ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ
ਅਮਰੀਕਾ ’ਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਕਰੀਬ 1,100 ਭਾਰਤੀ ਨਾਗਰਿਕਾਂ ਨੂੰ ਬੀਤੀ 30 ਸਤੰਬਰ ਨੂੰ ਖਤਮ ਹੋਏ ਅਮਰੀਕੀ ਆਰਥਕ ਵਰ੍ਹੇ 2023-24 ਦੌਰਾਨ ਵਿਸ਼ੇਸ਼ ਅਤੇ ਵਪਾਰਕ ਉਡਾਣਾਂ ਰਾਹੀਂ ਭਾਰਤ ਭੇਜਿਆ ਗਿਆ ਹੈ। ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ (ਡੀ.ਐਚ.ਐਸ.) ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਨਸ਼ਰ ਕੀਤੀ ਹੈ। ਦਰਅਸਲ, ਅਮਰੀਕੀ ਆਰਥਕ ਵਰ੍ਹਾ 1 ਅਕਤੂਬਰ ਤੋਂ ਸ਼ੁਰੂ ਹੁੰਦਾ ਹੈ ਅਤੇ 30 ਸਤੰਬਰ ਨੂੰ ਖਤਮ ਹੁੰਦਾ ਹੈ। ਡੀ.ਐਚ.ਐਸ. ਦੇ ਸਰਹੱਦੀ ਅਤੇ ਇਮੀਗ੍ਰੇਸ਼ਨ ਨੀਤੀ ਦੇ ਸਹਾਇਕ ਸਕੱਤਰ ਰੌਇਸ ਮੁਰੇ ਨੇ 22 ਅਕਤੂਬਰ ਨੂੰ ਭਾਰਤੀ ਨਾਗਰਿਕਾਂ ਦੇ ਇਕ ਸਮੂਹ ਨੂੰ ਵਾਪਸ ਲਿਆਉਣ ਵਾਲੀ ਵਿਸ਼ੇਸ਼ ਉਡਾਣ ਬਾਰੇ ਕਿਹਾ ਹੈ ਕਿ ਜਹਾਜ਼ ਵਿਚ ਕੋਈ ਨਾਬਾਲਗ ਨਹੀਂ ਸੀ ਅਤੇ ਸਾਰੇ ਬਾਲਗ ਪੁਰਸ਼ ਅਤੇ ਔਰਤਾਂ ਸਨ ਜੋ ਵਾਪਸ ਭੇਜੇ ਗਏ। ਇਹ ਪ੍ਰੈਸ ਕਾਨਫਰੰਸ ਗੈਰ-ਕਾਨੂੰਨੀ ਇਮੀਗ੍ਰੇਸ਼ਨ ’ਤੇ ਭਾਰਤ ਸਰਕਾਰ ਨਾਲ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਦੇ ਸਹਿਯੋਗ ਸਬੰਧੀ ਕਰਵਾਈ ਗਈ। ਕੁੱਝ ਦਿਨ ਪਹਿਲਾਂ ਅਮਰੀਕੀ ਗ੍ਰਹਿ ਅਧਿਕਾਰੀਆਂ ਨੇ ਅਪਣੇ ਦੇਸ਼ ’ਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਭਾਰਤੀ ਨਾਗਰਿਕਾਂ ਦੇ ਇਕ ਸਮੂਹ ਨੂੰ ਵਾਪਸ ਭੇਜਣ ਦਾ ਐਲਾਨ ਕੀਤਾ ਸੀ।