*ਸਥਾਨਕ ਸੰਗਤ ਦੀ ਪਹਿਰੇਦਾਰੀ ਸਦਕਾ ਪਾਵਨ ਸਰੂਪ ਨੂੰ ਵਾਪਸ ਗੁਰੂ ਘਰ ਪਹੁੰਚਾਇਆ ਗਿਆ
ਨਿਊਯਾਰਕ/ਪੰਜਾਬ ਪੋਸਟ
ਅਮਰੀਕਾ ਦੇ ਨਿਊਯਾਰਕ ਵਿਖੇ ਸਿੱਖ ਸੰਗਤ ਦੇ ਸਿਰੜ ਅਤੇ ਸੰਘਰਸ਼ ਸਦਕਾ ਬੇਅਦਬੀ ਦੇ ਇੱਕ ਵੱਡੇ ਘਟਨਾਕ੍ਰਮ ਨੂੰ ਨੱਥ ਪਾਈ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ ਅਮਰੀਕਾ ਦੇ ਨਿਊਯਾਰਕ ਦੇ ਗਾਰਡਨ ਸਿਟੀ ਪਾਰਕ ਤੋਂ ਇਸ ਮੰਦਭਾਗੀ ਘਟਨਾ ਦੀ ਸੂਚਨਾ ਮਿਲੀ ਜਿੱਥੇ ਇੱਕ ਮਹਿਲਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਮਰਿਆਦਾ ਦੀ ਉਲੰਘਣਾ ਕਰਦੇ ਹੋਏ ਆਪਣੇ ਘਰੇ ਰੱਖਿਆ ਹੋਇਆ ਸੀ ਅਤੇ ਜਿਸ ਗੁਰੂ ਘਰ ਤੋਂ ਇਸ ਸਰੂਪ ਨੂੰ ਲਿਆਂਦਾ ਗਿਆ ਸੀ ਉੱਥੇ ਸਰੂਪ ਦੀ ਵਾਪਸੀ ਸਬੰਧੀ ਇਹ ਮਹਿਲਾ ਆਨਾਕਾਨੀ ਕਰ ਰਹੀ ਸੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਮਹਿਲਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਵਾਪਸ ਕਰਨ ਤੋਂ ਇਨਕਾਰ ਕਰਦੇ ਹੋਏ ਆਪਣੇ ਘਰ ਦੇ ਦਰਵਾਜ਼ੇ ਬੰਦ ਕਰ ਲਏ ਸਨ। ਇਸ ਮਹਿਲਾ ਦਾ ਨਾਮ ਪ੍ਰਭਲੀਨ ਕੌਰ ਦੱਸਿਆ ਜਾ ਰਿਹਾ ਹੈ ਜੋ ਕਿ ਗੁਰਦੁਆਰਾ ਗਿਆਨਸਰ ਸਾਹਿਬ ਰਾਮਗੜੀਆ ਸਿੱਖ ਸੋਸਾਇਟੀ ਫਾਰ ਨਿਊਯਾਰਕ ਵਿਖੇ ਕਈ ਦਿਨ ਸੇਵਾ ਕਰਨ ਜਾਂਦੀ ਰਹੀ ਅਤੇ ਉਸ ਨੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਗੁਲਜ਼ਾਰ ਸਿੰਘ ਕੋਲੋਂ ਇਹ ਕਹਿੰਦੇ ਹੋਏ, ਕਿ ਉਸ ਨੇ ਆਪਣੇ ਘਰੇ ਸਹਿਜ ਪਾਠ ਰਖਵਾਉਣਾ ਹੈ, ਇਹ ਸਰੂਪ ਹਾਸਲ ਕੀਤਾ ਸੀ ਅਤੇ ਜਦੋਂ ਸੇਵਾਦਾਰ ਪਾਵਨ ਸਰੂਪ ਨੂੰ ਵਾਪਸ ਗੁਰੂ ਘਰ ਲੈ ਕੇ ਜਾਣ ਲਈ ਓਸ ਦੇ ਘਰ ਪਹੁੰਚੇ ਸਨ ਤਾਂ ਇਸ ਮਹਿਲਾ ਨੇ ਸਰੂਪ ਵਾਪਸ ਕਰਨ ਤੋਂ ਸਾਫ਼ ਮਨਾ ਕਰ ਦਿੱਤਾ ਸੀ। ਇਸ ਮਾਮਲੇ ਦਾ ਪਤਾ ਲੱਗਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਸਥਾਨਕ ਸੰਗਤ ਵੱਲੋਂ ਇਸ ਮਹਿਲਾ ਦੇ ਘਰ ਦੇ ਬਾਹਰ ਦਿਨ ਰਾਤ ਪਹਿਰਾ ਦਿੱਤਾ ਗਿਆ ਅਤੇ ਮਾਮਲਾ ਪੁਲਿਸ ਪ੍ਰਸ਼ਾਸਨ ਦੇ ਧਿਆਨ ਲਿਆਉਣ ਤੋਂ ਬਾਅਦ ਇਸ ਮਹਿਲਾ ਨੂੰ ਪਾਵਨ ਸਰੂਪ ਵਾਪਸ ਕਰਨਾ ਪਿਆ ਹੈ। ਸਥਾਨਕ ਸੰਗਤ ਅਤੇ ਸਤਿਕਾਰ ਕਮੇਟੀ ਵੱਲੋਂ ਮਰਿਆਦਾ ਅਤੇ ਸਤਿਕਾਰ ਸਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਗੁਰੂ ਘਰ ਵਿਖੇ ਬਿਰਾਜਮਾਨ ਕਰ ਦਿੱਤਾ ਗਿਆ ਹੈ ਜਦਕਿ ਇਸ ਮਹਿਲਾ ਦੇ ਖਿਲਾਫ ਪ੍ਰਸ਼ਾਸਨਿਕ ਕਾਰਵਾਈ ਸ਼ੁਰੂ ਹੋਈ ਹੈ।