ਆਦਮਪੁਰ/ਪੰਜਾਬ ਪੋਸਟ
ਹਵਾਈ ਜਹਾਜ਼ ਵਿਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਗੱਲ ਹੈ ਕਿ ਆਦਮਪੁਰ ਏਅਰਪੋਰਟ ਤੋਂ ਮੁੰਬਈ ਲਈ ਇੰਡੀਗੋ ਏਅਰਲਾਈਨ ਦੀ ਸਿੱਧੀ ਉਡਾਣ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਆਦਮਪੁਰ ਹਵਾਈ ਅੱਡੇ ਤੋਂ ਇਹ ਉਡਾਣ ਲੰਘੇ ਕੱਲ ਦੁਪਹਿਰ 3:30 ਵਜੇ ਦੇ ਕਰੀਬ ਉੱਡੀ, ਜੋ ਕਿ ਸ਼ਾਮ 6 ਵਜੇ ਮੁੰਬਈ ਪਹੁੰਚੀ। ਇਹ ਸੇਵਾ ਰੋਜ਼ਾਨਾ ਉਪਲੱਬਧ ਹੋਵੇਗੀ। ਇਹ ਨਾ ਸਿਰਫ਼ ਧਾਰਮਿਕ ਸ਼ਰਧਾਲੂਆਂ ਸਗੋਂ ਪੰਜਾਬ ਦੇ ਵਪਾਰੀਆਂ, ਸੈਲਾਨੀਆਂ ਅਤੇ ਵਿਦਿਆਰਥੀਆਂ ਲਈ ਵੀ ਰਾਹਤ ਲੈ ਕੇ ਆਈ ਹੈ। ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਇਸ ਪਹਿਲਕਦਮੀ ਨੂੰ ਪੰਜਾਬ ਲਈ “ਹਵਾਬਾਜ਼ੀ ਸੰਪਰਕ ਕ੍ਰਾਂਤੀ” ਦਾ ਹਿੱਸਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਸੇਵਾ ਨਾ ਸਿਰਫ਼ ਇਕ ਧਾਰਮਿਕ ਜ਼ਰੂਰਤ ਵਜੋਂ ਕੰਮ ਕਰੇਗੀ ਸਗੋਂ ਆਰਥਿਕ ਅਤੇ ਸਮਾਜਿਕ ਵਿਕਾਸ ਦੇ ਲਿਹਾਜ਼ ਨਾਲ ਵੀ ਇਕ ਮਹੱਤਵਪੂਰਨ ਮੀਲ ਪੱਥਰ ਵੀ ਸਾਬਤ ਹੋਵੇਗੀ। ਇਹ ਉਡਾਣ ਸਿੱਖ ਸੰਗਤ ਲਈ ਵਿਸ਼ੇਸ਼ ਤੌਰ ‘ਤੇ ਲਾਭਦਾਇਕ ਸਾਬਤ ਹੋਵੇਗੀ, ਕਿਉਂਕਿ ਹੁਣ ਮੁੰਬਈ ਨਾਲ ਲੱਗਦੇ ਨਾਂਦੇੜ ਵਿੱਚ ਸਥਿਤ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੱਕ ਪਹੁੰਚਣਾ ਬਹੁਤ ਸੌਖਾ ਹੋ ਜਾਵੇਗਾ। ਪਹਿਲਾਂ ਆਦਮਪੁਰ ਜਾਂ ਜਲੰਧਰ ਤੋਂ ਨਾਂਦੇੜ ਜਾਣ ਲਈ ਜਾਂ ਤਾਂ ਇਕ ਰੇਲਗੱਡੀ ਜਾਂ ਕਈ ਉਡਾਣਾਂ ਦੇ ਸੁਮੇਲ ਦੀ ਲੋੜ ਹੁੰਦੀ ਸੀ ਪਰ ਹੁਣ ਸਿੱਧੀ ਉਡਾਣ ਰਾਹੀਂ ਮੁੰਬਈ ਪਹੁੰਚ ਕੇ ਸ਼ਰਧਾਲੂ ਜਲਦੀ ਹੀ ਤਖ਼ਤ ਸਾਹਿਬ ਪਹੁੰਚ ਸਕਦੇ ਹਨ।






