ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ
ਅਮਰੀਕਾ ਵਿੱਚ ਪੁਲਿਸ ਵਿਭਾਗ ਨੇ ਦੇਸ਼ ਦੇ ਪੱਛਮੀ ਸੂਬਿਆਂ ਵਾਸ਼ਿੰਗਟਨ ਅਤੇ ਕੈਲੀਫੋਰਨੀਆ ਵਿੱਚ ਸਿੰਘ ਆਰਗੇਨਾਈਜੇਸ਼ਨ ਨਾਂਅ ਹੇਠ ਇੱਕ ਜਥੇਬੰਦਕ ਗੈਂਗ ਦੇ 12 ਮੈਂਬਰਾਂ ਨੂੰ ਕਰੋੜਾਂ ਡਾਲਰਾਂ ਦੀ ਟਰਾਂਸਪੋਰਟ ਠੱਗੀ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਸੇਂਟ ਬਰਨਾਰਡ ਕਾਉਂਟੀ ਸ਼ੈਰਿਫ਼ (ਪੁਲੀਸ ਵਿਭਾਗ) ਵਲੋਂ 26 ਤੋਂ 42 ਸਾਲ ਦੀ ਉਮਰ ਦੇ 12 ਨੌਜਵਾਨਾਂ ਦੀ ਸ਼ਨਾਖਤ ਕੀਤੀ ਗਈ ਹੈ। ਪੁਲੀਸ ਦੀ ਸਾਂਝੀ ਜਾਂਚ ਟੀਮ ਵਲੋਂ ਦੱਸਿਆ ਗਿਆ ਕਿ 2021 ਤੋਂ ਢੋਆ ਢੁਆਈ ਦੇ ਨਾਂਅ ਹੇਠ ਕੀਮਤੀ ਸਮਾਨ ਗਾਇਬ ਹੋਣ ਦੀਆਂ ਸੈਂਕੜੇ ਸ਼ਿਕਾਇਤਾਂ ਮਿਲਣ ਤੋਂ ਬਾਅਦ ਕੈਲੇਫੋਰਨੀਆਂ ਅਤੇ ਵਸ਼ਿੰਗਟਨ ਦੀਆਂ ਕਾਉਂਟੀ ਪੁਲੀਸ ਵਲੋਂ ਟੀਮਾਂ ਗਠਿਤ ਕੀਤੀਆਂ ਗਈਆਂ ਸੀ। ਇਨ੍ਹਾਂ ਟੀਮਾਂ ਨੇ ਲੰਮੀ ਜਾਂਚ ਤੋਂ ਬਾਅਦ ਪਤਾ ਲਾਇਆ ਕਿ ਕੁੱਝ ਵਿਅਕਤੀਆਂ ਨੇ ਸਿੰਘ ਆਰਗੇਨਾਈਜ਼ੇਸ਼ਨ ਨਾਂਅ ਹੇਠ ਗੈਂਗ ਬਣਾਇਆ ਹੋਇਆ ਸੀ, ਜੋ ਨਾਮੀ ਟਰਾਂਸਪੋਰਟ ਕੰਪਨੀਆਂ ਦੇ ਨਾਂਅ ਹੇਠ ਕੀਮਤੀ ਸਮਾਨ ਦੀ ਢੋਆ ਢੁਆਈ ਦੇ ਠੇਕੇ ਲੈ ਕੇ ਸਮਾਨ ਲੋਡ ਕਰ ਲੈਂਦੇ ਸਨ ਅਤੇ ਟਿਕਾਣੇ ਉੱਤੇ ਪਹੁੰਚਾਉਣ ਦੀ ਥਾਂ ਵੇਚ ਦਿੰਦੇ ਸਨ। ਪੁਲੀਸ ਨੇ ਦੱਸਿਆ ਕਿ ਸਬੂਤ ਇਕੱਤਰ ਕਰਕੇ ਇੱਕੋ ਵੇਲੇ ਛਾਪੇ ਮਾਰਦਿਆਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਨ੍ਹਾਂ ਵੱਲੋਂ ਚਾਰ ਸਾਲਾਂ ਦੌਰਾਨ ਕੀਤੀਆਂ ਠੱਗੀਆਂ ਦੀ ਜਾਂਚ ਕੀਤੀ ਜਾ ਰਹੀ ਹੈ ।






