*ਡਰਾਉਣ ਅਤੇ ਦਬਦਬਾ ਕਾਇਮ ਕਰਨ ਲਈ ਘਟਨਾ ਨੂੰ ਦਿੱਤਾ ਗਿਆ ਅੰਜਾਮ
ਮੁੰਬਈ/ਪੰਜਾਬ ਪੋਸਟ
ਫਿਲਮ ਅਦਾਕਾਰ ਸਲਮਾਨ ਖਾਨ ਦੇ ਬਾਂਦਰਾ ਅਪਾਰਟਮੈਂਟ ਦੇ ਬਾਹਰ ਗੋਲੀਬਾਰੀ ਦੀ ਘਟਨਾ ਦੇ ਮਾਮਲੇ ਵਿੱਚ ਦਾਇਰ ਇੱਕ ਚਾਰਜਸ਼ੀਟ ਵਿੱਚ, ਮੁੰਬਈ ਪੁਲਿਸ ਨੇ ਵੱਡਾ ਖੁਲਾਸਾ ਕਰਦੇ ਹੋਏ ਇਹ ਦੋਸ਼ ਲਾਇਆ ਹੈ ਕਿ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਨੇ ਇੱਕ ਬੰਦੂਕਧਾਰੀ ਨੂੰ ਬਾਲੀਵੁੱਡ ਸੁਪਰਸਟਾਰ ਦੇ ਘਰ ਦੇ ਬਾਹਰ ਹਵਾ ਵਿੱਚ ਗੋਲੀਆਂ ਚਲਾਉਣ ਲਈ ਕਿਹਾ ਸੀ ਤਾਂ ਜੋ ਉਸ ਨੂੰ ‘ਡਰਾਇਆ’ ਜਾ ਸਕੇ। ਪੁਲਿਸ ਦੇ ਅਨੁਸਾਰ, ਇਹ ਸਾਰਾ ਘਟਨਾਕ੍ਰਮ ਆਰਥਕ ਅਤੇ ਹੋਰ ਲਾਭਾਂ ਲਈ ਮੁੰਬਈ ਵਿੱਚ ਬਿਸ਼ਨੋਈ ਗੈਂਗ ਦਾ ਦਬਦਬਾ ਸਥਾਪਤ ਕਰਨ ਦੀ ਇੱਕ ਵਿਆਪਕ ਯੋਜਨਾ ਦਾ ਹਿੱਸਾ ਸੀ। ਇਸੇ ਚਾਰਜਸ਼ੀਟ ਦੇ ਅਨੁਸਾਰ, ਇੱਕ ਗੱਲਬਾਤ ਵਿੱਚ, ਅਨਮੋਲ ਬਿਸ਼ਨੋਈ ਨੇ ਵਿੱਕੀ ਕੁਮਾਰ ਗੁਪਤਾ ਨਾਂਅ ਦੇ ਵਿਅਕਤੀ ਨੂੰ ਨਿਰਦੇਸ਼ ਦਿੱਤਾ ਕਿ ਉਹ ਘਟਨਾ ਨੂੰ ਇਸ ਤਰੀਕੇ ਨਾਲ ਅੰਜਾਮ ਦੇਣ ਕਿ ਸਲਮਾਨ ਖਾਨ ਨੂੰ ਡਰਾਇਆ ਜਾਵੇ, ਭਾਵੇਂ ਇਸ ਵਿੱਚ ਇੱਕ ਮਿੰਟ ਤੋਂ ਵੱਧ ਸਮਾਂ ਲੱਗੇ। ਕੁੱਲ 1,735 ਪੰਨਿਆਂ ਦੀ ਚਾਰਜਸ਼ੀਟ ‘ਚ ਉਨ੍ਹਾਂ ਦੀ ਗੱਲਬਾਤ ਦਾ ਹਵਾਲਾ ਵੀ ਦਿੱਤਾ ਗਿਆ ਹੈ।