ਸੁਲਤਾਨਪੁਰ ਲੋਧੀ/ਪੰਜਾਬ ਪੋਸਟ
ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਸਬ-ਡਵੀਜ਼ਨ ‘ਚ ਅੱਜ ਮੰਗਲਵਾਰ ਸ਼ਾਮ ਕਰੀਬ 5 ਵਜੇ ਕੁਝ ਹਥਿਆਰਬੰਦ ਲੁਟੇਰਿਆਂ ਨੇ ਪਿੰਡ ਸੱਦੂਵਾਲ ਜੱਬੋਵਾਲ ਰੋਡ ‘ਤੇ ਸਥਿਤ ਪੈਟਰੋਲ ਪੰਪ ‘ਤੇ ਹਮਲਾ ਕਰਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ‘ਦੌਰਾਨ ਪੈਟਰੋਲ ਪੰਪ ‘ਤੇ ਕੰਮ ਕਰਦੇ ਦੋ ਕਰਮਚਾਰੀ ਵੀ ਲੁਟੇਰਿਆਂ ਦੇ ਹਮਲੇ ਕਾਰਨ ਜ਼ਖਮੀ ਹੋ ਗਏ। ਜਿਸਨੂੰ ਲੋਹੀਆਂ ਖਾਸ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਘਟਨਾ ਤੋਂ ਬਾਅਦ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਹੈ। ਜਾਣਕਾਰੀ ਅਨੁਸਾਰ ਐਸ.ਆਰ.ਪੈਟਰੋਲ ਪੰਪ ਦੇ ਮਾਲਕ ਯੋਗਰਾਜ ਸਿੰਘ ਮੋਮੀ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ ਬਾਈਕ ‘ਤੇ ਸਵਾਰ ਤਿੰਨ ਹਥਿਆਰਬੰਦ ਲੁਟੇਰੇ ਉਨ੍ਹਾਂ ਦੇ ਪੰਪ ‘ਤੇ ਆਏ ਅਤੇ ਉਨ੍ਹਾਂ ਦੇ ਪੈਟਰੋਲ ਪੰਪ ਤੇ ਕੰਮ ਕਰ ਰਹੇ ਕ੍ਰਿਸ਼ਨ ਕੁਮਾਰ ਪੁੱਤਰ ਗੋਲੀ ਵਾਸੀ ਗੋਦਾ ਯੂਪੀ, ਆਨੰਦ ਕੁਮਾਰ ਪੁੱਤਰ ਰਘੁਨੰਦ ਪ੍ਰਸਾਦ ਵਾਸੀ ਗੋਦਾ ਯੂਪੀ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਘਟਨਾ ‘ਚ ਜ਼ਖਮੀ ਹੋਏ ਜਵਾਨਾਂ ਨੂੰ ਇਲਾਜ ਲਈ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਪੰਪ ਮਾਲਕ ਜੋਗਰਾਜ ਸਿੰਘ ਨੇ ਦੱਸਿਆ ਕਿ ਲੁਟੇਰੇ 20 ਹਜ਼ਾਰ ਤੋਂ 25 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ ਸਨ। ਡੀਐਸਪੀ ਸੁਲਤਾਨਪੁਰ ਲੋਧੀ ਬਬਨਦੀਪ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੱਸ ਦਈਏ ਕਿ ਆਜ਼ਾਦੀ ਦਿਹਾੜੇ ਨੂੰ ਲੈ ਕੇ ਜ਼ਿਲ੍ਹਾ ਪੁਲਿਸ ਵੱਲੋਂ ਜਨਤਾ ਦੀ ਸੁਰੱਖਿਆ ਅਤੇ ਪੁਖਤਾ ਪੁਲਿਸ ਪ੍ਰਬੰਧ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਨ੍ਹਾਂ ਹਾਲਾਤਾਂ ਵਿੱਚ ਲੁਟੇਰਿਆਂ ਵੱਲੋਂ ਪੰਪ ਲੁੱਟਣ ਦੀ ਘਟਨਾ ਪੁਲੀਸ ਦੇ ਸਖ਼ਤ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰ ਰਹੀ ਹੈ।