ਵਾਸ਼ਿੰਗਟਨ ਡੀ. ਸੀ./ਪੰਜਾਬ ਪੋਸਟ
ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਦੇ ਵਰ੍ਹੇ ਦਾ ਮਾਹੌਲ ਹੁਣ ਭਖਦਾ ਜਾ ਰਿਹਾ ਹੈ। ਇਸ ਤਹਿਤ, ਮੌਜੂਦਾ ਰਾਸ਼ਟਰਪਤੀ ਜੋਅ ਬਾਈਡਨ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ 2024 ਦੀਆਂ ਚੋਣਾਂ ਦੇ ਨਤੀਜਿਆਂ ਨੂੰ ਸਵੀਕਾਰ ਨਹੀਂ ਕਰਨਗੇ। ਬਾਈਡਨ ਨੇ ਇਹ ਟਿੱਪਣੀ ਓਸ ਵੇਲੇ ਕੀਤੀ ਜਦੋਂ ਓਹ ਮਿਲਵਾਕੀ ਜਰਨਲ ਸੈਂਟੀਨੇਲ ਨਾਲ ਇੱਕ ਇੰਟਰਵਿਊ ਵਿੱਚ ਪਿਛਲੇ ਹਫ਼ਤੇ ਟਰੰਪ ਦੀਆਂ ਟਿੱਪਣੀਆਂ ਬਾਰੇ ਇੱਕ ਸਵਾਲ ਦਾ ਜਵਾਬ ਦੇ ਰਹੇ ਸਨ। ਬਾਈਡਨ ਮੁਹਿੰਮ ਦੇ ਬੁਲਾਰੇ ਜੇਮਸ ਸਿੰਗਰ ਨੇ ਪਿਛਲੇ ਹਫ਼ਤੇ ਸੈਂਟੀਨੇਲ ਪ੍ਰਕਾਸ਼ਨ ਸਮੂਹ ਨੂੰ ਟਰੰਪ ਦੀਆਂ ਟਿੱਪਣੀਆਂ ਬਾਰੇ ਇੱਕ ਬਿਆਨ ਵਿੱਚ ਟਰੰਪ ਨੂੰ ਸੰਵਿਧਾਨ ਅਤੇ ਲੋਕਤੰਤਰ ਲਈ ਖ਼ਤਰਾ ਕਰਾਰ ਦਿੱਤਾ ਸੀ। ਹਾਲ ਹੀ ਵਿੱਚ ਕੁੱਝ ਹੋਰ ਸੰਵਾਦਾਂ ਵਿੱਚ, ਟਰੰਪ ਨੇ ਚੋਣ ਨਤੀਜਿਆਂ ’ਤੇ ਸਵਾਲ ਦੇ ਲਹਿਜ਼ੇ ਵਾਲੇ ਕੁਝ ਸੰਕੇਤ ਦਿੱਤੇ ਸਨ। ਇੱਕ ਇੰਟਰਵਿਊ ਵਿੱਚ ਜਦੋਂ ਟਰੰਪ ਨੂੰ ਸਾਲ 2020 ਦੀਆਂ ਚੋਣਾਂ ਦੇ ਨਤੀਜੇ ਸਵੀਕਾਰ ਕਰ ਲੈਣ ਬਾਰੇ ਪੁੱਛਿਆ ਗਿਆ ਸੀ ਤਾਂ ਉਨ੍ਹਾਂ ਕਿਹਾ ਸੀ ਕਿ ਨਿਰਪੱਖ ਅਤੇ ਸੁਤੰਤਰ ਚੋਣਾਂ ਸਬੰਧੀ ਹਰ ਕਿਸੇ ਕੋਲ ਹਮੇਸ਼ਾ ਨਤੀਜੇ ਨੂੰ ਚੁਣੌਤੀ ਦੇਣ ਦਾ ਅਧਿਕਾਰ ਹੋਣਾ ਚਾਹੀਦਾ ਹੈ। ਟਾਈਮ ਮੈਗਜ਼ੀਨ ਨਾਲ ਪਿਛਲੇ ਮਹੀਨੇ ਇੱਕ ਇੰਟਰਵਿਊ ਵਿੱਚ, ਟਰੰਪ ਤੋਂ ਇਹ ਵੀ ਪੁੱਛਿਆ ਗਿਆ ਸੀ ਕਿ ਜੇਕਰ ਉਹ ਚੋਣ ਹਾਰ ਜਾਂਦੇ ਹਨ ਤਾਂ ਕੀ ਸਿਆਸੀ ਹਿੰਸਾ ਦੀ ਸੰਭਾਵਨਾ ਹੋਵੇਗੀ? ਇਸ ਦੇ ਜਵਾਬ ਵਿੱਚ ਟਰੰਪ ਨੇ ਕੋਈ ਸਪੱਸ਼ਟ ਉੱਤਰ ਨਹੀਂ ਸੀ ਦਿੱਤਾ ਸਗੋਂ ਇਸ ਨੂੰ ਚੋਣ ਦੀ ਨਿਰਪੱਖਤਾ ’ਤੇ ਨਿਰਭਰ ਕਰਦਾ ਦੱਸਿਆ ਸੀ।
ਅਮਰੀਕੀ ਰਾਸ਼ਟਰਪਤੀ ਚੋਣ ਮੁਹਿੰਮ ’ਚ ਪਿਛਲੇ ਨਤੀਜਿਆਂ ਦੀ ਛਿੜੀ ਭਰਵੀਂ ਚਰਚਾ
Published: