ਜੰਮੂ ਕਸ਼ਮੀਰ/ਪੰਜਾਬ ਪੋਸਟ
ਜੰਮੂ-ਕਸ਼ਮੀਰ ‘ਚ ਪਿਛਲੇ ਕੁੱਝ ਦਿਨਾਂ ‘ਚ ਅੱਤਵਾਦੀਆਂ ਵੱਲੋਂ ਕਈ ਥਾਵਾਂ ‘ਤੇ ਫੌਜ ਦੇ ਜਵਾਨਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ ਤੋਂ ਬਾਅਦ ਹੁਣ ਇਸ ਬੰਨੇ ਨਵੇਂ ਕਦਮ ਚੁੱਕੇ ਜਾ ਰਹੇ ਹਨ। ਇਸ ਤਹਿਤ ਹੁਣ ਅੱਤਵਾਦੀਆਂ ਨਾਲ ਨਜਿੱਠਣ ਲਈ ਭਾਰਤੀ ਫੌਜ ਨੇ ਜੰਮੂ ਖੇਤਰ ‘ਚ 3 ਹਜ਼ਾਰ ਵਾਧੂ ਜਵਾਨ ਤਾਇਨਾਤ ਕੀਤੇ ਹਨ। ਪੀਰ ਪੰਜਾਲ ਇਲਾਕੇ ‘ਚ ਜੰਗਲਾਂ ‘ਚ ਲੁਕੇ ਅੱਤਵਾਦੀਆਂ ਦਾ ਸਫਾਇਆ ਕਰਨ ਲਈ ਵੱਡੇ ਅਪ੍ਰੇਸ਼ਨ ਦੀ ਯੋਜਨਾ ਵੀ ਬਣਾਈ ਗਈ ਹੈ। ਥਲ ਸੈਨਾ ਮੁਖੀ ਜਨਰਲ ਉਪੇਂਦਰ ਦਿਵੇਦੀ ਅੱਜ ਭਾਵ ਸ਼ਨੀਵਾਰ ਨੂੰ ਇਸ ਖੇਤਰ ਦਾ ਦੌਰਾ ਕਰਨ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਬੀਤੇ ਮਹੀਨੇ 9 ਜੂਨ ਨੂੰ ਨਵੀਂ ਕੇਂਦਰ ਸਰਕਾਰ ਦੇ ਸਹੁੰ ਚੁੱਕਣ ਤੋਂ ਬਾਅਦ ਤੋਂ ਹੁਣ ਤੱਕ ਚਾਰ ਵੱਡੇ ਅੱਤਵਾਦੀ ਹਮਲੇ ਹੋ ਚੁੱਕੇ ਹਨ। 9 ਜੂਨ ਨੂੰ ਹੀ ਰਿਆਸੀ ‘ਚ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ ‘ਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਸੀ, ਜਿਸ ‘ਚ 9 ਲੋਕ ਮਾਰੇ ਗਏ ਸਨ। ਇਸ ਤੋਂ ਬਾਅਦ ਕਠੂਆ ‘ਚ ਫੌਜ ਦੇ ਕਾਫਲੇ ‘ਤੇ ਹਮਲਾ ਕੀਤਾ ਗਿਆ। 15 ਜੁਲਾਈ ਨੂੰ ਡੋਡਾ ‘ਚ ਅੱਤਵਾਦੀਆਂ ਨੇ ਹਮਲਾ ਕੀਤਾ ਸੀ, ਜਿਸ ‘ਚ ਚਾਰ ਜਵਾਨ ਸ਼ਹੀਦ ਹੋ ਗਏ ਸਨ। ਇਸੇ ਲੜੀ ਨੂੰ ਵੇਖਦੇ ਹੋਏ ਹੁਣ ਵਾਧੂ ਗਿਣਤੀ ‘ਚ ਜਵਾਨ ਤਾਇਨਾਤ ਕਰਨ ਦਾ ਐਲਾਨ ਹੋਇਆ ਹੈ।