ਢਾਕਾ, ਬੰਗਲਾਦੇਸ਼/ਪੰਜਾਬ ਪੋਸਟ
ਗੁਆਂਢੀ ਦੇਸ਼ ਬੰਗਲਾਦੇਸ਼ ਵਿੱਚ ਸਰਕਾਰੀ ਨੌਕਰੀਆਂ ਵਿਚ ਕੋਟੇ ਨੂੰ ਲੈ ਕੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦਾ ਸਿਲਸਿਲਾ ਜਾਰੀ ਹੈ ਅਤੇ ਇਸ ਨੂੰ ਵੇਖਦੇ ਹੋਏ ਹੁਣ ਪੂਰੇ ਦੇਸ਼ ਵਿੱਚ ਕਰਫਿਊ ਲਾਗੂ ਕਰ ਦਿੱਤਾ ਗਿਆ ਹੈ ਅਤੇ ਇੰਟਰਨੈੱਟ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਸਕੂਲਾਂ ਅਤੇ ਕਾਲਜਾਂ ਨੂੰ ਅਗਲੇ ਹੁਕਮਾਂ ਤੱਕ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਪਹਿਲਾਂ, ਪ੍ਰਦਰਸ਼ਨਕਾਰੀਆਂ ਨੇ ਢਾਕਾ ਵਿੱਚ ਸਰਕਾਰੀ ਟੈਲੀਵਿਜ਼ਨ ਹੈੱਡਕੁਆਰਟਰ ‘ਤੇ ਹਮਲਾ ਕੀਤਾ ਸੀ ਅਤੇ ਪੁਲੀਸ ਬੂਥਾਂ ਨੂੰ ਅੱਗ ਲਗਾ ਦਿੱਤੀ ਗਈ ਸੀ। ਸਰਕਾਰ ਨੇ ਫੌਜ ਵੀ ਸੱਦ ਲਈ ਹੈ ਅਤੇ ਉਹ ਥਾਂ ਥਾਂ ’ਤੇ ਗਸ਼ਤ ਕਰਕੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾ ਰਹੀ ਹੈ। ਇਸ ਕਰਕੇ ਬੰਗਲਾਦੇਸ਼ ਦੇ ਕਈ ਇਲਾਕਿਆਂ ਵਿੱਚ ਜਨ-ਜੀਵਨ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ ਅਤੇ ਕਈ ਪ੍ਰਮੁੱਖ ਬੰਗਲਾਦੇਸ਼ੀ ਅਖਬਾਰਾਂ ਦੀਆਂ ਵੈੱਬਸਾਈਟਾਂ ਅਪਡੇਟ ਨਹੀਂ ਕੀਤੀਆਂ ਗਈਆਂ ਹਨ ਜਾਂ ਪੂਰੀ ਤਰ੍ਹਾਂ ਪਹੁੰਚ ਤੋਂ ਬਾਹਰ ਚੱਲ ਰਹੀਆਂ ਹਨ। ਇਸ ਦੇ ਨਾਲ ਹੀ ਉੱਥੋਂ ਦੇ ਟੀਵੀ ਚੈਨਲਾਂ ਨੇ ਵੀ ਫਿਲਹਾਲ ਆਪੋ ਆਪਣਾ ਪ੍ਰਸਾਰਣ ਬੰਦ ਕਰ ਦਿੱਤਾ ਹੈ।