*ਅਮਰੀਕਾ ਦੀ ਧਰਤੀ ਉੱਤੇ ਭਾਰਤ ਵਰਗਾ ਮਾਹੌਲ ਬਣਿਆ
ਵਾਸ਼ਿੰਗਟਨ/ਪੰਜਾਬ ਪੋਸਟ
ਪ੍ਰਵਾਸੀ ਭਾਰਤੀ ਭਾਈਚਾਰੇ ਵੱਲੋਂ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿੱਚ ਵੱਸਦੇ ਹੋਣ ਦੇ ਬਾਵਜੂਦ ਆਪਣੇ ਪਿਛੋਕੜ ਅਤੇ ਆਪਣੀਆਂ ਧਾਰਮਿਕ ਰਹੁ ਰੀਤਾਂ ਨਾਲ ਜੁੜੇ ਰਹਿਣ ਦੇ ਉਪਰਾਲੇ ਲਗਾਤਾਰ ਕੀਤੇ ਜਾਂਦੇ ਹਨ ਅਤੇ ਇਸੇ ਲੜੀ ਅਮਰੀਕਾ ਦੇ ਪ੍ਰਵਾਸੀ ਭਾਰਤੀ ਭਾਈਚਾਰੇ ਵੱਲੋਂ ਪਿਛਲੇ ਦਿਨੀ ਇੱਕ ਸ਼ਾਨਦਾਰ ਸਮਾਗਮ ਕੀਤਾ ਗਿਆ। ਬੀਤੇ ਦਿਨੀਂ ਅਮਰੀਕਾ ਦੇ ਵਾਸ਼ਿੰਗਟਨ ਸੂਬੇ ਦੇ ਰੈਡਮੰਡ ਵਿਖੇ ਗਣੇਸ਼ ਫੈਸਟੀਵਲ 2024 ਦਾ ਆਯੋਜਨ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਹੋਇਆ। ਰੈਡਮੰਡ ਦੇ ਮੈਰੀਮੂਰ ਪਾਰਕ ਵਿਖੇ 12 ਤੋਂ 15 ਸਤੰਬਰ ਤੱਕ ਵਾਸ਼ਿੰਗਟਨ ਗਣੇਸ਼ ਫੈਸਟੀਵਲ 2024 ਦੇ ਸਮੁੱਚੇ ਸਮਾਗਮਾਂ ਦੌਰਾਨ ਨਜ਼ਾਰਾ ਅਜਿਹਾ ਪ੍ਰਭਾਵਸ਼ਾਲੀ ਬਣਿਆ ਕਿ ਵੇਖਣ ਨੂੰ ਇਹ ਭਾਰਤ ਦੇ ਕਿਸੇ ਹਿੱਸੇ ਵਿੱਚ ਹੋ ਰਹੇ ਸਮਾਗਮ ਵਰਗਾ ਲੱਗਿਆ। ‘ਬੀਟਸ ਆਫ ਵਾਸ਼ਿੰਗਟਨ’ ਵੱਲੋਂ ਆਯੋਜਿਤ ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਭਾਈਚਾਰੇ ਨੇ ਹਿੱਸਾ ਲਿਆ ਅਤੇ ਭਗਵਾਨ ਗਣੇਸ਼ ਨੂੰ ਸਮਰਪਿਤ ਰਿਵਾਇਤੀ ਪੇਸ਼ਕਾਰੀਆਂ ਵੀ ਹੋਈਆਂ। ਸਮਾਗਮ ਦੌਰਾਨ ਮੰਚ ਤੋਂ ਭਾਰਤੀ ਸੱਭਿਆਚਾਰ ਅਤੇ ਗਣੇਸ਼ ਉਤਸਵ ਦੇ ਨਾਲ ਸੰਬੰਧਿਤ ਬਿਹਤਰੀਨ ਦ੍ਰਿਸ਼ ਬਣਦੇ ਹੋਏ ਨਜ਼ਰ ਆਏ ਜਿਨਾਂ ਤਹਿਤ ਸਭਿਆਚਾਰਕ ਨ੍ਰਿਤ ਕਲਾ ਅਤੇ ਰਿਵਾਇਤੀ ਸਾਜ਼ਾਂ ਨੇ ਸਭ ਦਾ ਮਨ ਮੋਹ ਲਿਆ। ਇਸ ਮੌਕੇ ਉੱਘੇ ਗਾਇਕ ਕੈਲਾਸ਼ ਖੇਰ ਨੇ ਵੀ ਆਪਣੇ ਗੀਤਾਂ ਜ਼ਰੀਏ ਹਾਜ਼ਰੀ ਲੁਆਈ ਅਤੇ ਪ੍ਰਬੰਧਕਾਂ ਵੱਲੋਂ ਉਨਾਂ ਦਾ ਉਚੇਚੇ ਤੌਰ ਉੱਤੇ ਸਨਮਾਨ ਵੀ ਕੀਤਾ ਗਿਆ।