ਬਘਲਾਨ/ਪੰਜਾਬ ਪੋਸਟ
ਦੁਨੀਆਂ ਭਰ ਵਿੱਚ ਕੁਦਰਤੀ ਅਤੇ ਜਲਵਾਯੂ ਤਬਦੀਲੀਆਂ ਦਾ ਅਸਰ ਲਗਾਤਾਰ ਵੇਖਿਆ ਜਾ ਰਿਹਾ ਹੈ। ਇਸੇ ਲੜੀ ਤਹਿਤ ਹੁਣ ਅਫਗਾਨਿਸਤਾਨ ਦੇਸ਼ ਪ੍ਰਭਾਵਿਤ ਹੋਇਆ ਹੈ, ਜਿੱਥੇ ਭਾਰੀ ਮੀਂਹ ਕਾਰਨ ਆਏ ਭਿਆਨਕ ਹੜ੍ਹ ’ਚ 300 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਅਫਗਾਨਿਸਤਾਨ ਦੇ ਉੱਤਰੀ ਸੂਬੇ ਬਘਲਾਨ ਵਿੱਚ ਹੜ੍ਹ ਕਾਰਨ 1000 ਤੋਂ ਵੱਧ ਘਰ ਤਬਾਹ ਹੋ ਗਏ ਹਨ। ਅਫਗਾਨਿਸਤਾਨ ’ਚ ਪਿਛਲੇ ਕੁਝ ਹਫਤਿਆਂ ਦੌਰਾਨ ਅਸਧਾਰਨ ਤੌਰ ’ਤੇ ਭਾਰੀ ਬਾਰਿਸ਼ ਹੋਈ ਹੈ ਅਤੇ ਦੇਸ਼ ਦਾ ਉੱਤਰੀ ਖੇਤਰ ਹੜ੍ਹਾਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਸੰਯੁਕਤ ਰਾਸ਼ਟਰ ਦੇ ਭੋਜਨ ਪ੍ਰੋਗਰਾਮ ਨੇ ਇਸ ਗੱਲ ਦੀ ਵੀ ਪੁਸ਼ਟੀ ਕਰ ਦਿੱਤੀ ਹੈ ਕਿ ਅਫਗਾਨਿਸਤਾਨ ਵਿੱਚ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 300 ਤੋਂ ਪਾਰ ਹੋ ਗਈ ਹੈ। ਭਾਰੀ ਮੀਂਹ ਅਤੇ ਭਿਆਨਕ ਹੜ੍ਹਾਂ ਨੇ ਵੀ ਉੱਤਰੀ ਅਤੇ ਉੱਤਰ ਪੱਛਮੀ ਅਫਗਾਨਿਸਤਾਨ ਵਿੱਚ ਤਬਾਹੀ ਮਚਾਈ ਹੈ। ਉੱਤਰੀ ਸੂਬੇ ਬਘਲਾਨ ਵਿੱਚ ਕੱਲ੍ਹ ਹੀ 62 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਬਘਲਾਨ ਵਿੱਚ ਹੜ੍ਹ ਨਾਲ ਘਰਾਂ ਅਤੇ ਜਾਇਦਾਦਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ ਅਤੇ ਹੜ੍ਹਾਂ ਕਾਰਨ ਕਈ ਲੋਕ ਲਾਪਤਾ ਹਨ। ਇਸ ਦੇ ਨਾਲ_ਨਾਲ, ਹੜ੍ਹ ਨੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਨੂੰ ਵੀ ਪ੍ਰਭਾਵਿਤ ਕੀਤਾ ਹੈ। ਬਚਾਅ ਟੀਮਾਂ ਭੋਜਨ ਅਤੇ ਹੋਰ ਸਹਾਇਤਾ ਵੀ ਪਹੁੰਚਾ ਰਹੀਆਂ ਹਨ। ਸਰਕਾਰ ਨੇ ਲੋਕਾਂ ਨੂੰ ਬਚਾਉਣ, ਜ਼ਖਮੀਆਂ ਨੂੰ ਲਿਜਾਣ ਅਤੇ ਲਾਸ਼ਾਂ ਦੀ ਭਾਲ ਲਈ ਸਾਰੇ ਉਪਲਬਧ ਸਾਧਨਾਂ ਦੀ ਵਰਤੋਂ ਕਰਨ ਦੇ ਹੁਕਮ ਦਿੱਤੇ ਹਨ। ਉਧਰ ਅਫਗਾਨਿਸਤਾਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਦੇਸ਼ ਦੀ ਹਵਾਈ ਸੈਨਾ ਨੇ ਬਘਲਾਨ ’ਚ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਹੜ੍ਹ ’ਚ ਫਸੇ ਵੱਡੀ ਗਿਣਤੀ ’ਚ ਲੋਕਾਂ ਨੂੰ ਬਚਾਇਆ ਗਿਆ ਹੈ ਅਤੇ ਜ਼ਖਮੀਆਂ ਨੂੰ ਇਲਾਕੇ ਦੇ ਫੌਜੀ ਹਸਪਤਾਲ ’ਚ ਪਹੁੰਚਾਇਆ ਗਿਆ ਹੈ।
ਦੁਬਈ ਤੋਂ ਬਾਅਦ ਹੁਣ ਅਫਗਾਨਿਸਤਾਨ ’ਚ ਭਾਰੀ ਮੀਂਹ ਤੇ ਹੜ੍ਹ , 300 ਲੋਕਾਂ ਦੀ ਗਈ ਜਾਨ

Published: