ਨਵੀਂ ਦਿੱਲੀ/ਪੰਜਾਬ ਪੋਸਟ
ਭਾਰਤ ਦੀ ਸਵਦੇਸੀ ‘ਆਕਾਸ਼’ ਮਿਜ਼ਾਈਲ ਸਿਸਟਮ ਹੁਣ ਸਿਰਫ਼ ਭਾਰਤੀ ਫ਼ੌਜਾਂ ਤਕ ਸੀਮਤ ਨਹੀਂ ਰਹੇਗਾ। ਇਸ ਦੀ ਮੰਗ ਦੱਖਣ ਪੂਰਬੀ ਏਸ਼ੀਆ ਤੋਂ ਲੈ ਕੇ ਖਾੜੀ ਦੇਸ਼ਾਂ ਤਕ ਤੇਜ਼ੀ ਨਾਲ ਵਧ ਰਹੀ ਹੈ, ਜਿਥੇ ਭਾਰਤ ਨੇ ਫਿਲੀਪੀਨਜ਼ ਨਾਲ ਆਕਾਸ਼ ਮਿਜ਼ਾਈਲ ਸਿਸਟਮ ਦੇ ਸੌਦੇ ਨੂੰ ਅੰਤਮ ਰੂਪ ਦੇਣ ਦੀ ਤਿਆਰੀ ਕਰ ਲਈ ਹੈ, ਉਥੇ ਹੁਣ ਇਸ ਨੇ ਸੰਯੁਕਤ ਅਰਬ ਅਮੀਰਾਤ ਨੂੰ ਵੀ ਇਸ ਦਾ ਪ੍ਰਸਤਾਵ ਦੇ ਦਿਤਾ ਹੈ। ਦੋਵਾਂ ਦੇਸ਼ਾਂ ਨਾਲ ਹੋ ਰਹੀ ਗੱਲਬਾਤ ਨੂੰ ਭਾਰਤ ਦੀ ਰੱਖਿਆ ਨਿਰਯਾਤ ਨੀਤੀ ਲਈ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ, ਭਾਰਤ ਅਤੇ ਫਿਲੀਪੀਨਜ਼ ਵਿਚਕਾਰ ਇਹ ਸੰਭਾਵਿਤ ਸੌਦਾ ਲਗਭਗ 200 ਮਿਲੀਅਨ ਡਾਲਰ (ਲਗਭਗ 1,660 ਕਰੋੜ ਰੁਪਏ) ਦਾ ਹੋ ਸਕਦਾ ਹੈ। ਸਾਲ 2022 ਵਿੱਚ ਬ੍ਰਹਮੋਸ ਮਿਜ਼ਾਈਲ ਸੌਦੇ ਤੋਂ ਬਾਅਦ ਇਹ ਭਾਰਤ ਦਾ ਫਿਲੀਪੀਨਜ਼ ਨੂੰ ਦੂਜਾ ਵੱਡਾ ਰਖਿਆ ਨਿਰਯਾਤ ਹੋਵੇਗਾ। ਉਸ ਸਮੇਂ, ਦੋਵਾਂ ਦੇਸ਼ਾਂ ਵਿਚਕਾਰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਸੌਦਾ ਹੋਇਆ ਸੀ। ਦਰਅਸਲ, ਦੱਖਣੀ ਚੀਨ ਸਾਗਰ ਵਿਚ ਚੀਨ ਨਾਲ ਵਧਦੇ ਤਣਾਅ ਦੇ ਵਿਚਕਾਰ, ਫਿਲੀਪੀਨਜ਼ ਅਪਣੀ ਫ਼ੌਜ ਅਤੇ ਹਵਾਈ ਰੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦਾ ਹੈ। ਫ਼ਰਵਰੀ 2025 ਵਿਚ, ਫਿਲੀਪੀਨਜ਼ ਦੇ ਚੀਫ਼ ਆਫ਼ ਸਟਾਫ਼ ਜਨਰਲ ਰੋਮੀਓ ਬ੍ਰੌਨਰ ਨੇ ਬ੍ਰਹਮੋਸ ਮਿਜ਼ਾਈਲ ਤੋਂ ਇਲਾਵਾ ਪਣਡੁੱਬੀਆਂ ਅਤੇ ਨਵੇਂ ਹਥਿਆਰ ਪ੍ਰਣਾਲੀਆਂ ਖਰੀਦਣ ਦੀਆਂ ਯੋਜਨਾਵਾਂ ਬਾਰੇ ਗੱਲ ਕੀਤੀ।