-1.3 C
New York

ਸੂਰਜ ਮੰਦਰ ਦੀਆਂ ਪੌੜੀਆਂ

Published:

Rate this post

ਮੈਂ ਕਰ ਕਰ ਜਤਨਾਂ ਹਾਰੀ,
ਰਾਮਾ, ਨਹੀਂ ਮੁੱਕਦੀ ਫੁਲਕਾਰੀ ।
ਲੈ ਕੇ ਅਜਬ ਸੁਗਾਤਾਂ,
ਸੈ ਰੁੱਤ ਮਹੀਨੇ ਆਏ,
ਕਰ ਉਮਰ ਦੀ ਪਰਦੱਖਣਾ
ਸਭ ਤੁਰ ਗਏ ਭਰੇ ਭਰਾਏ,
ਸਾਨੂੰ ਕੱਜਣ ਮੂਲ ਨਾ ਜੁੜਿਆ,
ਸਾਡੀ ਲੱਜਿਆ ਨੇ ਝਾਤ ਨਾ ਮਾਰੀ,
ਰਾਮਾ ਨਹੀਂ ਮੁੱਕਦੀ ਫੁਲਕਾਰੀ।

1964 ਵਿੱਚ ਰਣਧੀਰ ਕਾਲਜ ਕਪੂਰਥਲਾ ਪੜ੍ਹਦਿਆਂ ਜਦੋਂ ਇਹ ਸਰੋਦੀ ਸਤਰਾਂ ਪੜ੍ਹ ਕੇ ਲਰਜਾਇਆ ਸੀ ਤਾਂ ਸੋਚਿਆ ਨਹੀਂ ਸੀ ਕਿ ਕਦੀ ਇਹਨਾਂ ਸਤਰਾਂ ਦੇ ਸਿਰਜਕ ਦੇ ਏਨਾ ਕਰੀਬ ਬੈਠਾਂਗਾ, ਉੜੀਸਾ ਦੇ ਸੂਰਜ ਮੰਦਰ ਦੀਆਂ ਪੌੜੀਆਂ ਤੇ। ਪੌੜੀਆਂ ਮੈਨੂੰ ਹਮੇਸ਼ਾ ਬੜੀ ਕਾਵਿਕ ਜਿਹੀ ਚੀਜ਼ ਲੱਗਦੀਆਂ ਹਨ। ਕਦੀ ਸੋਚਿਆ ਸੀ ਕਿ ਪੌੜੀਆਂ ਬਾਰੇ ਇੱਕ ਕਵਿਤਾ ਲਿਖਾਂਗਾ ਜੋ ਕੁੱਝ ਇਸ ਤਰ੍ਹਾਂ ਹੋਵੇਗੀ ਕਿ ਪੌੜੀ ਦੇ ਇੱਕ ਪੌਡੇ ਤੇ ਇੱਕ ਫੁੱਲ ਪਿਆ ਸੀ, ਦੂਜੇ ਤੇ ਕੌਡੀਆਂ, ਤੀਜੇ ਤੇ ਵੰਗਾਂ, ਚੌਥੇ ਤੇ ਸੰਖ, ਪੰਜਵੇਂ ਤੇ ਮੋਤੀਆਂ ਦਾ ਹਾਰ, ਛੇਵੇਂ ਤੇ ਅਲਗੋਜ਼ੇ, ਸੱਤਵੇਂ ਤੇ ਕਲੀਰੇ..ਸੌਵੇਂ ਤੇ ਚੰਦਰਮਾ, ਇੱਕ ਸੌ ਇਕਵੇਂ ਤੇ ਸੂਰਜ, ਇੱਕ ਸੌ ਦੋਵੇਂ ਤੇ ਤਾਰੇ ਉਸ ਤੋਂ ਅੱਗੇ..ਉਸ ਦਿਨ ਯਾਨੀ 4 ਮਾਰਚ, 1991 ਨੂੰ ਮੈਨੂੰ ਜਾਪਿਆ ਸੀ ਉਸੇ ਅਣਲਿਖੀ ਕਵਿਤਾ ਵਾਲੀ ਪੌੜੀ ਤੇ ਬੈਠਾ ਹਾਂ, ਪੰਜਾਬੀ ਦੇ ਮਹਾਨ ਕਵੀ ਤੇ ਸਾਹਿਤ ਚਿੰਤਕ ਡਾ. ਹਰਿਭਜਨ ਸਿੰਘ ਨਾਲ।

ਸੂਰਜ ਮੰਦਰ ਦੀਆ ਪੌੜੀਆਂ ਤੇ ਬੈਠਾ ਹਰਿਭਜਨ ਸਿੰਘ ਇਉਂ ਗੱਲਾਂ ਕਰ ਰਿਹਾ ਸੀ ਜਿਵੇਂ ਕੋਈ ਨਿਪੁੰਨ ਬੁੱਤ-ਤਰਾਸ਼ ਹੋਵੇ। ਉਸ ਨੇ ਈਸ਼ਵਰ ਚਿੱਤਰਕਾਰ ਦੇ ਕਥਨ ਦੇ ਹਵਾਲੇ ਨਾਲ ਦੱਸਿਆ ਕਿ ਮੂਰਤੀਕਾਰ ਨੂੰ ਪੱਥਰ ਨਹੀਂ ਦਿਸਦਾ, ਮੂਰਤੀ ਦਿਸਦੀ ਹੈ, ਉਹ ਮੂਰਤੀ ਦੇ ਆਸਿਓਂ ਪਾਸਿਓਂ ਫਾਲਤੂ ਪੱਥਰ ਝਾੜ ਦੇਂਦਾ ਹੈ। ਕਵੀ ਲਈ ਵੀ ਬਹੁਤ ਜਰੂਰੀ ਹੈ ਕਿ ਉਸ ਦੀ ਕਵਿਤਾ ਵਿੱਚ ਕੋਈ ਫਾਲਤੂ ਲਫਜ਼ ਨਾ ਹੋਵੇ।

ਤੇਰ੍ਹਵੀਂ ਸਦੀ ਵਿੱਚ ਗੰਗਾ ਵੰਸ਼ ਦੇ ਨਰਸਿਮ੍ਹਾ ਦੇਵ ਨੇ ਬਣਵਾਇਆ ਸੀ ਇਹ ਸੂਰਜ ਮੰਦਰ। ਇਹ ਇੱਕ ਰੱਬ ਦੀ ਸ਼ਕਲ ਦੀ ਇਮਾਰਤ ਹੈ। ਸੌ ਫੁੱਟ ਚੌੜਾ ਤੇ ਸੌ ਫੁੱਟ ਹੀ ਲੰਮਾ। ਪੱਥਰ ਦਾ ਵਿਰਾਟ ਰੱਬ। ਪੱਥਰ ਦੇ ਪਹੀਏ। ਪੱਥਰ ਦੇ ਘੋੜੇ। ਪੱਥਰਾਂ ’ਚੋਂ ਤਰਾਸੇ ਨਗਨ ਜੋੜੇ। ਇਹ ਸਿਰਫ ਸੰਭੋਗ ਮੁਦਰਾਵਾਂ ਨਹੀਂ। ਇਹ ਸ਼ਿੰਗਾਰਮਈ ਨਿ੍ਰਤ ਹੈ। ਰਤੀ ਦੀ ਲੀਲਾ। ਕਈ ਭਾਰਤੀ ਹੁਣ ਇਹਨਾਂ ਦੀ ਨਗਨਤਾ ਤੋਂ ਸ਼ਰਮਸਾਰ ਹੁੰਦੇ ਹਨ। ਸਫਾਈ ਦੇਣ ਦੀ ਕੋਸ਼ਿਸ਼ ਕਰਦੇ ਹਨ ਕਿ ਇਹ ਸਿਰਫ ਪ੍ਰਤੀਕ ਹਨ। ਪਰ ਜੇ ਇਹ ਸਿਰਫ ਪ੍ਰਤੀਕ ਹੁੰਦੇ ਤਾਂ ਇਹਨਾਂ ਨੂੰ ਏਨੇ ਸੈਂਸੂਅਸ, ਏਨੇ ਗਦਰਾਏ ਤੇ ਪਸਮੇ ਬਣਾਉਣ ਦੀ ਲੋੜ ਨਹੀਂ ਸੀ। ਏਨੀਆਂ ਕੋਮਲ ਛੋਹਾਂ, ਏਨੀਆਂ ਦਿਲਕਸ਼ ਤੱਕਣੀਆਂ, ਏਨੀਆ ਜੀਵੰਤ ਅਦਾਵਾਂ। ਨਹੀਂ ਇਹ ਕੋਰੇ ਪ੍ਰਤੀਕ ਨਹੀਂ ਸਨ। ਇਹ ਜ਼ਿੰਦਗੀ ਦਾ ਜਸ਼ਨ ਹੈ। ਸੁੰਦਰਤਾ ਦਾ ਸੂਹਜਮਈ ਅਨੁਭਵ। ਪਾਵਨ ਨਗਨਤਾ। ਮੈਨੂੰ ਮਹਾਂਕਵੀ ਪੂਰਨ ਸਿੰਘ ਦੀ ਕਵਿਤਾ ‘ਗਾਰਗੀ’ ਯਾਦ ਆਉਂਦੀ ਹੈ:

ਕੰਵਲ ਨੰਗਾ, ਧੁੱਪ ਨੰਗੀ, ਜਲ ਨੰਗਾ,
ਮੈਂ ਨੰਗੀ, ਅਕਾਸ਼ ਨੰਗਾ,
ਇਹ ਰੂਹਾਂ ਦਾ ਦੇਸ਼ ਹੈ,
ਏਥੇ ਨੰਗਾ ਹੋਣਾ ਹੀ ਸੋਭਦਾ
ਡਾ. ਹਰਿਭਜਨ ਸਿੰਘ ਆਪ ਮੁਹਾਰੇ ਆਪਣੀ ਇੱਹ ਖੂਬਸੂਰਤ ਕਵਿਤਾ ਦੀਆ ਤੁਕਾਂ ਅਦਾ ਕਰਨ ਲੱਗ ਪਏ, ਜਿਸ ਕਵਿਤਾ ਵਿੱਚ ਰਤੀ-ਸੰਜੋਗ ਦਾ ਬਿਆਨ ਹੈ:
ਵੇ ਪਹਿਲੀ ਪਿਆਸ ਵਾਲੇ ਸੋਹਣਿਆਂ,
ਆ ਡੀਕ ਲੈ ਮੈਨੂੰ,
ਮੇਰਾ ਜਲ ਨਿਰਮਲਾ ਹੈ
ਮੈਂ ਇਸ ਸੁੰਨਸਾਨ ਪਾਣੀ ਦੇ ਕਿਨਾਰੇ।
ਆ ਗਿਆ ਸਾਂ ਇਸ ਭਰੋਸੇ,
ਕਿ ਨੰਗੇ ਜਲ ’ਚ ਨੰਗੀ ਪਿਆਸ ਦਾ
ਇਸ਼ਨਾਨ ਹੋਵੇਗਾ।

ਮੇਰੀ ਕਵਿਤਾ ਦਾ ਮੂਲ ਆਧਾਰ ਬਿੰਬ ਹੈ। ਮੇਰਾ ਬਿੰਬ ਦਾ ਸੁਭਾਅ ਨਾਟਕੀ ਹੈ। ਕੌਣ, ਜਿਸ ਨੂੰ ਕਦੋਂ ਕਿਉਂ ਤੇ ਕਿਵੇਂ ਕਹਿ ਰਿਹਾ ਹੈ, ਇਹਨਾਂ ਦੇ ਸੰਜੋਗ ਨਾਲ ਹੀ ਮੇਰਾ ਬਿੰਬ ਵਜੂਦ ਧਾਰਦਾ ਹੈ।’
ਡਾ. ਹਰਿਭਜਨ ਸਿੰਘ ਜਦੋਂ ਮੰਚ ਤੇ ਕਵਿਤਾ ਉਚਾਰਦਾ ਹੈ ਤਾਂ ਕਿਤਾਬ ਦੇ ਫਰੇਮ ਵਿੱਚੋਂ ਬਾਹਰ ਆ ਰਿਹਾ ਕਿਸੇ ਕਾਵਿ-ਨਾਟ ਦਾ ਕਿਰਦਾਰ ਲੱਗਦਾ ਹੈ, ਹੱਥਾਂ ਦੀਆਂ ਮੁਦਰਾਵਾਂ ਆਵਾਜ਼ ਦਾ ਉਤਰਾਅ ਚੜ੍ਹਾਅ, ਖੁੱਲ੍ਹੀ ਚਿੱਟੀ ਦਾੜ੍ਹੀ।
ਡਾ. ਹਰਿਭਜਨ ਸਿੰਘ ਨੂੰ ਮੈਂ ਅਨੇਕਾਂ ਰੰਗ ਵਿੱਚ ਵੇਖਿਆ ਹੈ। ਅਨੇਕ ਰੁੱਤਾਂ ਵਿੱਚ। ਹਰ ਰੁੱਤ ਵਿੱਚ ਉਹ ਮੈਨੂੰ ਕਿਸੇ ਰਸ ਨਾਲ ਭਰਿਆ ਲੱਗਾ। ਕਦੀ ਅਦਭੁਤ, ਕਦੀ ਸ਼ਿੰਗਾਰ, ਕਦੀ ਰੌਦਰ। ਇੱਕ ਦੌਰ ਸੀ ਹਰਿਭਜਨ ਸਿੰਘ ਨੇ ਵੱਡੇ ਵੱਡੇ ਬੁੱਤਾਂ ਨੂੰ ਮਿਸਮਾਰ ਕਰਨ ਦੀ ਠਾਣ ਲਈ। ਪਰ ਉਸ ਦਿਨ ਸੂਰਜ ਮੰਦਰ ਦੀਆਂ ਪੌੜੀਆਂ ਤੇ ਉਹ ਸ਼ਾਂਤ ਤੇ ਅਦਭੁਤ ਰਸ ਨਾਲ ਭਰਪੂਰ ਸੀ। ਅਚਾਨਕ ਕਹਿਣ ਲੱਗਾ: ਮੋਹਣ ਸਿੰਘ ਦੀ ‘ਅੰਬੀ ਦਾ ਬੂਟਾ’ ਕਮਾਲ ਦੀ ਕਵਿਤਾ ਹੈ। ਪਤਨੀ ਦੇ ਪਿਆਰ ਦੀ ਏਨੀ ਸੁਹਣੀ ਕਵਿਤਾ ਕਿਤੇ ਨਹੀਂ ਮਿਲਦੀ। ਉਸ ਅੱਗੇ ਸਿਰ ਝੁਕਦਾ ਹੈ। ਇੱਕ ਸਮੇਂ ਮੇਰੀ ਆਲੋਚਨਾ ਨੇ ਸ਼ਾਇਦ ਮੋਹਨ ਸਿੰਘ ਨੂੰ ਪਰੇਸ਼ਾਨ ਵੀ ਕੀਤਾ। ਇੱਕ ਵਾਰੀ ਬੜੇ ਗੁਲਾਮ ਅਲੀ ਖਾਂ ਨੂੰ ਇਸ ਸ਼ਾਗਿਰਦ ਨੇ ਕਿਹਾ ਉਸਤਾਦ ਜੀ, ‘ਤੁਸੀਂ ਫਲਾਣੇ ਵੇਲੇ ਬੇਸੁਰੇ ਹੋ ਗਏ ਸੀ।’ ਉਸਤਾਦ ਨੇ ਕਿਹਾ; ‘ਬੇਟਾ, ਮਨ ਵਿੱਚ ਕੋਈ ਤਕਲੀਫ ਹੋਵੇਗੀ। ਅਸੀਂ ਆਪਣੇ ਮਨ ਦੀ ਕਿਸੇ ਤਕਲੀਫ ਕਾਰਨ ਕਦੀ ਕਦੀ ਬੇਸੁਰੇ ਹੋ ਜਾਂਦੇ ਹਾਂ।’
ਡਾ. ਹਰਿਭਜਨ ਸਿੰਘ, ਵਾਕਾਂ, ਵਿਚਾਰਾਂ, ਕਵਿਤਾਵਾਂ ਦਾ ਦਰਿਆ ਹੈ। ਆਪਣੀਆਂ ਬਹੁਤ ਸਾਰੀਆਂ ਕਵਿਤਾਵਾਂ ਤਾਂ ਉਸ ਨੂੰ ਯਾਦ ਹਨ ਹੀ, ਸੰਸਕਿ੍ਰਤ ਦੇ ਸ਼ਲੋਕ, ਪੰਜਾਬੀ ਦੇ ਦੋਹੇ, ਗੁਰਬਾਣੀ ਦੀਆਂ ਤੁਕਾਂ, ਉਰਦੂ ਦੇ ਸ਼ੇਅਰ ਵੀ ਉਸ ਦੀ ਸਿਮਰਤੀ ਵਿੱਚ ਤਰੰਗਾਂ ਵਾਂਗ ਉਮਲਦੇ ਰਹਿੰਦੇ ਹਨ। ਅਚਾਨਕ ਕਹਿਣ ਲੱਗੇ: ਸੁਰਜੀਤ, ਦੇਖ ਸਵੇਰ ਕਿੰਨੀ ਸੁਹਣੀ ਹੈ। ਤੈਨੂੰ ਇੱਕ ਉਰਦੂ ਸ਼ਾਇਰ ਦਾ ਸ਼ੇਅਰ ਸੁਣਾਉਂਦਾ ਹਾਂ। ਉਸ ਦਾ ਭਾਵ ਹੈ ਕਿ ਅਸੀਂ ਐਸੇ ਨਜ਼ਰ ਵਾਲੇ ਹਾਂ ਕਿ ਜੇ ਰਸੂਲ ਦੁਨੀਆਂ ਤੇ ਨਾ ਵੀ ਆਉਂਦਾ ਤਾਂ ਸਾਡੇ ਲਈ ਸਵੇਰ ਦਾ ਆਉਣਾ ਹੀ ਕਾਫੀ ਸੀ, ਸਾਨੂੰ ਰੱਬ ਦੀ ਹੋਂਦ ਦਾ ਅਹਿਸਾਸ ਕਰਵਾਉਣ ਲਈ। ਸ਼ਾਇਰ ਕਹਿੰਦਾ ਹੈ:

ਹਮ ਐਸੇ ਅਹਿਲੇ ਨਜ਼ਰ ਹੈਂ ਹਸੂਲੇ ਤੱਕ ਕੇ ਲੀਏ,
ਅਗਰ ਰਸੂਲ ਨ ਆਤੇ ਤੋ ਸੁਬਹ ਕਾਫੀ ਥੀ।
ਮੇਰਾ ਇੱਕ ਦੋਸਤ ਐ ਗੁਲਜ਼ਾਰ। ਉਸ ਦਾ ਭਰਾ ਮੈਨੂੰ ਬਰਮਿੰਘਮ ਮਿਲਿਆ। ਵਰ੍ਹਿਆ ਦੀ ਵਿੱਥ ਬਾਅਦ ਮਿਲਣ ਸਾਰ ਉਸ ਨੇ ਮੇਰੀ ਇੱਕ ਬਹੁਤ ਪੁਰਾਣੀ ਅਣਛਪੀ ਕਵਿਤਾ ਦੀਆਂ ਸਤਰਾਂ ਮੇਰੇ ਉੱਤੇ ਫੁੱਲਾਂ ਵਾਂਗ ਬਰਸਾ ਦਿੱਤੀਆ:
ਭੀਚ ਕੇ ਕਲੀਆਂ ਦੇ ਰੰਗ, ਮਲ ਕੇ ਤਾਰੇ ਆਸਮਾਨੀ
ਸਿਰਫ ਤੇਰੇ ਹੀ ਲਈ ਸਾਜੀ ਗਈ ਮੇਰੀ ਜਵਾਨੀ
ਗੈਰ ਦੀ ਨਜ਼ਰਾਂ ਤੋਂ ਪਰਦੇਸੀ ਹੈ ਪਰਛਾਵਾਂ ਵੀ ਮੇਰਾ
ਸਿਰਫ ਤੇਰੇ ਹੀ ਕੰਵਲ ਲਈ ਜਾਗਿਆ ਮੇਰਾ ਸਵੇਰਾ

ਉਹ ਕਵਿਤਾ ਦਾ ਪਾਰਖੂ ਜਾਂ ਆਲੋਚਕ ਨਹੀਂ। ਪਰ ਉਸ ਦੇ ਮੂੰਹੋਂ ਇਹ ਪੰਕਤੀਆਂ ਸੁਣ ਕੇ ਮੈਨੂੰ ਲੱਗਾ ਕੋਈ ਪਰਮ ਆਲੋਚਕ ਵੀ ਮੇਰਾ ਇਸ ਤਰ੍ਹਾਂ ਮੁਲੰਕਣ ਨਹੀਂ ਕਰ ਸਕਦਾ ਜਿਵੇਂ ਉਸ ਨੇ ਇਹਨਾਂ ਸਤਰਾਂ ਨੂੰ ਅਦਾ ਕਰਨ ਵਿੱਚ ਕਰ ਦਿੱਤਾ।

ਬੁੱਲ੍ਹੇ ਸ਼ਾਹ ਨੇ ਕਿਹਾ ਸੀ: ਅਬ ਹਮ ਗੁੰਮ ਹੂਏ, ਗੁੰਮ ਹੂਏ ਪ੍ਰੇਮ ਨਗਰ ਕੇ ਸ਼ਹਿਰ। ਬੁੱਲ੍ਹੇ ਸ਼ਾਹ ਵਾਂਗ ਇਸ਼ਕ ਹਕੀਕੀ ਦੇ ਸ਼ਹਿਰ ਵਿੱਚ ਗੁਆਚਣ ਦਾ ਅਨੁਭਵ ਤਾਂ ਮੈਨੂੰ ਨਹੀਂ, ਪਰ ਸ਼ਾਇਰੀ ਦੇ ਸ਼ਹਿਰ ਵਿੱਚ ਗੁਆਚਣ ਦਾ ਮੌਕਾ ਜਰੂਰ ਮਿਲਿਆ। ਮੈਂ ਅਨੇਕਾਂ ਕਵਿਤਾਵਾਂ ਲਿਖ ਲਿਖ ਕੇ ਗੁਆ ਦਿੱਤੀਆਂ। ਮੈਨੂੰ ਉਹਨਾਂ ਦੇ ਗੁਆਚਣ ਦਾ ਗਮ ਨਹੀਂ। ਜਦੋਂ ਨਵੇਂ ਰਸਤੇ ਬਣਾ ਕੇ ਕਿਸੇ ਅਜੀਬ ਸ਼ਹਿਰ ਪਹੁੰਚਣ ਦੀ ਸਮਰੱਥਾ ਹੈ ਤਾਂ ਪੁਰਾਣਿਆਂ ਰਾਹਾਂ ਦਾ ਕੀ ਗਮ? ਚੱਲ ਹੁਣ ਚਲੀਏ:

ਚੱਲ ਖੁਸ਼ਬੋਏ ਹੁਣ ਹੋਰ ਕਿਤੇ ਚੱਲੀਏ,
ਬਹੁਤ ਚਿਰ ਬੈਠ ਲਿਆ ਹੁਣ ਏਥੋਂ ਹੱਲੀਏ
ਥਾਵਾਂ ਵਾਲੇ ਥਾਂਓਂ ਥਾਈਂ ਏਥੇ ਬੈਠੇ ਰਹਿਣਗੇ
ਅਸੀਂ ਤਾਂ ਨਿਥਾਂਵੇਂ, ਐਵੇਂ ਥਾਵਾਂ ਕਾਹਨੂੰ ਮੱਲੀਏ

ਸੁਰਜੀਤ, ਇੱਕ ਮੇਰਾ ਯਾਰ ਏ ਸੁਲੱਖਣ ਸਿੰਘ। ਇੱਕ ਵਾਰ ਕਹਿਣ ਲੱਗਾ: ਹਰਿਭਜਨ, ਟੈਗੋਰ ਦੀ ਅਰਥੀ ਪਿੱਛੇ ਬੇਪਨਾਹ ਲੋਕਾਂ ਦਾ ਜਲੂਸ ਸੀ। ਮੇਰਾ ਜੀ ਕਰਦਾ ਏ ਮੈਂ ਤੇਰਾ ਇਹੋ ਜਿਹਾ ਜਲੂਸ ਦੇਖ ਕੇ ਮਰਾਂ। ਇਹ ਵੰਡ ਤੋਂ ਪਹਿਲਾਂ ਦੀ ਗੱਲ ਏ। ਮੈਂ ਕਿਹਾ; ਸੁਲੱਖਣਾ, ਮੇਰੇ ਲਈ ਤੇਰਾ ਇਉਂ ਸੋਚਣਾ ਹੀ ਕਾਫੀ ਏ। ਡਾਕਟਰ ਕਵੀਆਂ ਦੀ ਵਿਦਾ, ਆਪਣੀ ਵਿਦਾ ਬਾਰੇ ਸੋਚ ਰਿਹਾ ਸੀ ਸ਼ਾਇਦ, ਕਹਿ ਰਿਹਾ ਸੀ:

ਦੁਨੀਆਂ ਤੇ ਜੋ ਵੀ ਆਇਆ ਹੈ
ਦੁਨੀਆਂ ਤੋਂ ਕੀਕਣ ਜਾਵੇਗਾ,
ਕੁੱਝ ਮਿੱਟੀ ਵਿੱਚ, ਕੁੱਝ ਪੌਣਾਂ ਵਿੱਚ
ਕੁੱਝ ਜੋਤਾਂ ਵਿੱਚ ਸਮਾਵੇਗਾ

ਹਰਿਭਜਨ ਸਿੰਘ ਜਿਸ ਦਾ ਹਰੇਕ ਸਾਹ ਸਾਹਿਤ ਨੂੰ ਸਮਰਪਿਤ ਰਿਹਾ ਹੈ, ਜਿਸ ਦੀਆਂ ਅਨੇਕ ਤੁਕਾਂ ਨੇ ਪੰਜਾਬੀ ਚੇਤਨਾ ਨੂੰ ਸੱਜਰੀ ਥਰਥਰਾਹਟ ਦਿੱਤੀ, ਜਿਸ ਦੇ ਪ੍ਰਚੰਡ ਸਾਹਿਤਕ ਤਰਕ, ਸ਼ਿਲਪ ਤੇ ਸਾਧਨਾ ਵਿੱਚੋਂ ਅਨੇਕ ਚਮਤਕਾਰੀ ਵਾਕ ਉਪਜੇ, ਜਿਸਦੀ ਆਲੋਚਨਾ ਵੀ ਸਿਰਜਣਾਤਮਕ ਸਾਹਿਤ ਜਿਹੀ ਸੁੰਦਰ ਤੇ ਸੁਬਕ ਹੈ, ਜਿਸਦੀ ਆਵਾਜ਼ ਵਿੱਚ ਪੰਛੀਆਂ ਦੀ ਸਵੇਰੀ ਚੁਹਰ-ਚੁਹਰ ਹੈ, ਹਰ ਸਮਾਗਮ ਹਰ ਕਈ ਦਰਬਾਰ ਵਿੱਚ ਜਿਸ ਦੇ ਬੋਲਾਂ ਨੂੰ ਹੋਣ ਵਾਲੀ ਕਰਾਮਾਤ ਵਾਂਗ ਉਡੀਕਿਆ ਜਾਂਦਾ ਰਿਹਾ ਹੈ, ਉਸ ਦੀ ਪ੍ਰਤਿਭਾ, ਸ਼ਿਲਪ, ਇਕਾਗਰਤਾ ਤੇ ਯੋਗਦਾਨ ਨੂੰ ਸਲਾਮ।

ਉਸ ਦੀ ਇਹ ਕਵਿਤਾ ਦਾ ਭਾਗ ਹੈ ਮੇਰੇ ਬਚਪਨ ਵਿੱਚ ਬਚਪਨ ਨਹੀਂ ਸੀ। ਮੈਂ ਸੋਚਦਾ ਹਾਂ ਹਰਿਭਜਨ ਸਿੰਘ ਹੋਰਾਂ ਦੇ ਬਚਪਨ ਵਿੱਚ ਬਚਪਨ ਜਿਹੀ ਬੇਫਿਕਰੀ ਨਹੀਂ ਸੀ। ਨਾ ਹੀ ਉਹਨਾਂ ਦੀ ਜਵਾਨੀ ਵਿੱਚ ਬੇਮੁਹਾਰਾਪਨ ਸੀ। ਉਹਨਾਂ ਦੇ ਬੁਢਾਪੇ ਵਿੱਚ ਵੀ ਬੁਢਾਪਾ ਨਹੀਂ ਹੈ ਤੇ ਉਹਨਾਂ ਦੀ ਮੌਤ ਵਿੱਚ ਵੀ ਉਹਨਾਂ ਦੀ ਮੌਤ ਨਹੀਂ ਹੋਵੇਗੀ, ਪੰਜਾਬੀ ਆਪਣੇ ਇਸ ਸ਼ਬਦ-ਪੁਰਸ਼ ਨੂੰ ਯਾਦ ਰੱਖੇਗਾ, ਜੋ ਉਸ ਦੇ ਯਾਰ ਸੁਲੱਖਣ ਨੇ ਕਿਹਾ ਸੀ, ਲੋਚਿਆ ਸੀ, ਉਹ ਆਲੰਕਾਰਕ ਤੌਰ ਤੇ ਸੱਚਾ ਸਿੱਧਾ ਹੋਵੇਗਾ।

ਸੁਲੱਖਣ ਦਾ ਯਾਰ ਵਿਦਾ ਹੋ ਚੁੱਕਾ ਹੈ। ਪਤਾ ਨਹੀਂ ਸੁਲੱਖਣ ਨੇ ਆਪਣੇ ਯਾਰ ਦੀ ਵਿਦਾ ਦੇਖੀ ਕਿ ਨਹੀਂ। ਜੇ ਦੇਖਦਾ ਤਾਂ ਉਸ ਨੂੰ ਆਪਣੇ ਯਾਰ ਦੀ ਉਹ ਕਵਿਤਾ ਯਾਦ ਆਉਂਦੀ, ਜਿਸ ਵਿੱਚ ਵਿਦਾ ਹੋ ਰਹੇ ਕਵੀ ਨੂੰ ਲੋਕ ਵੀ ਯਾਦ ਆਏ ਪਰ ਬਹੁਤਾ ਆਪਣਾ ਗੀਤ ਹੀ ਯਾਦ ਆਇਆ:

ਮੈਂ ਜਾਂ ਤੁਰਾਂ ਮੇਰੇ ਗੀਤ ਨੂੰ ਕਹਿਣਾ,
ਹੌਲੀ ਹੌਲੀ ਗਾਏ
ਚਾਰ ਕਦਮ ਮੇਰੇ ਨਾਲ ਤੁਰੇ
ਤੇ ਫਿਰ ਭਾਂਵੇਂ ਮੁੜ ਜਾਏ
ਸਾਰੀ ਉਮਰ ਉਸ ਸਾਥ ਨਿਭਾਇਆ
ਓੜਕ ਵਾਰ ਨਿਭਾਏ…

ਡਾ. ਹਰਿਭਜਨ ਸਿੰਘ ਦੀ ਵਿਦਾ ਤੇ ਗਹਿਰਾਈਆਂ ਪਰਤਾਂ ਵਾਲੀ ਉਸਦੀ ਇਹ ਹੋਰ ਨਜ਼ਮ ਵੀ ਯਾਦ ਆਉਂਦੀ ਹੈ:

ਮਾਨਸ ਜਨਮ ਦੁਬਾਰਾ ਪਾਵਾਂ
ਏਸ ਹੀ ਦੇਸ਼ ਪੰਜਾਬ ’ਚ ਆਵਾਂ
ਵੱਢੀ ਟੁੱਕੀ ਧਰਤ ਤੇ, ਵੱਢੇ ਟੁੱਕੇ ਘਰ ਵਿੱਚ
ਵੱਢੀ ਟੁੱਕੀ ਜਾਤ ਦਾ ਮੈਂ ਅਖਵਾਵਾਂ
ਬਿਰਛ ਨਪੱਤਰੇ ਤੇ ਪੰਛੀ ਚੰਦਰਾ
ਉਹੀਓ ਗੀਤ ਵਿਗੋਚੇ ਦਾ ਗਾਵਾਂ
ਮੱਸਿਆ ਦਿਹਾੜੇ ਹਰ-ਸਰ ਜਾਵਾਂ
ਪੁੰਨਿਆ ਨੂੰ ਇਸ਼ਕ-ਝਨਾਂ ਵਿੱਚ ਨ੍ਹਾਂਵਾਂ।

-ਸੁਰਜੀਤ ਪਾਤਰ  

Read News Paper

Related articles

spot_img

Recent articles

spot_img