ਅੰਮ੍ਰਿਤਸਰ/ਪੰਜਾਬ ਪੋਸਟ
ਸ਼੍ਰੋਮਣੀ ਕਮੇਟੀ ਦੇ ਕੁੱਝ ਮੈਂਬਰ ਅੱਜ ਇਕ ਵਫਦ ਦੇ ਰੂਪ ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚੇ ਭਾਵੇਂ ਉਨ੍ਹਾਂ ਦੀ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਤਾਂ ਨਹੀਂ ਹੋਈ ਪਰ ਉਹਨਾਂ ਨੇ ਆਪਣਾ ਮੰਗ ਪੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰ ਨੂੰ ਸੌਂਪਿਆ ਅਤੇ ਉਨ੍ਹਾਂ ਨਾਲ ਜ਼ੁਬਾਨੀ ਗੱਲਬਾਤ ਵੀ ਕੀਤੀ। ਮੰਗ ਪੱਤਰ ਸੌਂਪਣ ਤੋਂ ਬਾਅਦ ਮੈਂਬਰਾਂ ਨੇ ਪਹੁੰਚਣ ਦਾ ਮਕਸਦ ਦਸਦਿਆਂ ਕਿਹਾ ਕਿ 2 ਦਸੰਬਰ ਨੂੰ ਸੁਖਬੀਰ ਬਾਦਲ ਨੇ ਜਥੇਦਾਰ ਸਾਹਿਬਨ ਤੇ ਸੰਗਤ ਦੀ ਕਚਹਿਰੀ ਵਿਚ ਸਾਰੇ ਗੁਨਾਹ ਮੰਨੇ ਸਨ ਪਰ ਕੁਝ ਕੁ ਦਿਨਾਂ ਬਾਅਦ ਉਨ੍ਹਾਂ ਰੈਲੀਆਂ ਵਿਚ ਇਹ ਕਹਿਣਾ ਸ਼ੁਰੂ ਕਰ ਦਿਤਾ ਕਿ ਵਿਵਾਦ ਖ਼ਤਮ ਕਰਨ ਲਈ ਸਾਰੇ ਗੁਨਾਹ ਆਪਣੀ ਝੋਲੀ ਵਿਚ ਪਾ ਲਏ ਸਨ। ਮੈਂਬਰਾਂ ਨੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਨੂੰ ਬਚਕਾਨਾ ਅਤੇ ਗੈਰ ਜ਼ਿੰਮੇਵਾਰ ਦਸਦਿਆਂ ਕਿਹਾ ਕਿ ਹੁਣ ਨਵਾਂ ਰੁਝਾਨ ਬਣਨ ਜਾ ਰਿਹਾ ਹੈ ਤੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਸਿੱਖ ਆਗੂ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤੋਂ ਭਗੌੜੇ ਹੋ ਜਾਇਆ ਕਰਨਗੇ। ਮੈਂਬਰਾਂ ਨੇ ਕਿਹਾ ਕਿ 2 ਦਸੰਬਰ ਦੇ ਗੁਰਮਤੇ ਵਿਚ ਜਥੇਦਾਰਾਂ ਨੇ ਸਪਸ਼ਟ ਕੀਤਾ ਸੀ ਕਿ ਅਕਾਲੀ ਦਲ ਦੀ ਮੈਂਬਰਸ਼ਿਪ ਸੱਤ ਮੈਂਬਰੀ ਕਮੇਟੀ ਦੀ ਰਹਿਨੁਮਾਈ ਹੇਠ ਹੋਵੇਗੀ ਪਰ ਬਾਦਲ ਧੜੇ ਨੇ ਇਨ੍ਹਾਂ ਹੁਕਮਾਂ ਨੂੰ ਦਰਕਿਨਾਰ ਕਰਦਿਆਂ ਆਪਣੇ ਪੱਧਰ ਉਤੇ ਹੀ ਭਰਤੀ ਮੁਹਿੰਮ ਸ਼ੁਰੂ ਕਰ ਦਿਤੀ ਹੈ ਜੋ ਕਿ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਸਰਾਸਰ ਉਲੰਘਣਾ ਹੈ। ਇਸ ਸਬੰਧੀ ਜਥੇਦਾਰ ਅਕਾਲ ਤਖ਼ਤ ਨੂੰ ਗੰਭੀਰ ਤੇ ਸਖ਼ਤ ਨੋਟਿਸ ਲੈਣਾ ਚਾਹੀਦਾ ਹੈ।