ਨਵੀਂ ਦਿੱਲੀ/ਪੰਜਾਬ ਪੋਸਟ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਤੀਜੇ ਕਾਰਜਕਾਲ ਦਾ ਕਾਰਜਭਾਰ ਸੰਭਾਲਣ ਤੋਂ ਬਾਅਦ ਆਪਣੀ ਪਹਿਲੀ ਵਿਦੇਸ਼ ਯਾਤਰਾ ਤਹਿਤ ਸਾਲਾਨਾ ਜੀ-7 ਸਿਖਰ ਸੰਮੇਲਨ ਵਿੱਚ ਸ਼ਾਮਲ ਹੋਣ ਵਾਸਤੇ ਇਸ ਹਫ਼ਤੇ ਇਟਲੀ ਦਾ ਦੌਰਾ ਕਰਨਗੇ। ਜੀ-7 ਸਿਖਰ ਸੰਮੇਲਨ ਇਟਲੀ ਦੇ ਅਪੁਲੀਆ ਖੇਤਰ ਵਿੱਚ ਲਗਜ਼ਰੀ ਰਿਜ਼ੋਰਟ ਬੋਰਗੋ ਐਗਨਾਜ਼ੀਆ ’ਚ 13 ਤੋਂ 15 ਜੂਨ ਤੱਕ ਹੋਣਾ ਹੈ। ਮੀਟਿੰਗ ਵਿੱਚ ਯੂਕਰੇਨ ’ਚ ਜੰਗ ਅਤੇ ਗਾਜ਼ਾ ਸੰਘਰਸ਼ ਦਾ ਮੁੱਦਾ ਭਾਰੂ ਰਹਿਣ ਦੀ ਸੰਭਾਵਨਾ ਹੈ। ਜੀ-7 ਵਿੱਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ, ਉਨ੍ਹਾਂ ਦੇ ਫਰਾਂਸਿਸੀ ਹਮਰੁਤਬਾ ਇਮੈਨੁਅਲ ਮੈਕਰੋਂ, ਜਪਾਨੀ ਪ੍ਰਧਾਨ ਮੰਤਰੀ ਫੁਮਿਓ ਕਿਸ਼ਿਦਾ ਅਤੇ ਕੈਨੇਡਿਆਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਣੇ ਵਿਸ਼ਵ ਦੇ ਚੋਟੀ ਦੇ ਆਗੂ ਸ਼ਾਮਲ ਹੋਣਗੇ। ਯੂਕਰੇਨ ਵਿੱਚ ਰੂਸ ਦੇ ਹਮਲੇ ’ਤੇ ਇੱਕ ਸੈਸ਼ਨ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੇਂਸਕੀ ਦੇ ਸ਼ਾਮਲ ਹੋਣ ਦਾ ਪ੍ਰੋਗਰਾਮ ਵੀ ਹੈ। ਮੋਦੀ ਦੀ ਇਟਲੀ ਦੌਰੇ ਦੀ ਯੋਜਨਾ ਬਾਰੇ ਜਾਣਕਾਰੀ ਰੱਖਣ ਵਾਲੇ ਲੋਕਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਅੱਜ 13 ਜੂਨ ਨੂੰ ਇਸ ਯੂਰਪੀ ਦੇਸ਼ ਵਾਸਤੇ ਰਵਾਨਾ ਹੋਣਗੇ।