ਨੈਸ਼ਵਿਲ/ਪੰਜਾਬ ਪੋਸਟ
ਅਮਰੀਕਾ ਦੇ ਟੈਨੇਸੀ ਵਿਖੇ ਇੱਕ ਹਥਿਆਰ ਪਲਾਂਟ ਵਿੱਚ ਹੋਏ ਇੱਕ ਵੱਡੇ ਧਮਾਕੇ ਤੋਂ ਬਾਅਦ ਘੱਟੋ-ਘੱਟ 19 ਲੋਕ ਲਾਪਤਾ ਹਨ ਅਤੇ ਇਸ ਧਮਾਕੇ ਕਾਰਨ ਕਈ ਇਮਾਰਤਾਂ ਢਹਿ ਗਈਆਂ ਅਤੇ ਕਈ-ਕਈ ਮੀਲ ਦੂਰ ਤੱਕ ਘਰ ਹਿੱਲ ਗਏ। ਸਥਾਨਕ ਸਮੇਂ ਅਨੁਸਾਰ ਸਵੇਰੇ 7:45 ਵਜੇ ਦੇ ਕਰੀਬ ਹੋਏ ਇਸ ਧਮਾਕੇ ਨੇ ਸਹੂਲਤ ਦੀ ਇੱਕ ਇਮਾਰਤ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਅਤੇ ਮੀਲ ਦੂਰ ਘਰ ਹਿਲਾ ਦਿੱਤੇ, ਜਿਸ ਨਾਲ ਬਚਾਅ ਕਰਮਚਾਰੀਆਂ ਨੂੰ ਸੈਕੰਡਰੀ ਧਮਾਕਿਆਂ ਦੇ ਡਰੋਂ ਆਪਣੀ ਦੂਰੀ ਬਣਾਈ ਰੱਖਣ ਲਈ ਮਜਬੂਰ ਹੋਣਾ ਪਿਆ। ਇਹ ਧਮਾਕਾ ਨੈਸ਼ਵਿਲ ਤੋਂ ਲਗਭਗ 60 ਮੀਲ ਦੱਖਣ-ਪੱਛਮ ਵਿੱਚ ਬਕਸਨੌਰਟ ਵਿੱਚ ਐਕਿਊਰੇਟ ਐਨਰਜੈਟਿਕ ਸਿਸਟਮ (ਏ.ਈ.ਐਸ) ਸਹੂਲਤ ਵਿੱਚ ਸਵੇਰ ਦੇ ਸਮੇਂ ਹੋਇਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਅਜੇ ਵੀ ਸਪੱਸ਼ਟ ਨਹੀਂ ਹੈ ਕਿ ਧਮਾਕੇ ਦਾ ਕਾਰਨ ਕੀ ਸੀ। ਘਟਨਾ ਸਥਾਨ ਤੋਂ ਪ੍ਰਾਪਤ ਵੀਡੀਓ ਵਿੱਚ ਮਲਬੇ ਨੂੰ ਖੇਤ ਵਿੱਚ ਸੜਦੇ ਹੋਏ ਵੇਖਿਆ ਜਾ ਸਕਦਾ ਹੈ ਅਤੇ ਧੂੰਆਂ ਵੀ ਹਵਾ ਵਿੱਚ ਉੱਠਦਾ ਵਿਖ ਰਿਹਾ ਸੀ। ਆਲੇ-ਦੁਆਲੇ ਖਿੰਡੇ ਹੋਏ ਮਲਬੇ ਦੀਆਂ ਤਸਵੀਰਾਂ ਪ੍ਰਸਾਰਿਤ ਕੀਤੀਆਂ ਗਈਆਂ ਹਨ, ਜਿਸ ਵਿੱਚ ਇੱਕ ਪਾਰਕਿੰਗ ਵਿੱਚ ਨੁਕਸਾਨੇ ਗਏ ਵਾਹਨ ਵੀ ਦਿਖਾਈ ਦਿੱਤੇ। ਨੈਸ਼ਵਿਲ ਦੇ ਇੱਕ ਸਥਾਨਕ ਨਿਊਜ਼ ਸਟੇਸ਼ਨ ਨੇ ਕਿਹਾ ਕਿ ਉਨਾਂ ਨੂੰ ਇਲਾਕੇ ਦੇ ਲੋਕਾਂ ਤੋਂ ਕਾਲਾਂ ਆਈਆਂ ਜਿਨ੍ਹਾਂ ਨੇ ਇੱਕ ਵੱਡਾ ਧਮਾਕਾ ਸੁਣਿਆ।






