ਵਾਸ਼ਿੰਗਟਨ ਡੀ. ਸੀ./ਪੰਜਾਬ ਪੋਸਟ
ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅਮੈਰਿਕਨ ਅਜ਼ਾਦੀ ਦਿਹਾੜੇ ’ਤੇ 4 ਜੁਲਾਈ ਨੂੰ ਅਮਰੀਕਾ ਦੇ ਵਾਸ਼ਿੰਗਟਨ ਡੀ. ਸੀ. ਵਿਖੇ ਅਮਰੀਕਨ ਸਰਕਾਰ ਵੱਲੋਂ ਰਾਸ਼ਟਰੀ ਪੱਧਰ ਦੀ ਨੈਸ਼ਨਲ ਪਰੇਡ ਕੀਤੀ ਗਈ। ਇਸ ਪਰੇਡ ਵਿੱਚ ਹਰ ਸਾਲ ‘ਸਿੱਖਸ ਆਫ ਅਮੈਰਿਕਾ’ ਵੱਲੋਂ ਸਰਗਰਮੀ ਨਾਲ ਭਾਗ ਲਿਆ ਜਾਂਦਾ ਹੈ ਅਤੇ ਇਸ ਵਾਰ ਵੀ ਸਿੱਖੀ ਦੀ ਭਰਪੂਰ ਪੇਸ਼ਕਾਰੀ ਕੀਤੀ ਗਈ। ‘ਸਿੱਖਸ ਆਫ ਅਮੈਰਿਕਾ’ ਦੇ ਉੱਦਮ ਸਦਕਾ ਇਸ ਪਰੇਡ ਵਿੱਚ ਹਮੇਸ਼ਾ ਦੀ ਤਰ੍ਹਾਂ ‘ਸਿੱਖ ਫਲੋਟ’ ਸ਼ਾਮਿਲ ਕੀਤਾ ਗਿਆ ਅਤੇ ਇਸ ਜ਼ਰੀਏ ਅਮਰੀਕਾ ’ਚ ਸਿੱਖੀ ਕੌਮ ਦੀ ਚੜ੍ਹਦੀ ਕਲਾ ਅਤੇ ਸਿੱਖ ਭਾਈਚਾਰੇ ਦੀਆਂ ਪ੍ਰਾਪਤੀਆਂ ਨੂੰ ਦਰਸਾਇਆ ਗਿਆ। ਇਸ ਫਲੋਟ ਵਿੱਚ ਅਮੈਰਿਕਨ ਸਿੱਖ ਆਫੀਸਰ ਅਤੇ ਭੰਗੜੇ ਦੀ ਟੀਮ ਵੀ ਸ਼ਾਮਲ ਨਜ਼ਰ ਆਈ, ਜਿਸ ਨੇ ਪੰਜਾਬੀ ਸੱਭਿਆਚਾਰ ਦੀ ਬਾਤ ਪਾਈ।
ਇਸ ਮੌਕੇ ਇਸ ਫਲੋਟ ਉੱਪਰ ਲਾਈ ਗਈ ਐੱਲ. ਈ. ਡੀ. ਸਕ੍ਰੀਨ ਰਾਹੀਂ ਅਮੈਰਿਕਾ ’ਚ ਸਿੱਖ ਇਤਿਹਾਸ ਦੀ ਝਲਕ ਦਿਖਾਈ ਗਈ। ਇਸ ਪਰੇਡ ਵਿੱਚ ਔਰਤ ਅਤੇ ਮਰਦ ਲਾਲ, ਨੀਲੇ ਅਤੇ ਚਿੱਟੇ ਰੰਗ ਦੇ ਅਮੈਰਿਕਨ ਝੰਡੇ ਨੂੰ ਦਰਸਾਉਂਦੇ ਕੱਪੜੇ ਪਾ ਕੇ ਸ਼ਾਮਲ ਹੋਣ ਪਹੁੰਚੇ। ਇਸ ਦੌਰਾਨ ‘ਸਿੱਖਸ ਆਫ ਅਮੈਰਿਕਾ’ ਦੀਆਂ ਟੀ-ਸ਼ਰਟਾਂ ਵੀ ਵੰਡੀਆਂ ਗਈਆਂ, ਜਿਨ੍ਹਾਂ ਉੱਤੇ ਅਮੈਰਿਕਨ ਫਲੈਗ ਅਤੇ ‘ਸਿੱਖਸ ਆਫ ਅਮੈਰਿਕਾ’ ਦੇ ਲੋਗੋ ਲੱਗੇ ਹੋਏ ਸਨ। ਜ਼ਿਕਰਯੋਗ ਹੈ ਕਿ ਇਸ ਪਰੇਡ ਵਿੱਚ ਸ਼ਮੂਲੀਅਤ ਕਰਨ ਲਈ ‘ਸਿੱਖਸ ਆਫ ਅਮੈਰਿਕਾ’ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਦੀ ਅਗਵਾਈ ’ਚ ਸਮੂਹ ਡਾਇਰੈਕਟਰਸ ਦੀ ਇਕ ਉੱਚ ਪੱਧਰੀ ਇਕੱਤਰਤਾ ਬੀਤੇ ਦਿਨ ਹੋਈ ਸੀ ਅਤੇ ਤਿਆਰੀਆਂ ਵੀ ਕਾਫੀ ਸਮੇਂ ਤੋਂ ਚੱਲ ਰਹੀਆਂ ਸਨ। ਇਹ ਵੀ ਦੱਸਣਯੋਗ ਹੈ ਕਿ ਇਸ ਪਰੇਡ ਵਿੱਚ ਇੱਕ ਲੱਖ ਤੋਂ ਵੱਧ ਲੋਕ ਸ਼ਾਮਿਲ ਹੁੰਦੇ ਹਨ ਜਦਕਿ ਇਕ ਮਿਲੀਅਨ ਤੋਂ ਵੀ ਵੱਧ ਦਰਸ਼ਕ ਟੀ.ਵੀ. ਅਤੇ ਆਨਲਾਈਨ ਪਲੇਟਫਾਰਮਾਂ ਉੱਤੇ ਦੇਖਦੇ ਹਨ ਅਤੇ ਐਤਕੀਂ ਵੀ ਰੁਝਾਨ ਬਾਦਸਤੂਰ ਕਾਇਮ ਰਿਹਾ ਅਤੇ ‘ਸਿਖਸ ਆਫ਼ ਅਮੈਰਿਕਾ’ ਦੇ ਉੱਦਮ ਸਦਕਾ ਸਿੱਖੀ ਦੀ ਹਾਜ਼ਰੀ ਨਾਲ ਸਥਾਨਕ ਲੋਕਾਂ ਨੂੰ ਸਿੱਖੀ ਪਛਾਣ ਅਤੇ ਯੋਗਦਾਨ ਬਾਰੇ ਅਹਿਮ ਜਾਣਕਾਰੀ ਮਿਲੀ।
ਅਮਰੀਕਾ ਦੀ ਸਾਲਾਨਾ ਪਰੇਡ ਮੌਕੇ ‘ਸਿਖਸ ਆਫ਼ ਅਮੈਰਿਕਾ’ ਵੱਲੋਂ ਸਿੱਖੀ ਦੀ ਭਰਪੂਰ ਪੇਸ਼ਕਾਰੀ

Published: