ਨਵੀਂ ਦਿੱਲੀ/ਪੰਜਾਬ ਪੋਸਟ
ਦੇਸ਼ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਐੱਨ ਡੀ ਏ ਸੰਸਦੀ ਦਲ ਦੇ ਆਗੂ ਨਰਿੰਦਰ ਮੋਦੀ ਨੂੰ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਮਨੋਨੀਤ ਕੀਤਾ ਹੈ। ਰਾਸ਼ਟਰਪਤੀ ਮੁਰਮੂ ਨੇ ਨਰਿੰਦਰ ਮੋਦੀ ਨੂੰ ਰਾਸ਼ਟਰਪਤੀ ਭਵਨ ਸੱਦ ਕੇ ਰਸਮੀ ਨਿਯੁਕਤੀ ਪੱਤਰ ਸੌਂਪਿਆ। ਰਾਸ਼ਟਰਪਤੀ ਨੇ ਮੋਦੀ ਨੂੰ ਮਨੋਨੀਤ ਪ੍ਰਧਾਨ ਮੰਤਰੀ ਵਜੋਂ ਕੰਮ ਕਰਨ ਲਈ ਕਿਹਾ ਹੈ ਅਤੇ ਇਸ ਦੇ ਨਾਲ ਹੀ ਹਲਫ਼ਦਾਰੀ ਸਮਾਗਮ ਬਾਰੇ ਵੀ ਸੂਚਿਤ ਕਰ ਦਿੱਤਾ ਹੈ। ਇਸ ਦਰਮਿਆਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘18ਵੀਂ ਲੋਕ ਸਭਾ ਉਨ੍ਹਾਂ ਸੁਫ਼ਨਿਆਂ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਅਹਿਮ ਮੀਲ ਪੱਥਰ ਹੈ ਜਦੋਂ ਦੇਸ਼ 2047 ਵਿੱਚ ਆਜ਼ਾਦੀ ਦੇ ਸੌ ਸਾਲਾਂ ਦੇ ਜਸ਼ਨ ਮਨਾਏਗਾ।’
ਉਨ੍ਹਾਂ ਕਿਹਾ ਕਿ 18ਵੀਂ ਲੋਕ ਸਭਾ ਨਵੀਂ ਊਰਜਾ ਅਤੇ ਨੌਜਵਾਨ ਊਰਜਾ ਵਾਲਾ ਸਦਨ ਹੈ ਅਤੇ ਲੋਕਾਂ ਨੇ ਐੱਨ ਡੀ ਏ ਸਰਕਾਰ ਨੂੰ ਇੱਕ ਹੋਰ ਮੌਕਾ ਦਿੱਤਾ ਹੈ। ਇਸ ਤੋਂ ਪਹਿਲਾਂ ਨਰਿੰਦਰ ਮੋਦੀ ਨੇ ਐੱਨ ਡੀ ਏ ਸੰਸਦੀ ਦਲ ਦਾ ਆਗੂ ਚੁਣੇ ਜਾਣ ਮਗਰੋਂ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ ਕਰਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਸੀ। ਉਨ੍ਹਾਂ ਰਾਸ਼ਟਰਪਤੀ ਨੂੰ ਐੱਨ ਡੀ ਏ ਭਾਈਵਾਲਾਂ ਦੀ ਹਮਾਇਤ ਵਾਲਾ ਪੱਤਰ ਅਤੇ ਸੰਸਦ ਮੈਂਬਰਾਂ ਦੀ ਸੂਚੀ ਵੀ ਸੌਂਪੀ। ਸੰਸਦ ਦੇ ਕੇਂਦਰੀ ਹਾਲ ਵਿੱਚ ਐੱਨ ਡੀ ਏ ਭਾਈਵਾਲਾਂ ਦੀ ਬੈਠਕ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐੱਨ ਡੀ ਏ ਸੰਸਦੀ ਦਲ, ਭਾਜਪਾ ਸੰਸਦੀ ਦਲ ਤੇ ਲੋਕ ਸਭਾ ਦਾ ਆਗੂ ਚੁਣੇ ਜਾਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂਅ ਦੀ ਤਜਵੀਜ਼ ਰੱਖੀ, ਜਿਸ ਦੀ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਟੀ ਡੀ ਪੀ ਆਗੂ ਚੰਦਰਬਾਬੂ ਨਾਇਡੂ ਨੇ ਤਾਕੀਦ ਕੀਤੀ ਸੀ।
ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਮੁੜ ਮਨੋਨੀਤ ਕੀਤੇ ਗਏ
Published: