਨੂੰ ਪਰਤਣਾ ਬਾਰੇ ਇੱਕ ਪੂਰੀ ਕਿਤਾਬ ਲਿਖ ਕੇ ਸਾਨੂੰ ਸਭ ਨੂੰ ਹੈਰਾਨ ਕਰ ਦਿੱਤਾ। ਕਿਸੇ ਕਵਿਤਾ ਨੂੰ ਏਨੇ ਕੋਣਾਂ ਤੋਂ ਵੀ ਦੇਖਿਆ ਜਾ ਸਕਦਾ ਹੈ ਸਾਨੂੰ ਪਹਿਲੀ ਵਾਰ ਪਤਾ ਲੱਗਾ। ਉਦੋਂ ਤੋਂ ਲੈ ਕੇ ਹੁਣ ਤੱਕ ਉਸ ਦੀ ਹੈਰਾਨ ਕਰਨ ਦੀ ਸਮਰੱਥਾ ਵਧਦੀ ਦੀ ਹੀ ਗਈ ਹੈ ਤੇ ਕਦੀ-ਕਦੀ ਚਾਹਿਆਂ ਅਣਚਾਹਿਆਂ ਇਸ ਹੈਰਾਨ ਨਾਲ ਪ੍ਰੇਸ਼ਾਨ ਵੀ ਜੁੜ ਜਾਂਦਾ ਹੈ।
ਅਮਰਜੀਤ ਦਾ ਨਾਮ ਦੋਸਤਾਂ ਨੇ ਬੇਚੈਨ ਸੁਪਨਸਾਜ਼ ਰੱਖਿਆ ਹੋਇਆ। ਉਂਜ ਤਾਂ ਅਸੀਂ ਸਾਰੇ ਹੀ ਸੁਪਨੇ ਲੈਦੇਂ ਹਾਂ ਪਰ ਅਮਰਜੀਤ ਦਾ ਤੇ ਸਾਡਾ ਇੱਕ ਫ਼ਰਕ ਇਹ ਹੈ ਕਿ ਉਹ ਬਹੁਤ ਵੱਡੇ ਸੁਪਨੇ ਲੈਂਦਾ ਹੈ। ਮਸਲਨ ਇੱਕ ਯਾਮ ਉਹਨੇ ਮੈਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੱਤਾ। ਪੰਜਾਬ ਦੇ ਸੰਕਟ ਦੇ ਦਿਨ ਸਨ, ਉਸ ਨੇ ਸਾਰੀ ਪੁਰਾਣੀ ਲੀਡਰਸ਼ਿਪ ਨੂੰ ਬਦਲਣ ਦਾ ਸੁਪਨਾ ਲਿਆ, ਇੱਕ ਨਵੀਂ ਪਾਰਟੀ ਬਣਾਉਣ ਦਾ। ਸਾਰੇ ਨੌਜਵਾਨਾਂ ਨੂੰ ਨਾਲ ਲੈਣ ਦਾ। ਸ਼ੁਕਰ ਹੈ ਦੂਜੀ ਸਵੇਰ ਉਹ ਕਿਸੇ ਹੋਰ ਸੁਪਨੇ ਨਾਲ ਲੈੱਸ ਸੀ ਨਹੀ ਤਾਂ ਸਾਡੇ ਸਾਰਿਆਂ ਦੀਆਂ ਜ਼ਮਾਨਤਾਂ ਜ਼ਬਤ ਹੰੁਦੀਆਂ। ਦੂਜਾ ਫਰਕ ਇਹ ਹੈ ਕਿ ਜਿਹੜਾ ਸੁਪਨਾ ਅਮਰਜੀਤ ਲੈ ਰਿਹਾ ਹੋਵੇ ਉਸਦੀ ਤਾਮੀਰ ਲਈ ਉਹ ਓਸੇ ਵੇਲੇ ਬੇਚੈਨ ਹੋ ਜਾਂਦਾ ਹੈ। ਆਪ ਹੀ ਨਹੀ ਸਾਨੂੰ ਸਾਰਿਆਂ ਨੂੰ ਬੇਚੈਨ ਕਰ ਦੇਂਦਾ ਹੈ। ਓਸੇ ਵੇਲੇ ਟੈਲੀਫੋਨ ਖੜਕਣੇ ਸ਼ੁਰੂ ਹੋ ਜਾਂਦੇ ਹਨ, ਪੈਡ ਡੀਜ਼ਾਈਨ ਹੋਣ ਲੱਗ ਪੈਂਦਾ ਹੈ। ਸ਼ਾਮੀਲ ਕੀਤੇ ਜਾਣ ਵਾਲਿਆਂ ਦੀਆਂ ਲਿਸਟਾਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਹਨ। ਬਾਕੀ ਸਾਰੀ ਦੁਨੀਆਂ ਦੇ ਸਾਰੇ ਕੰਮ ਫ਼ਜ਼ੂਲ ਹੋ ਜਾਂਦੇ ਹਨ। ਉਸ ਵੇਲੇ ਦੁਨੀਆਂ ਦਾ ਸਭ ਤੋਂ ਮਹੱਤਵਪੂਰਣ ਕੰਮ ਉਹ ਸੁਪਨਾ ਹੀ ਹੁੰਦਾ ਹੈ।
ਉਸਦੀ ਸੁਪਨਸਾਜ਼ੀ ਦਾ ਪ੍ਰਮੁੱਖ ਖੇਤਰ ਸ਼ਬਦਾਂ ਦੀ ਦੁਨੀਆਂ ਹੈ ਤੇ ਇਹ ਸ਼ਬਦ ਨਾਟਕਕਾਰੀ ਤੇ ਫ਼ਿਲਮਬਾਜ਼ੀ ਤੋਂ ਲੈ ਕੇ ਕਲਾ-ਆਲੋਚਨਾ, ਸੱਭਿਆਚਾਰਕ ਚਿੰਤਨ, ਸਮਕਾਲੀ ਰਾਜਨੀਤੀ, ਵਿਸ਼ਵੀਕਰਣ ਤੇ ਸਰਬਕਾਲੀ ਆਦਿ ਜੁਗਾਦੀ ਸਰੋਕਾਰਾਂ ਤੱਕ ਫੈਲੇ ਹੋਏ ਹਨ। ਅਸਲ ਵਿੱਚ ਅਮਰਜੀਤ ਹਮੇਸ਼ਾ ਕਿਸੇ ਏਹੋ ਜਿਹੀ ਥਾਂ ਦੀ ਤਲਾਸ਼ ਵਿੱਚ ਰਹਿੰਦਾ ਹੈ ਜਿੱਥੇ ਲੀਵਰ ਟਿਕਾ ਕੇ ਉਹ ਧਰਤੀ ਨੂੰ ਹਿਲਾ ਸਕੇ। ਅਕਸਰ ਉਸ ਨੂੰ ਉਹ ਥਾਂ ਲੱਭ ਹੀ ਪੈਂਦੀ ਹੈ ਤੇ ਅਕਸਰ ਉਹ ਧਰਤੀ ਹਿਲਾ ਦਿੰਦਾ ਹੈ।
ਨਾਟਕਕਾਰੀ ਉਸ ਦੀ ਰੂਹ ਵਿੱਚ ਹੈ। ਉਹ ਤੁਹਾਨੂੰ ਅਚਾਨਕ ਮਿਲੇਗਾ ਤੇ ਤੁਹਾਨੂੰ ਇਉਂ ਮਹਿਸੂਸ ਕਰਵਾ ਦਏਗਾ ਕਿ ਉਹ ਤੁਹਾਨੂੰ ਹੀ ਲੱਭ ਰਿਹਾ ਸੀ ਬੇਸ਼ੱਕ ਉਹ ਤੁਹਾਥੋਂ ਬਚਣ ਦੀ ਖ਼ਾਤਰ ਹੀ ਇਸ ਡਾਂਡੇਂ ਮੀਂਡੇ ਰਸਤੇ ਤੇ ਆ ਰਿਹਾ ਹੋਵੇ ਜਿਸ ਤੇ ਤੁਸੀਂ ਉਸ ਨੂੰ ਉਸ ਦੀ ਕੋਸ਼ਿਸ਼ ਦੇ ਬਾਵਜੂਦ ਮਿਲ ਪਏ। ਕੋਈ ਕੁੜੀ ਉਸ ਨੂੰ ਦੱਸੇ ਕਿ ਸੰਗੀਤ ਵਿੱਚ ਸੱਤ ਸੁਰਾਂ ਹੁੰਦੀਆਂ ਹਨ, ਉਹ ਉਸ ਨੂੰ ਖੁਸ਼ ਕਰਨ ਲਈ ਹੈਰਾਨ ਹੋਈ ਜਾਵੇਗਾ : ਅੱਛਾ? ਸੱਤ ਸੁਰਾਂ? ਹਾਰਮੋਨੀਅਮ ਤੇ ਤਾਂ ਕਈ ਸੁਰਾਂ ਹੰੁਦੀਆਂ। ਕੁੜੀ ਵਿਚਾਰੀ ਉਸ ਨੂੰ ਸਮਝਾਉਣ ਦੀ ਖਾਤਰ ਹੀ ਆਪਣਾ ਪੈਂਡਾ ਖੋਟਾ ਕਰ ਲਵੇਗੀ ਤੇ ਅਮਰਜੀਤ ਆਪਣਾ ਸਫ਼ਰ ਦਿਲਚਸਪ ਬਣਾ ਰਿਹਾ ਹੋਵੇਗਾ।
ਇੱਕ ਵਕਤ ਉਸ ਨੇ ਬੜੇ ਖ਼ੂਬਸੂਰਤ ਨਾਟਕ ਲਿਖੇ: ਦੋ ਘੜੀਆਂ ਦਾ ਨਾਟਕ, ਵਾਪਸੀ ਚੂਹਾ ਦੌੜ। ਉਸ ਨੇ ਨਾਟਕਾਂ ਦੀ ਦੁਨੀਆਂ ਵਿੱਚ ਆਪਣਾ ਸਿੱਕਾ ਮਨਵਾ ਲਿਆ। ਮੈਂ ਸਮਝਦਾਂ ਹਾਂ ਵਾਪਸੀ ਅਤੇ ਚੂਹੇ ਦੌੜ ਵਿਸ਼ਵ ਪੱਧਰ ਦੇ ਨਾਟਕ ਹਨ। ਭਾਰਤੀ ਸਾਹਿਤ ਅਕਾਦਮੀ ਤੋਂ ਪ੍ਰਕਾਸ਼ਿਤ ਹੋਣ ਵਾਲੇ ਤ੍ਰੈਮਾਸਿਕ ਸਮਕਾਲੀਨ ਭਾਰਤੀਯ ਸਾਹਿਤ ਉਸਦੇ ਨਾਟਕ ਚੂਹੇ ਦੌੜ ਦਾ ਹਿੰਦੀ ਅਨੁਵਾਦ ਪ੍ਰਕਸ਼ਿਤ ਕਰਦਿਆਂ ਉਸ ਦੇ ਸੰਪਾਦਕ ਮਸ਼ਹੂਰ ਹਿੰਦੀ ਕਹਾਣੀਕਾਰ ਸ਼ਾਨੀ ਨੇ ਉਸਨੂੰ ਇੱਕ ਸ੍ਰੇਸ਼ਟ ਨਾਟਕ ਤਸਲੀਮ ਕੀਤਾ। ਕਈ ਭਾਰਤੀ ਭਾਸ਼ਾਵਾਂ ਦੇ ਲੇਖਕਾਂ ਵੱਲੋਂ ਉਸ ਨੂੰ ਅਨੁਵਾਦ ਦੀ ਅਨੁਮਤੀ ਲਈ ਖ਼ਤ ਆਏ, ਪਰ ਉਨ੍ਹਾਂ ਖ਼ਤਾਂ ਦੇ ਜਵਾਬ ਦੇਣ ਤੋ ਪਹਿਲਾਂ ਹੀ ਅਮਰਜੀਤ ਲੀਵਰ ਉਠਾ ਕੇ ਧਰਤੀ ਹਿਲਾਉਣ ਲਈ ਕਿਸੇ ਹੋਰ ਥਾਂ ਦੀ ਤਲਾਸ਼ ਵਿੱਚ ਜਾ ਚੁੱਕਾ ਸੀ। ਅਸਲ ਗੱਲ ਇਹ ਹੈ ਕਿ ਅਕਸਰ ਉਸ ਦੇ ਮਨ ਵਿੱਚ ਘਟਨਾਵਾਂ ਬਿਆਨਣ ਜਾਂ ਉਹਨਾਂ ਦਾ ਵਿਸ਼ਲੇਸ਼ਣ ਕਰਨ ਦੀ ਥਾਂ ਘਟਨਾਵਾਂ ਸਿਰਜਣ ਦੀ ਵਲੇਲ ਉੱਠ ਪੈਂਦੀ ਹੈ।
ਅਮਰਜੀਤ ਉਸ ਥਾਂ ਹੋਣਾ ਚਾਹੰੁਦਾ ਜਿੱਥੇ ਘਟਨਾਵਾਂ ਬਣਦੀਆਂ ਹਨ, ਜਿੱਥੇ ਸੁਪਨੇ ਸਾਕਾਰ ਕਰਨ ਲਈ ਸ਼ਕਤੀ, ਪੈਸਾ ਤੇ ਫ਼ੈਸਲੇ ਲੈਣ ਦੀ ਤਾਕਤ ਹੁੰਦੀ ਹੈ। ਉਸ ਥਾਂ ਦੀ ਤਲਾਸ਼ ਕਰਦਾ-ਕਰਦਾ ਇੱਕ ਵਾਰ ਅਮਰਜੀਤ ਅਧਿਆਤਮਵਾਦੀ ਹੋ ਗਿਆ। ਉਸ ਨੂੰ ਲੱਗਿਆ ਕਿ ਉਹ ਥਾਂ ਤਾਂ ਆਪ ਪ੍ਰਮਾਤਮਾ ਹੀ ਹੈ। ਜੇ ਕਿਤੇ ਪ੍ਰਮਾਤਮਾ ਨਾਲ ਉਸ ਦੀ ਮੁਲਾਕਾਤ ਹੋ ਜਾਂਦੀ ਤਾਂ ਉਹ ਉਸ ਨੂੰ ਵੀ ਕਈ ਨਵੀਆਂ ਸਕੀਮਾਂ ਤੇ ਸੁਪਨੇ ਦੇ ਆਉਂਦਾ। ਉਨ੍ਹੀਂ ਦਿਨੀਂ ਅਮਰਜੀਤ ਨੇ ਕੰਦ ਮੂਲ ਆਪਣਾ ਆਹਾਰ ਬਣਾ ਲਿਆ। ਉਹ ਪੱਕਾ ਵੈਸ਼ਨੋ ਤੇ ਸੋਫ਼ੀ ਹੋ ਕੇ ਸਾਤਵਿਕ ਭੋਜਣ ਖਾਣ ਲੱਗਾ। ਉਸ ਦੇ ਬੋਲਾਂ ਵਿੱਚੋਂ, ਏਥੋਂ ਤੱਕ ਕਿ ਉਸਦੇ ਹਾਸੇ ਵਿੱਚੋ ਵੀ ਸਾਤਵਿਕਤਾ ਝਰਨ ਲੱਗੀ। ਅਸੀਂ ਇੱਕ ਬਿਲਕੁਲ ਨਵਾਂ ਅਮਰਜੀਤ ਦੇਖਿਆ। ਦੋਸਤ ਉਸ ਦੇ ਕੋਲ ਬੈਠੇ ਸ਼ਰਾਬ ਪੀਂਦੇ ਰਹਿੰਦੇ, ਨਿੰਦਿਆਂ ਕਰਦੇ ਰਹਿੰਦੇ, ਕੁਫ਼ਰ ਤੋਲਦੇ ਰਹਿੰਦੇ, ਅਮਰਜੀਤ ਨਿੰਮਾ ਨਿੰਮਾ ਮੁਸਕਰਾਉਂਦਾ ਰਹਿੰਦਾ। ਅਸੀਂ ਉਸ ਦਾ ਨਾਮ ਬ੍ਰਹਮ ਵਿਗਿਆਨੀ ਰੱਖ ਦਿੱਤਾ। ਅਸੀਂ ਉਸ ਨੂੰ ਦੂਰ ਦੈਵੀ ਪਹਾੜੀਆਂ ਪਿੱਛੇ ਲੋਪ ਹੁੰਦਾ ਦੇਖਣ ਲੱਗੇ। ਮੈਂ ਸਭ ਨੂੰ ਕਹਿੰਦਾ : ਸ਼ੁਭ ਦੇਖ, ਅਮਰਜੀਤ ਦਾ ਕਾਇਆ ਕਲਪ ਹੋ ਗਿਆ। ਸ਼ੁਭ ਕਹਿੰਦਾ: ਨਹੀਂ ਪਾਤਰ, ਇਹ ਆਪਣਾ ਓਹੀ ਅਮਰਜੀਤ ਹੈ। ਤੂੰ ਦੇਖ ਲਈਂ, ਇਹ ਇੱਕ ਦਿਨ ਮੁੜੂ।
ਇਵੇਂ ਹੋਇਆ: ਸਾਤਵਿਕ ਚਿਹਰੇ ਨੇ ਇੱਕ ਦਿਨ ਫਿਲਮ ਦੇਖਣ ਦੀ ਇੱਛਾ ਜ਼ਾਹਿਰ ਕੀਤੀ। ਦੋਸਤਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ: ਅਮਰਜੀਤ ਮੁੜ ਆਇਆ। ਅਮਰਜੀਤ ਮੁੜ ਆਇਆ। ਉਸ ਬਿਨ ਨਿੰਦਿਆ ਦਰਬਾਰਾਂ ਦਾ ਸੁਆਦ ਅੱਧਿਓਂ ਅੱਧਾ ਰਹਿ ਗਿਆ ਸੀ। ਕੋਈ ਕਹਿੰਦਾ ਸਾਡੇ ਵਿਸ਼ਵਾਮਿੱਤਰ ਦੀ ਸਮਾਧੀ ਕਿਸੇ ਮੇਨਿਕਾ ਨੇ ਭੰਗ ਕਰ ਦਿੱਤੀ। ਕੋਈ ਕਹਿੰਦਾ ਦੁਨੀਆ ਦੀਆਂ ਚੀਕਾਂ ਪੁਕਾਰਾਂ ਸੁਣ ਕੇ ਅਵਲੋਕਿਤੇਸ਼ਵਰ ਦਾ ਨਿਰਵਾਣ ਖੰਡਿਤ ਹੋ ਗਿਆ। ਅਮਰਜੀਤ ਸਾਤਵਿਕਤਾ ਦੇ ਸਫ਼ਰ ਤੋਂ ਮੁੜ ਆਇਆ। ਪਰ ਸਾਤਵਿਕਤਾ ਤੇ ਸਫ਼ਰ ਤੋਂ ਉਹ ਕੁਝ ਗੱਲਾਂ ਲੈ ਕੇ ਵੀ ਆਇਆ। ਉਸ ਨੇ ਮੀਟ ਖਾਣਾ ਹਮੇਸ਼ਾ ਲਈ ਤਿਆਗ ਦਿੱਤਾ। ਇਹ ਖਿਆਲ ਵੀ ਸ਼ਾਇਦ ਉਹ ਸਾਤਵਿਕਤਾ ਦੇ ਸਫ਼ਰ ਤੋਂ ਹੀ ਲੈ ਕੇ ਆਇਆ ਕਿ ਸਾਡੇ ਬੁੱਧੀਜੀਵੀ ਬਹੁਤ ਦੇਰ ਤੋਂ ਸਮਾਜ ਵਿੱਚ ਧਰਮ ਦੇ ਕਾਰਕ ਨੂੰ ਅਣਗੌਲਿਆਂ ਕਰਦੇ ਆਏ ਹਨ ਜਦ ਕੀ ਰਾਜਨੀਤੀ, ਸਮਾਜ ਅਤੇ ਸੱਭਿਆਚਾਰ ਵਿੱਚ ਧਰਮ ਦਾ ਬਹੁਤ ਨਿਰਣਾਕਾਰੀ ਰੋਲ ਹੈ। ਇਸ ਪ੍ਰਤੀ ਉਦਾਸੀਨ ਰਹਿ ਕੇ ਅਸੀਂ ਆਪਣੇ ਲੋਂਕਾਂ ਤੋਂ ਵੀ ਟੁੱਟ ਜਾਂਦੇ ਹਾਂ। ਅਜੋਕੇ ਸਮਾਜ ਵਿੱਚ ਰਹਿੰਦਿਆਂ ਜੇ ਅਸੀਂ ਗੁਰਬਾਣੀ ਦੀ ਪੁਨਰ ਵਿਆਖਿਆ ਨਹੀਂ ਕਰਦੇ ਤਾਂ ਅਸੀਂ ਬੁੱਧੀਜੀਵੀ ਦੇ ਤੌਰ ਤੇ ਆਪਣੇ ਜਹਾਨ ਦੇ ਇੱਕ ਬੇਹੱਦ ਅਹਿਮ ਪਹਿਲੂ ਪ੍ਰਤੀ ਬੇਮੁੱਖ ਰਹਿੰਦੇ ਹਾਂ।
ਗੁਰਦੁਆਰਾ ਗੁਰ ਗਿਆਨ ਪ੍ਰਕਾਸ਼, ਜਵੱਦੀ ਟਕਸਾਲੇ ਵਾਲੇ ਬਾਬਾ ਸੁੱਚਾ ਸਿੰਘ ਹੋਰਾਂ ਦੀ ਅਗਵਾਈ ਵਿੱਚ ਅਮਰਜੀਤ ਗਰੇਵਾਲ ਨੇ ਸਾਰੇ ਪੰਜਾਬੀ ਬੱੁਧੀਜੀਵੀਆਂ ਵਿਚ ਇਕ ਨਵੀਂ ਲਹਿਰ ਪੈਦਾ ਕਰ ਦਿੱਤੀ। ਵਿਸਮਾਦ ਨਾਦ ਨਾਮ ਦਾ ਬਹੁਤ ਵਧੀਆ ਰਸਾਲਾ ਸ਼ੁਰੂ ਹੋਇਆ। ਸ਼ਰਦ, ਮਨ ਅਤੇ ਦੇਹੀ ਬਾਰੇ ਅੰਤਰ ਰਾਸ਼ਟਰੀ ਪੱਧਰ ਦੇ ਸ਼ਾਨਦਾਰ ਸੈਮੀਨਾਰ ਹੋਏ। ਅਦੁੱਤੀ ਕੀਰਤਨ ਦਰਬਾਰ ਹੋਏ। ਰਾਗ-ਆਧਾਰਿਤ ਕੈਸਿਟਾਂ ਦੇ ਸੈੱਟ ਤਿਆਰ ਹੋਏ। ਬਾਬਾ ਸੁੱਚਾ ਸਿੰਘ ਹੋਰਾਂ ਦੀ ਛਤਰਛਾਇਆ ਤੇ ਅਮਰਜੀਤ ਦੇ ਸੁਪਨਿਆਂ ਤੇ ਯੋਜਨਾਵਾਂ ਸਦਕਾ ਪੁਨਰ ਜਾਗਿ੍ਰਤੀ ਜਿਹਾ ਕੁਝ ਵਾਪਰ ਰਿਹਾ ਸੀ। ਇੱਕ ਨਵੀਂ ਚੇਤਨਾ ਜਨਮ ਲੈ ਰਹੀ ਸੀ। ਸੰਗੀਤ, ਸੰਵਾਦ, ਸਰਬਸਾਂਝ ਤੇ ਚਿੰਤਨ ਨਾਲ ਜੂੜੀ ਮਹਾਨ ਸਿੱਖ ਪ੍ਰੰਪਰਾ ਭਾਰਤ ਦੇ ਸਾਰੇ ਬੁੱਧੀਜੀਵੀਆਂ ਲਈ ਜਗਿਆਸਾ ਤੇ ਪ੍ਰੇਰਣਾ ਦਾ ਸ੍ਰੋਤ ਬਣ ਰਹੀ ਸੀ ਕਿ ਅਚਾਨਕ ਵਿਸਮਾਦ ਨਾਦ ਵਿੱਚ ਛਪੇ ਅਮਰਜੀਤ ਦੇ ਇੱਕ ਲੇਖ ਨੂੰ ਲੈ ਕੇ ਬਹੁਤ ਵੱਡਾ ਵਿਵਾਦ ਛਿੜ ਪਿਆ। ਗੱਲ ਅਕਾਲ ਤਖ਼ਤ ਸਾਹਿਬ ਤੱਕ ਪਹੁੰਚ ਗਈ। ਉਸ ਵਿਵਾਦ ਵਿੱਚੋਂ ਬੜੀ ਤਪਿਸ਼, ਬੜਾ ਸੇਕ ਪੈਦਾ ਹੋਇਆ ਪਰ ਸਾਰੀਆਂ ਧਿਰਾਂ ਲਈ ਰੌਂਸ਼ਨੀ ਵੀ ਪੈਦਾ ਹੋਈ।
ਐੱਨ ਜ਼ੈਡ ਸੀ ਸੀ, ਵਿਸਮਾਦ ਨਾਦ, ਅੱਜ ਦੀ ਆਵਾਜ਼, ਪੰਜ ਦਰਿਆ, ਪੀ. ਟੀ. ਯੂ., ਅਮਰਜੀਤ ਕਿਤੇ ਵੀ ਰਿਹਾ ਉਸ ਦੀ ਮੌਜੂਦਗੀ ਹਮੇਸ਼ਾ ਜ਼ਰਖੇਜ਼ ਤੇ ਹੰਗਾਮਾਖੇਜ਼ ਰਹੀ। ਉਹ ਜੋ ਕੁਝ ਲਿਖਦਾ ਹੈ, ਉਸ ਨਾਲ ਸੋਚਾਂ ਵਿੱਚ ਹਲਚਲ ਪੈਦਾ ਹੁੰਦੀ ਹੈ, ਬਹਿਸ ਛਿੜਦੀ ਹੈ, ਸੰਵਾਦ ਤੁਰਦਾ ਹੈ, ਵਿਵਾਦ ਉੱਠਦਾ ਹੈ, ਨਵੇਂ ਖਿਆਲ ਪੈਦਾ ਹੁੰਦੇ ਹਨ, ਖੜੋਤੇ ਪਾਣੀਆਂ ਵਿੱਚ ਰਵਾਨੀ ਪੈਦਾ ਹੁੰਦੀ ਹੈ।
ਕਈ ਵਾਰ ਮੈ ਆਪਣੇ ਆਪ ਨੂੰ ਉਸਦੀ ਰਾਜਨੀਤੀ, ਉਸ ਦੇ ਵਿਚਾਰਾਂ, ਉਸ ਦੇ ਵਿਵਹਾਰ ਦੇ ਖ਼ਿਲਾਫ਼ ਖੜਾ ਮਹਿਸੂਸ ਕੀਤਾ ਹੈ। ਅਨੇਕ ਖ਼ੂੰਖਾਰ ਬਹਿਸਾਂ ਅਤੇ ਕੁੜੱਤਣਾਂ ਵਿੱਚੋਂ ਅਸੀਂ ਲੰਘੇ ਹਾਂ। ਅਨੇਮ ਵਾਰ ਦਿਲ ਹੀ ਦਿਲ ਵਿੱਚ ਇਹ ਵੀ ਫ਼ੈਸਲੇ ਹੋਏ ਕਿ ਹੁਣ ਮੁੜ ਕੇ ਨਹੀ ਬੋਲਣਾ। ਪਰ ਫਿਰ ਵੀ ਕੁਝ ਹੈ ਕਿ ਅਚਾਨਕ ਇੱਕ ਦਿਨ ਅਸੀਂ ਦੇਖਦੇ ਹਾਂ ਕਿ ਫਿਰ ਕੋਈ ਨਵਾਂ ਸੁਪਨਾ ਸਾਨੂੰ ਕਰੀਬ ਲੈ ਆਇਆ ਹੈ। ਅਸੀਂ ਸੋਚਦੇ ਹਾਂ ਏਨਾ ਚਿਰ ਅਸੀਂ ਕਿਉਂ ਵਿੱਛੜੇ ਰਹੇ? ਫਿਰ ਖੜ੍ਹੀਆਂ ਘੜੀਆਂ ਚੱਲਣ ਲੱਗਦੀਆਂ ਹਨ, ਬਰਫ਼ ਪਿਘਲਣ ਲਗਦੀ ਹੈ। ਕਹਿਕਹੇ ਲੱਗਣ ਲੱਗਦੇ ਹਨ। ਤਸਮੇ ਬੱਝਣ ਲੱਗਦੇ ਹਨ। ਦੋਸਤਾਂ ਤਿ ਜਮੂਦ ਟੁੱਟਦਾ ਹੈ। ਬਲੈਕ ਐਂਡ ਵਾਈਟ ਦਿਨ ਬਹੁਰੰਗਾ ਹੋ ਜਾਂਦਾ ਹੈ।
-ਸੁਰਜੀਤ ਪਾਤਰ