ਲੰਡਨ/ਬਿਓਰੋ
ਬਰਤਾਨੀਆਂ ’ਚ ਚੋਣ ਐਕਟ 2022 ਲਾਗੂ ਹੋਣ ਤੋਂ ਬਾਅਦ ਵਿਦੇਸ਼ਾਂ ’ਚ ਰਹਿ ਰਹੇ ਭਾਰਤੀਆਂ ਸਮੇਤ 30 ਲੱਖ ਤੋਂ ਜ਼ਿਆਦਾ ਬਿ੍ਰਟਿਸ਼ ਨਾਗਰਿਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲ ਗਿਆ ਹੈ। 1928 ਵਿੱਚ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲਣ ਤੋਂ ਬਾਅਦ ਬਰਤਾਨੀਆਂ ਦੀ ਵੋਟ ਅਧਿਕਾਰ ਸੂਚੀ ਵਿੱਚ ਇਹ ਸੱਭ ਤੋਂ ਵੱਡਾ ਵਾਧਾ ਹੈ।
ਵੋਟਿੰਗ ਅਧਿਕਾਰਾਂ ’ਤੇ 15 ਸਾਲ ਦੀ ਮਨਮਰਜ਼ੀ ਦੀ ਹੱਦ 16 ਜਨਵਰੀ ਤੋਂ ਰੱਦ ਕਰ ਦਿੱਤੀ ਗਈ ਹੈ। ਹੁਣ ਦੁਨੀਆਂ ਭਰ ’ਚ ਬਿ੍ਰਟਿਸ਼ ਨਾਗਰਿਕ ਆਨ-ਲਾਈਨ ਵੋਟ ਪਾਉਣ ਲਈ ਰਜਿਸਟਰ ਕਰ ਸਕਦੇ ਹਨ ਚਾਹੇ ਉਹ ਕਿੰਨੇ ਸਮੇਂ ਤੋਂ ਵਿਦੇਸ਼ ’ਚ ਹੋਣ। ਰਜਿਸਟਰੇਸ਼ਨ ਹੋਣ ’ਤੇ ਉਨ੍ਹਾਂ ਦੇ ਨਾਂ ਤਿੰਨ ਸਾਲ ਲਈ ਵੋਟਰ ਸੂਚੀ ’ਚ ਸ਼ਾਮਲ ਕੀਤੇ ਜਾਣਗੇ।
ਰਜਿਸਟ੍ਰੇਸ਼ਨ ਤੋਂ ਬਾਅਦ ਵੋਟਰ ਪੋਸਟਲ ਜਾਂ ਪ੍ਰੌਕਸੀ ਵੋਟ ਲਈ ਆਨਲਾਈਨ ਅਪਲਾਈ ਵੀ ਕਰ ਸਕਦੇ ਹਨ। ਇਸ ਕਾਨੂੰਨ ਨਾਲ ਬਰਤਾਨੀਆਂ ਦੀ ਕੰਜ਼ਰਵੇਟਿਵ ਪਾਰਟੀ ਦੇ ਸਮਰਥਕਾਂ ਅਤੇ ਵਿਦੇਸ਼ੀ ਮੈਂਬਰਾਂ ਦੇ ਗਲੋਬਲ ਨੈੱਟਵਰਕ ਕੰਜ਼ਰਵੇਟਿਵਜ਼ ਅਬਰੋਡ ਦੀ ਅਗਵਾਈ ਵਾਲੀ ‘ਵੋਟਸ ਫਾਰ ਲਾਈਫ’ ਮੁਹਿੰਮ ਖਤਮ ਹੋ ਗਈ ਹੈ।