- ਰਾਹੁਲ ਗਾਂਧੀ ਨੇ ਅਡਾਨੀ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਮੰਗ ਕੀਤੀ
ਨਿਊਯਾਰਕ/ਪੰਜਾਬ ਪੋਸਟ
ਭਾਰਤੀ ਅਰਬਪਤੀ ਅਤੇ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨਾਲ ਇੱਕ ਹੋਰ ਵੱਡਾ ਵਿਵਾਦ ਜੁੜ ਗਿਆ ਹੈ ਅਤੇ ਹੁਣ ਅਡਾਨੀ ਨੂੰ ਅਮਰੀਕਾ ਤੋਂ ਵੱਡਾ ਝਟਕਾ ਲੱਗਾ ਹੈ। ਉਸ ਦੀ ਕੰਪਨੀ ‘ਤੇ ਅਮਰੀਕਾ ‘ਚ ਨਿਵੇਸ਼ਕਾਂ ਨੂੰ ਧੋਖਾ ਦੇਣ ਅਤੇ ਸੂਰਜੀ ਊਰਜਾ ਦਾ ਠੇਕਾ ਲੈਣ ਲਈ ਭਾਰਤੀ ਅਧਿਕਾਰੀਆਂ ਨੂੰ ਹਜ਼ਾਰਾਂ ਕਰੋੜ ਰੁਪਏ ਦੀ ਰਿਸ਼ਵਤ ਦੇਣ ਦਾ ਦੋਸ਼ ਹੈ। ਇਹ ਪੂਰਾ ਮਾਮਲਾ ਅਡਾਨੀ ਗ੍ਰੀਨ ਐਨਰਜੀ ਅਤੇ ਹੋਰ ਫਰਮਾਂ ਨਾਲ ਸਬੰਧਤ ਹੈ। ਇਹ ਖਬਰ ਆਉਂਦੇ ਹੀ ਸ਼ੇਅਰ ਬਾਜ਼ਾਰ ‘ਚ ਹਫੜਾ-ਦਫੜੀ ਮਚ ਗਈ ਅਤੇ ਗੌਤਮ ਅਡਾਨੀ ਦੀਆਂ ਸਾਰੀਆਂ ਕੰਪਨੀਆਂ ਦੇ ਸ਼ੇਅਰ ਕਰੈਸ਼ ਹੋ ਗਏ। ਇਸ ਦੌਰਾਨ ਅਡਾਨੀ ਗਰੁੱਪ ਵੱਲੋਂ ਵੱਡਾ ਬਿਆਨ ਜਾਰੀ ਕੀਤਾ ਗਿਆ ਹੈ ਅਤੇ ਉਨਾਂ ਨੇ ਆਪਣੇ ਆਪ ਨੂੰ ਸਾਫ਼ ਦੱਸਿਆ ਹੈ। ਰਿਪੋਰਟਾਂ ਦੇ ਮੁਤਾਬਕ ਅਮਰੀਕਾ ‘ਚ ਗੌਤਮ ਅਡਾਨੀ ਅਤੇ ਉਨ੍ਹਾਂ ਦੀ ਕੰਪਨੀ ਅਡਾਨੀ ਗ੍ਰੀਨ ਐਨਰਜੀ ‘ਤੇ ਗੰਭੀਰ ਦੋਸ਼ ਲੱਗੇ ਹਨ। ਦਾਅਵਾ ਕੀਤਾ ਗਿਆ ਹੈ ਕਿ 2020 ਤੋਂ 2024 ਦਰਮਿਆਨ ਅਡਾਨੀ ਗ੍ਰੀਨ ਅਤੇ ਅਜ਼ੂਰ ਪਾਵਰ ਗਲੋਬਲ ਨੂੰ ਇਸ ਸੋਲਰ ਪ੍ਰੋਜੈਕਟ ਨੂੰ ਲੈਣ ਲਈ ਗਲਤ ਰੂਟਾਂ ਰਾਹੀਂ ਭਾਰਤੀ ਅਧਿਕਾਰੀਆਂ ਨੂੰ ਰਿਸ਼ਵਤ ਦਿੱਤੀ ਗਈ ਸੀ। ਗੌਤਮ ਅਡਾਨੀ ‘ਤੇ ਭਾਰਤੀ ਅਧਿਕਾਰੀਆਂ ਨੂੰ 265 ਮਿਲੀਅਨ ਡਾਲਰ (ਕਰੀਬ 2236 ਕਰੋੜ ਰੁਪਏ) ਦੀ ਰਿਸ਼ਵਤ ਦੇਣ ਅਤੇ ਆਪਣੀ ਕੰਪਨੀ ਅਡਾਨੀ ਗ੍ਰੀਨ ਐਨਰਜੀ ਲਿਮਟਿਡ ਲਈ ਅਮਰੀਕਾ ਵਿਚ ਸੂਰਜੀ ਊਰਜਾ ਪ੍ਰਾਜੈਕਟ ਦਾ ਠੇਕਾ ਲੈਣ ਲਈ ਇਸ ਨੂੰ ਛੁਪਾਉਣ ਦਾ ਦੋਸ਼ ਹੈ। ਇਸ ਦੌਰਾਨ, ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਉਦਯੋਗਪਤੀ ਗੌਤਮ ਅਡਾਨੀ ‘ਤੇ ਅਮਰੀਕੀ ਵਕੀਲਾਂ ਵਲੋਂ ਲਗਾਏ ਗਏ ਦੋਸ਼ਾਂ ਦੇ ਸਬੰਧ ਵਿਚ ਕਿਹਾ ਕਿ ਅਡਾਨੀ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ।