ਚੰਡੀਗੜ੍ਹ/ਪੰਜਾਬ ਪੋਸਟ
ਚੋਣਾਂ ਤੋਂ ਪਹਿਲਾਂ ਇੱਕ ਵਾਰ ਫੇਰ ਸਿਆਸੀ ਦਲ ਬਦਲੀਆਂ ਦਾ ਦੌਰ ਸ਼ੁਰੂ ਹੋ ਗਿਆ ਲੱਗਦਾ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸੋਹਨ ਸਿੰਘ ਠੰਡਲ ਅੱਜ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੂੰ ਪੰਜਾਬ ਭਾਜਪਾ ਦੇ ਇੰਚਾਰਜ ਵਿਜੇ ਰੂਪਾਨੀ ਵੱਲੋਂ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ। ਇਸ ਸਬੰਧੀ ਬੀਜੇਪੀ ਪੰਜਾਬ ਦੇ ‘ਐਕਸ’ ਖਾਤੇ ’ਤੇ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਪਾਰਟੀ ਆਗੂ ਵਿਜੇ ਰੂਪਾਨੀ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਦੇ ਦਿਖਾਈ ਦੇ ਰਹੇ ਹਨ। ਉਹ ਸੰਭਵ ਤੌਰ ’ਤੇ ਚੱਬੇਵਾਲ ਹਲਕੇ ਦੀ ਜ਼ਿਮਨੀ ਚੋਣ ਲਈ ਭਾਜਪਾ ਉਮੀਦਵਾਰ ਹੋ ਸਕਦੇ ਹਨ, ਕਿਉਂਕਿ ਉਹ 2012 ਵਿੱਚ ਇਸੇ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਚੁਣੇ ਗਏ ਸਨ। ਇਸ ਗੱਲ ਦਾ ਵੀ ਜ਼ਿਕਰ ਹੋ ਰਿਹਾ ਹੈ ਕਿ ਭਾਜਪਾ ਵੱਲੋਂ ਪੰਜਾਬ ਵਿਧਾਨ ਸਭਾ ਦੇ ਚਾਰ ਹਲਕਿਆਂ ਦੀਆਂ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਹੁਣ ਤੱਕ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਪੈਂਦੇ ਰਾਖਵਾਂ ਹਲਕਾ ਚੱਬੇਵਾਲ ਤੋਂ ਉਮੀਦਵਾਰ ਨਹੀਂ ਐਲਾਨਿਆ ਅਤੇ ਹੁਣ ਸੋਹਣ ਸਿੰਘ ਠੰਡਲ ਉਮੀਦਵਾਰ ਵਜੋਂ ਵੀ ਸਾਹਮਣੇ ਆ ਸਕਦੇ ਹਨ।