ਲੁਧਿਆਣਾ/ਪੰਜਾਬ ਪੋਸਟ
ਪੰਜਾਬ ਵਿੱਚ ਡੇਂਗੂ ਤੋਂ ਬਾਅਦ ਹੁਣ ਸਵਾਈਨ ਫਲੂ ਦਾ ਰੌਲਾ ਪੈਣ ਲੱਗਿਆ ਏ ਅਤੇ ਸੂਬੇ ’ਚ ਇਸ ਦੇ ਮਰੀਜ਼ਾਂ ਦੀ ਗਿਣਤੀ 42 ਹੋ ਚੁੱਕੀ ਹੈ। ਸਿਹਤ ਵਿਭਾਗ ਵੱਲੋਂ ਇਨਾਂ ’ਚ 25 ਮਰੀਜ਼ਾਂ ਵਿਚ ਸਵਾਈਨ ਫਲੂ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ, ਜਦੋਂਕਿ 17 ਮਰੀਜ਼ਾਂ ਨੂੰ ਸ਼ੱਕੀ ਸ਼੍ਰੇਣੀ ’ਚ ਰੱਖਿਆ ਗਿਆ ਹੈ। ਇਸ ਦੌਰਾਨ ਇਨਾਂ ’ਚੋਂ 6 ਮਰੀਜ਼ਾਂ ਦੀ ਇਲਾਜ ਦੌਰਾਨ ਮੌਤ ਵੀ ਹੋ ਚੁੱਕੀ ਹੈ। ਮਹਾਂਨਗਰ ਲੁਧਿਆਣਾ ਦੇ ਸਿਵਲ ਸਰਜਨ ਮੁਤਾਬਕ ਜਿਨਾਂ 6 ਮਰੀਜ਼ਾਂ ਦੀ ਮੌਤ ਹੋਈ ਏ, ਉਨਾਂ ਨੂੰ ਸ਼ੱਕੀ ਸ਼ਣੀ ’ਚ ਰੱਖਿਆ ਗਿਆ ਏ ਅਤੇ ਇਸ ਦੀ ਪੁਸ਼ਟੀ ਰੀਵਿਊ ਕਮੇਟੀ ਵੱਲੋਂ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਉਨਾਂ ਨੂੰ ਸ਼ੱਕੀ ਸ਼੍ਰੇਣੀ ’ਚ ਰੱਖਣ ਦੀ ਹੀ ਵਿਵਸਥਾ ਏ। ਉਨਾਂ ਐਡਵਾਇਜ਼ਰੀ ਦਿੰਦਿਆਂ ਦੱਸਿਆ ਕਿ ਸਵਾਈਨ ਫਲੂ ਦੇ ਲੱਛਣ ਸਾਧਾਰਣ ਜੁਕਾਮ ਵਾਂਗ ਪੈਦਾ ਹੁੰਦੇ ਨੇ, ਜਿਸ ਵਿੱਚ ਗਲਾ ਖਰਾਬ ਅਤੇ ਸਾਹ ਲੈਣ ’ਚ ਤਕਲੀਫ ਸ਼ਾਮਲ ਏ। ਸਿਹਤ ਵਿਭਾਗ ਵੱਲੋਂ ਸੂਬੇ ਦੇ ਲੋਕਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਲੱਛਣ ਵਿਗੜਨ ’ਤੇ ਤੁਰੰਤ ਕਿਸੇ ਮਾਹਿਰ ਜਾਂ ਨੇੜੇ ਦੇ ਹਸਪਤਾਲ ’ਚ ਸੰਪਰਕ ਕਰਨਾ ਚਾਹੀਦਾ ਹੈ।