ਰੂਹਾਨੀਅਤ ਦਾ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੁੱਚੀ ਦੁਨੀਆਂ ਦਾ ਉਹ ਪਾਵਨ ਅਸਥਾਨ ਹੈ, ਜਿੱਥੇ ਹਰੇਕ ਧਰਮ, ਹਰੇਕ ਵਿਚਾਰਧਾਰਾ, ਹਰੇਕ ਪਿੱਠਭੂਮੀ, ਦਾ ਬਾਸ਼ਿੰਦਾ ਸਤਿਕਾਰ ਸਹਿਤ ਸਿਰ ਝੁਕਾਉਂਦਾ ਹੈ। ਉਹ ਅਸਥਾਨ ਜਿਸ ਦੇ ਚਾਰੇ ਦੁਆਰ ਸਮੁੱਚੀ ਮਨੁੱਖਤਾ ਲਈ ਖੁੱਲੇ ਹਨ, ਜਿੱਥੇ ਦੁਨੀਆਂ ਦੇ ਕੋਨੇ-ਕੋਨੇ ਤੋਂ ਆਏ ਲੋਕੀਂ ਅਲੌਕਿਕ ਸਕੂਨ ਅਤੇ ਰੂਹਾਨੀਅਤ ਮਹਿਸੂਸ ਕਰਦੇ ਹਨ। ਸ੍ਰੀ ਹਰਿਮੰਦਰ ਸਾਹਿਬ ਦੇ ਜਲੌਅ ਤੋਂ ਸਮੁੱਚੀ ਦੁਨੀਆਂ ਰੌਸ਼ਨੀ ਪ੍ਰਾਪਤ ਕਰਦੀ ਹੈ, ਪਰ ਅਜਿਹੇ ਵਿੱਚ ਕਿਸੇ ਨਵੇਂ ਅਤੇ ਪਹਿਲੀ ਵਾਰ ਆਏ ਸ਼ਖਸ ਨੂੰ ਜੇਕਰ ਇਹ ਦੱਸਿਆ ਜਾਵੇ ਕਿ ਇਸ ਸਥਾਨ ਉੱਤੇ ਅੱਜ ਤੋਂ 40 ਸਾਲ ਪਹਿਲਾਂ ਇੱਕ ਵੱਡਾ ਫੌਜੀ ਹਮਲਾ ਹੋਇਆ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਢਹਿ ਢੇਰੀ ਹੋਈ ਤਾਂ ਸ਼ਾਇਦ ਉਸ ਲਈ ਯਕੀਨ ਕਰਨਾ ਮੁਸ਼ਕਿਲ ਹੋਵੇਗਾ, ਪਰ ਇਤਿਹਾਸ ਦੇ ਪੰਨਿਆਂ ’ਤੇ ਇਹ ਦੁਖਦਾਈ ਘਟਨਾਕਰਮ ਦਰਜ ਹੈ ਜਿਸ ਬਾਰੇ ਹਰੇਕ ਸਾਲ ਸਿੱਖ ਕੌਮ ਨੂੰ ਸਾਲ ਦੇ ਇਨਾਂ ਦਿਨਾਂ ਦੌਰਾਨ ਡੂੰਘੀ ਪੀੜ ਦਾ ਅਹਿਸਾਸ ਹੁੰਦਾ ਹੈ। ਉਹ ਦੁਖਦਾਈ ਘਟਨਾਕ੍ਰਮ ਜਿਸ ਨੂੰ ਸਾਕਾ ਨੀਲਾ ਤਾਰਾ ਜਾਂ ਫਿਰ ਜੂਨ 1984 ਦੇ ਫੌਜੀ ਹਮਲੇ ਵਜੋਂ ਜਾਣਿਆ ਜਾਂਦਾ ਹੈ।
ਦੁਨੀਆਂ ਉੱਤੇ ਹੁੰਦੀ ਹਰੇਕ ਛੋਟੀ ਤੋਂ ਛੋਟੀ ਹਿਲਜੱੁਲ ਅਤੇ ਹਰੇਕ ਵੱਡੇ ਤੋਂ ਵੱਡੇ ਘਟਨਾਕ੍ਰਮ ਦੇ ਪਿੱਛੇ ਕਈ ਕਾਰਨ ਹੁੰਦੇ ਹਨ, ਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉੱਤੇ ਹੋਏ ਫੌਜੀ ਹਮਲੇ ਸਬੰਧੀ ਜਿਸ ਵੀ ਪਹਿਲੂ ਤੋਂ ਗੱਲ ਕਰ ਲਈ ਜਾਵੇ ਹਰ ਇਨਸਾਫ ਪਸੰਦ ਅਤੇ ਮਨ ਵਿੱਚ ਸਤਿਕਾਰ ਰੱਖਣ ਵਾਲਾ ਸ਼ਖਸ ਇਸ ਕਾਰਵਾਈ ਦਾ ਦੁੱਖ ਹੀ ਮਹਿਸੂਸ ਕਰੇਗਾ। ਜੂਨ 1984 ਦੇ ਸਮੇਂ ਦੇਸ਼ ਦੇ ਹਲਾਤ ਪਲ ਪਲ ਬਦਲਦੇ ਵਿਖਾਈ ਦਿੰਦੇ ਸਨ ਅਤੇ ਲੋਕ ਸਭਾ ਚੋਣਾਂ ਦਾ ਸਮਾਂ ਵੀ ਨੇੜੇ ਆ ਰਿਹਾ ਸੀ। ਹਾਲਾਤ ਅਜਿਹੇ ਬਣਾ ਦਿੱਤੇ ਗਏ ਸਨ ਕਿ ਇੱਕ ਵੱਡੀ ਫੌਜੀ ਕਾਰਵਾਈ ਸ਼ੁਰੂ ਕਰਨ ਲਈ ਮਾਹੌਲ ਉਪਜਿਆ ਜਾ ਰਿਹਾ ਸੀ। ਦੇਸ਼ ਦੀ ਰੱਖਿਆ, ਏਕਤਾ ਅਤੇ ਅਖੰਡਤਾ ਦੇ ਵਿਸ਼ੇ ਵੀ ਚਰਚਾ ਵਿੱਚ ਆ ਰਹੇ ਸਨ ਅਤੇ ਇਹ ਸਭ ਓਹ ਸਮਾਂ ਸੀ ਜਦੋਂ ਸੋਸ਼ਲ ਮੀਡੀਆ ਨਹੀਂ ਸੀ ਆਇਆ ਅਤੇ ਸੰਚਾਰ ਦੇ ਸੀਮਤ ਸਾਧਨ ਸਨ ਅਤੇ ਬਹੁਤਿਆਂ ਉੱਤੇ ਸਰਕਾਰ ਦਾ ਕੁੰਡਾ ਵੀ ਹੋਇਆ ਕਰਦਾ ਸੀ।
ਖਬਰਾਂ ਸੈਂਸਰ ਹੋਣੀਆਂ ਆਮ ਗੱਲ ਸੀ ਅਤੇ ਜਾਣਕਾਰੀ ਓਹੀ ਅੱਗੇ ਤੁਰਦੀ ਸੀ ਜਿਸ ਨੂੰ ਤੋਰਿਆ ਜਾਣਾ ਹੁੰਦਾ ਸੀ। ਇਹੋ ਜਿਹੇ ਮਾਹੌਲ ਵਿੱਚ ਜਦੋਂ ਜੂਨ 1984 ਦੇ ਸਮੇਂ ਤੋਂ ਕੁੱਝ ਦਿਨ ਪਹਿਲਾਂ ਅੰਮਿ੍ਰਤਸਰ ਵੱਲ ਫੌਜ ਯੂਨਿਟਾਂ ਤੁਰੀਆਂ ਤਾਂ ਇਹ ਕਾਰਵਾਈ ਹੋਣ ਸਬੰਧੀ ਲੋਕਾਂ ਨੂੰ ਸ਼ੰਕਾ ਹੋਣਾ ਸ਼ੁਰੂ ਹੋ ਗਿਆ ਸੀ।
ਪਹਿਲੀ ਜੂਨ ਨੂੰ ਫੌਜੀ ਹਮਲੇ ਦੇ ਪਹਿਲੇ ਦਿਨ ਫੌਜ ਨੇ ਸਮੁੱਚੇ ਕੰਪਲੈਕਸ ਨੂੰ ਘੇਰ ਲਿਆ ਸੀ। 1 ਜੂਨ ਦੀ ਪੂਰੇ ਦਿਨ ਦੀ ਗੋਲੀਬਾਰੀ ਤੋਂ ਬਾਅਦ 2 ਜੂਨ ਨੂੰ ਗੋਲੀਬਾਰੀ ਨਹੀਂ ਕੀਤੀ ਗਈ। ਭਾਰਤੀ ਫੌਜ ਅਤੇ ਸੀ. ਆਰ. ਪੀ ਐੱਫ. ਨੇ ਇੱਕ ਤਰ੍ਹਾਂ ਨਾਲ ਪੂਰੇ ਪੰਜਾਬ ਦੀ ਘੇਰਾਬੰਦੀ ਕਰ ਲਈ ਸੀ। ਫੌਜ ਦੀਆਂ 7 ਡਿਵੀਜ਼ਨਾਂ ਪੰਜਾਬ ਦੇ ਪਿੰਡਾਂ ਵਿੱਚ ਤਾਇਨਾਤ ਕਰ ਦਿੱਤੀਆਂ ਗਈਆਂ ਸਨ। ਸਖ਼ਤ ਕਰਫਿਊ ਲਾ ਕੇ ਰੇਲ ਅਤੇ ਸੜਕੀ ਆਵਾਜਾਈ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਸੀ। ਅੰਮਿ੍ਰਤਸਰ ਸਮੇਤ ਪੂਰੇ ਪੰਜਾਬ ਦਾ ਦੇਸ਼ ਅਤੇ ਦੁਨੀਆ ਨਾਲੋਂ ਰਾਬਤਾ ਕੱਟ ਦਿੱਤਾ ਗਿਆ ਸੀ ਅਤੇ ਪ੍ਰੈੱਸ ’ਤੇ ਰੋਕ ਲਾ ਦਿੱਤੀ ਗਈ ਸੀ।
2 ਜੂਨ ਨੂੰ ਰਾਤ 8.30 ਵਜੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦੂਰਦਰਸ਼ਨ ਅਤੇ ਅਕਾਸ਼ਵਾਣੀ ’ਤੇ ਕਰੀਬ 40 ਮਿੰਟ ਦਾ ਭਾਸ਼ਣ ਦਿੱਤਾ, ਜਿਹੜਾ ਪ੍ਰਧਾਨ ਮੰਤਰੀ ਦੇ ਆਮ ਲਹਿਜ਼ੇ ਤੋਂ ਬਿਲਕੁਲ ਉਲਟ ਸੀ। ਇਸ ਭਾਸ਼ਣ ਵਿੱਚ ਇੰਦਰਾ ਗਾਂਧੀ ਦੇ ਆਖਰੀ ਬੋਲ ਸਨ, ‘ਖ਼ੂਨ ਨਾ ਵਹਾਓ, ਨਫ਼ਰਤ ਤਿਆਗੋ’।
3 ਜੂਨ 1984 ਨੂੰ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸੀ। ਇਸ ਕਰਕੇ ਵੱਡੀ ਗਿਣਤੀ ਵਿੱਚ ਸੰਗਤ ਪਹਿਲਾਂ ਹੀ ਮੱਥਾ ਟੇਕਣ ਲਈ ਸ਼੍ਰੀ ਦਰਬਾਰ ਸਾਹਿਬ ਵਿਖੇ ਪਹੁੰਚੀ ਹੋਈ ਸੀ। ਸ਼ਹੀਦੀ ਦਿਹਾੜੇ ਮੌਕੇ ਹੀ ਸਰਕਾਰ ਨੇ 36 ਘੰਟਿਆਂ ਦੇ ਕਰਫਿਊ ਦਾ ਫੁਰਮਾਨ ਸੁਣਾ ਦਿੱਤਾ ਸੀ ਤਾਂ ਕਿ ਕੋਈ ਅੰਦਰੋਂ ਬਾਹਰ ਅਤੇ ਬਾਹਰੋਂ ਅੰਦਰ ਆ ਜਾ ਨਾ ਸਕੇ। ਕਾਫੀ ਵੱਡੀ ਗਿਣਤੀ ਸੰਗਤ ਇੱਕ ਤਰੀਕੇ ਨਾਲ ਸ਼੍ਰੀ ਦਰਬਾਰ ਸਾਹਿਬ ਪਰਿਸਰ ਅੰਦਰ ਬੰਦ ਹੋ ਗਈ ਸੀ। ਤੜਕੇ ਪੌਣੇ 5 ਵਜੇ ਚਾਰੇ ਪਾਸਿਆਂ ਤੋਂ ਗੋਲੀਆਂ ਵਰ੍ਹਨੀਆਂ ਸ਼ੁਰੂ ਹੋ ਗਈਆਂ ਸਨ।
ਵੇਰਵੇ ਮਿਲਦੇ ਹਨ ਕਿ ਇੱਕ ਧਮਾਕਾ ਸ਼੍ਰੀ ਦਰਬਾਰ ਸਾਹਿਬ ਨੂੰ ਬਿਜਲੀ ਸਪਲਾਈ ਕਰਨ ਵਾਲੇ ਬਿਜਲੀ ਘਰ ’ਚ ਹੋਣ ਉਪਰੰਤ, ਸ਼੍ਰੀ ਦਰਬਾਰ ਸਾਹਿਬ ਅਤੇ ਆਸ ਪਾਸ ਦੇ ਇਲਾਕਿਆਂ ਦੀ ਬਿਜਲੀ ਵੀ ਬੰਦ ਹੋ ਗਈ। ਇਸ ਦਰਮਿਆਨ, ਇੱਕ ਪੂਰਾ ਦਿਨ ਦੋਵਾਂ ਪਾਸਿਆਂ ਤੋਂ ਗਹਿ ਗੱਚ ਲੜਾਈ ਹੋਈ। ਗੋਲੀਬਾਰੀ ਕਾਰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਹੈੱਡ ਰਾਗੀ ਭਾਈ ਅਵਤਾਰ ਸਿੰਘ ਪਾਰੋਵਾਲ, ਜਿਹੜੇ ਉਸ ਸਮੇਂ ਕੀਰਤਨ ਦੀ ਸੇਵਾ ਨਿਭਾ ਰਹੇ ਸਨ, ਗੋਲੀਆਂ ਲੱਗਣ ਕਾਰਨ ਥਾਂ ’ਤੇ ਹੀ ਸ਼ਹੀਦ ਹੋ ਗਏ ਸੀ।
ਇੱਕ ਗੋਲੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਵੀ ਲੱਗੀ ਜਿਸ ਦੇ ਦਰਸ਼ਨ ਸੰਗਤ ਨੂੰ ਹਰ ਵਰ੍ਹੇ ਇਨਾਂ ਦਿਨਾਂ ਦੌਰਾਨ ਕਰਵਾਏ ਜਾਂਦੇ ਹਨ। ਇਹ ਵੀ ਵੇਰਵੇ ਮਿਲਦੇ ਹਨ ਕਿ 6 ਜੂਨ ਦਿਨ ਢਲਦੇ ਤੱਕ ਵੱਡੇ ਖ਼ਜ਼ਾਨੇ ਨਾਲ ਭਰੀ ਹੋਈ ਸਿੱਖ ਰੈਫਰੈਂਸ ਲਾਇਬ੍ਰੇਰੀ ਸਹੀ ਸਲਾਮਤ ਸੀ, ਪਰ 7 ਜੂਨ ਤੜਕੇ ਇਹੀ ਲਾਇਬ੍ਰੇਰੀ ਭੇਤ ਭਰੇ ਹਾਲਾਤ ਵਿੱਚ ਸੜੀ ਹੋਈ ਮਿਲੀ, ਕਿਤਾਬਾਂ ਸਮੇਤ ਗੁਰੂ ਸਾਹਿਬਾਨਾਂ ਦੇ ਹੱਥ ਲਿਖਤ ਪਾਵਨ ਤੇ ਦੁਰਲੱਭ ਸਰੂਪਾਂ ਸਮੇਤ ਕਾਫੀ ਕੱੁਝ ਓਥੇ ਮੌਜੂਦ ਨਹੀਂ ਸੀ। ਖੂਨੀ ਘਟਨਾਕ੍ਰਮ ਉਪਰੰਤ ਪੂਰੇ ਪੰਜਾਬ ਵਿੱਚ ਮੁੜ 24 ਘੰਟਿਆਂ ਦਾ ਕਰਫਿਊ ਲਗਾ ਕੇ ਪੂਰੀ ਦੁਨੀਆ ਨਾਲੋਂ ਸੰਪਰਕ ਤੋੜ ਦਿੱਤਾ ਗਿਆ ਸੀ। ਅਖੀਰ ਦੁਪਹਿਰ ਨੂੰ ਸ਼੍ਰੀ ਦਰਬਾਰ ਸਾਹਿਬ ਦੀ ਸਫਾਈ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੀ ਤਿਆਰੀ ਕੀਤੀ ਗਈ। ਇਸ ਕੰਮ ਲਈ ਸਿੱਖ ਫੌਜੀ ਮਦਦ ਲਈ ਅੱਗੇ ਆਏ। ਗਿਆਨੀ ਸਾਹਿਬ ਸਿੰਘ ਦੀ ਅਗਵਾਈ ਵਿੱਚ ਵਹਿੰਦੇ ਹੰਝੂਆਂ ਨਾਲ ਸ਼੍ਰੀ ਦਰਬਾਰ ਸਾਹਿਬ ਦੇ ਸੇਵਾਦਾਰਾਂ ਨੇ ਸਫਾਈ ਕੀਤੀ ਅਤੇ ਮਰਿਆਦਾ ਮੁਤਾਬਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ। ਫੌਜੀ ਕਾਰਵਾਈ ਦੀ ਖ਼ਬਰ ਬੀ. ਬੀ. ਸੀ. ਲੰਡਨ ਰੇਡੀਓ ਤੋਂ ਪ੍ਰਸਾਰਿਤ ਕੀਤੀ ਗਈ, ਜਿਸ ਨੂੰ ਸੁਣ ਕੇ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਨੇ ਭਾਰਤੀ ਸਫਾਰਤਖਾਨਿਆਂ ’ਤੇ ਪ੍ਰਦਰਸ਼ਨ ਕਰਨੇ ਸ਼ੁਰੂ ਕਰ ਦਿੱਤੇ। ਅੰਮਿ੍ਰਤਸਰ ਵਿੱਚ ਪਿੰਗਲਵਾੜੇ ਦੀ ਸੇਵਾ ਚਲਾਉਣ ਵਾਲੇ ਭਗਤ ਪੂਰਨ ਸਿੰਘ ਨੇ ਆਪਣਾ ‘ਪਦਮ ਸ੍ਰੀ’ ਪੁਰਸਕਾਰ ਭਾਰਤ ਸਰਕਾਰ ਨੂੰ ਰੋਸ ਵਜੋਂ ਵਾਪਸ ਕਰ ਦਿੱਤਾ। ਸਿੱਖ ਫੌਜੀਆਂ ਨੇ ਕਈ ਥਾਈਂ ਬਗਾਵਤ ਕਰ ਦਿੱਤੀ ਸੀ ਅਤੇ ਵੱਖ-ਵੱਖ ਥਾਵਾਂ ਤੋਂ ਸਿੱਖ ਫੌਜੀ ਆਪਣੀਆਂ ਬੈਰਕਾਂ ਛੱਡ ਕੇ ਅੰਮਿ੍ਰਤਸਰ ਵੱਲ ਨੂੰ ਤੁਰ ਪਏ ਸਨ। ਕਈ ਥਾਵਾਂ ’ਤੇ ਉਨ੍ਹਾਂ ਦੇ ਮੁਕਾਬਲੇ ਹੋਏ, ਜਿਸ ਵਿੱਚ ਅਨੇਕਾਂ ਸਿੱਖ ਫੌਜੀ ਸ਼ਹੀਦ ਹੋ ਗਏ, ਬਾਕੀਆਂ ਨੂੰ ਗਿ੍ਰਫਤਾਰ ਕਰ ਲਿਆ ਗਿਆ ਅਤੇ ਫੇਰ ਕੋਰਟ ਮਾਰਸ਼ਲ ਦੀ ਫੌਜੀ ਕਾਰਵਾਈ ਵੀ ਹੋਈ। ਅੱਗੋਂ ਜਾ ਕੇ ਇਨਾਂ ਫੌਜੀਆਂ ਨੂੰ ‘ਧਰਮੀ ਫੌਜੀਆਂ’ ਦੇ ਨਾਂਅ ਤੋਂ ਜਾਣਿਆ ਗਿਆ। ਇਸ ਤਰ੍ਹਾਂ ਜੂਨ 1984 ਦਾ ਇਹ ਘਟਨਾਕ੍ਰਮ ਕੁੱਲ ਦਸ ਦਿਨ ਤੱਕ ਚੱਲਿਆ ਅਤੇ ਇਸ ਦਰਮਿਆਨ ਹੋਏ ਭਾਰੀ ਨੁਕਸਾਨ ਬਦਲੇ ਸਿੱਖ ਕੌਮ ਇਸ ਨੂੰ ਨਾ ਭੁੱਲਣਯੋਗ, ਨਾ ਮੰਨਣਯੋਗ ਅਤੇ ਨਾ ਬਖਸ਼ਣਯੋਗ ਮੰਨਦੀ ਹੈ।
ਹੁਣ ਤੱਕ 40 ਸਾਲ ਹੋ ਗਏ ਹਨ, ਜਾਂਚ ਲਈ ਕਈ ਕਮੇਟੀਆਂ ਅਤੇ ਕਮਿਸ਼ਨ ਬਣਾਏ ਗਏ ਪਰ ਨਿਆਂ ਨਹੀਂ ਮਿਲ ਸਕਿਆ। ਇਹ ਸਿਲਸਿਲਾ ਵੇਦ ਮਰਵਾਹ ਜਾਂਚ ਕਮੇਟੀ ਤੋਂ ਸ਼ੁਰੂ ਹੋਇਆ ਜਿਸ ਨੂੰ 1985 ਵਿੱਚ ਰਿਪੋਰਟ ਪੂਰੀ ਕਰਨ ਤੋਂ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ। ਫਰਵਰੀ 1987 ਵਿੱਚ ਅਹੂਜਾ ਕਮੇਟੀ, ਫਰਵਰੀ 1987 ਵਿੱਚ ਜੈਨ-ਬੈਨਰਜੀ ਕਮੇਟੀ, ਦਸੰਬਰ 1990 ਵਿੱਚ ਜੈਨ ਅਗਰਵਾਲ ਕਮੇਟੀ, 1993 ਵਿੱਚ ਨਰੂਲਾ ਕਮੇਟੀ, ਮਈ 1985 ਵਿੱਚ ਰੰਗਾ ਨਾਥ ਮਿਸ਼ਰਾ ਆਯੋਗ ਅਤੇ ਮਈ 2000 ਵਿੱਚ ਨਾਨਾਵਤੀ ਕਮਿਸ਼ਨ ਦਾ ਗਠਨ ਕੀਤਾ ਗਿਆ।
ਜੂਨ ’84 ਦਾ ਇਹ ਸਾਕਾ ਕਈ ਲੋਕਾਂ ਨੇ ਪੜ੍ਹਿਆ ਹੈ ਅਤੇ ਕਈਆਂ ਨੇ ਆਪਣੇ ਪਿੰਡੇ ’ਤੇ ਹੰਢਾਇਆ ਹੈ। ਸਰਕਾਰ ਨੇ ਇਸ ਨੂੰ ‘ਸਾਕਾ ਨੀਲਾ ਤਾਰਾ’ ਕਹਿ ਕੇ ਬੁਲਾਇਆ ਪਰ ਸਿੱਖ ਇਸ ਨੂੰ ‘ਤੀਜਾ ਘੱਲੂਘਾਰਾ’ ਕਹਿੰਦੇ ਹਨ। ਸਿੱਖ ਇਤਿਹਾਸ ਵਿੱਚ ਵੱਡੇ ਪੱਧਰ ’ਤੇ ਬਰਬਾਦੀ ਕਰਨ ਦੇ ਅਮਲ ਨੂੰ ‘ਘੱਲੂਘਾਰਾ’ ਸ਼ਬਦ ਰਾਹੀਂ ਬਿਆਨ ਕੀਤਾ ਜਾਂਦਾ ਹੈ। 1984 ਦੇ ਇਸ ਸਾਕੇ ਬਾਰੇ ਵੀ ਕਾਫੀ ਕੁਝ ਲਿਖਿਆ ਗਿਆ ਹੈ। ਇਸ ਬਾਰੇ ਬਹੁਤ ਕੁੱਝ ਅਜਿਹਾ ਵੀ ਹੈ ਜੋ ਕਾਗਜ਼ਾਂ ’ਤੇ ਹੂਬਹੂ ਉਤਾਰਿਆ ਨਹੀਂ ਗਿਆ, ਪਰ ਇੱਕ ਗੱਲ ਸਪੱਸ਼ਟ ਹੈ ਕਿ ਇਸ ਸਾਕੇ ਨੇ ਸਿੱਖ ਮਾਨਸਿਕਤਾ ਨੂੰ ਇੱਕ ਵੱਡਾ ਜ਼ਖਮ ਦਿੱਤਾ।
-ਪੰਜਾਬ ਪੋਸਟ
ਸਿੱਖ ਮਾਨਸਿਕਤਾ ਨੂੰ ਗਹਿਰੇ ਜ਼ਖਮ ਦੇ ਗਿਆ ਜੂਨ 1984 ਘੱਲੂਘਾਰਾ

Published: