ਚੰਡੀਗੜ੍ਹ/ਪੰਜਾਬ ਪੋਸਟ
ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਲਈ ਜਾਅਲੀ ਵੋਟਾਂ ਦਰਜ ਕੀਤੀਆਂ ਜਾਣ ਦੇ ਦੋਸ਼ ਲਗਾਏ ਹਨ। ਵੀਰਵਾਰ ਨੂੰ ਪਾਰਟੀ ਦੇ ਵਫ਼ਦ ਨੇ ਗੁਰਦੁਆਰਾ ਚੋਣ ਕਮਿਸ਼ਨ ਦੇ ਚੀਫ਼ ਕਮਿਸ਼ਨਰ ਜਸਟਿਸ (ਸੇਵਾਮੁਕਤ) ਸੁਰਿੰਦਰ ਸਿੰਘ ਸਾਰੋਂ ਨੂੰ ਮਿਲ ਕੇ ਵੋਟਰ ਸੂਚੀਆਂ ਦੀ ਪੜਤਾਲ ਦੀ ਮੰਗ ਕੀਤੀ। ਵਫ਼ਦ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ, ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਸ਼ਾਮਲ ਸਨ। ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਵੱਡੇ ਪੱਧਰ ’ਤੇ ਹਜ਼ਾਰਾਂ ਜਾਅਲੀ ਵੋਟਾਂ ਰਜਿਸਟਰ ਕੀਤੀਆਂ ਗਈਆਂ ਹਨ।
ਚੀਮਾ ਨੇ ਦੋਸ਼ ਲਾਇਆ ਕਿ ਵੋਟਰ ਸੂਚੀਆਂ ਵਿੱਚ ਬੇਹਿਸਾਬ ਗੜਬੜਾਂ ਹਨ, ਜਿਸ ਵਿੱਚ ‘ਸਿੰਘ’ ਅਤੇ ‘ਕੌਰ’ ਵਰਗੇ ਪ੍ਰਚਲਿਤ ਪਿਛੇਤਰ ਗਾਇਬ ਹਨ। ਉਨ੍ਹਾਂ ਕਿਹਾ ਕਿ ਅਸਲ ਵੋਟਾਂ ਦੀਆਂ ਸੂਚੀਆਂ ਗਾਇਬ ਹੋਣ ਦੀ ਵੀ ਸ਼ਿਕਾਇਤ ਹੈ। ਪਾਰਟੀ ਵੱਲੋਂ ਵੋਟਰ ਸੂਚੀਆਂ ਦੀ ਪੜਤਾਲ ਕਰਨ ਅਤੇ ਜਾਅਲੀ ਵੋਟਾਂ ਦੀ ਪੂਰੀ ਜਾਂਚ ਕਰਨ ਦੀ ਮੰਗ ਕੀਤੀ ਗਈ। ਚੀਮਾ ਨੇ ਜ਼ੋਰ ਦਿੰਦਿਆਂ ਕਿਹਾ, “ਇਹ ਗੰਭੀਰ ਮਾਮਲਾ ਹੈ ਅਤੇ ਗੁਰਦੁਆਰਾ ਚੋਣ ਕਮਿਸ਼ਨ ਨੂੰ ਇਸਦੀ ਪੂਰੀ ਜਾਂਚ ਕਰਨੀ ਚਾਹੀਦੀ ਹੈ ਤਾਂ ਜੋ ਚੋਣਾਂ ਪਾਰਦਰਸ਼ੀ ਅਤੇ ਨਿਰਭੀਕ ਹੋਣ।” ਦਸਣਾ ਯੋਗ ਹੈ ਕਿ ਗੁਰਦੁਆਰਾ ਚੋਣ ਕਮਿਸ਼ਨ ਨੇ ਅਜੇ ਤੱਕ ਸ਼੍ਰੋਮਣੀ ਕਮੇਟੀ ਚੋਣਾਂ ਲਈ ਕਿਸੇ ਪ੍ਰੋਗਰਾਮ ਦਾ ਐਲਾਨ ਨਹੀਂ ਕੀਤਾ।
ਅਕਾਲੀ ਦਲ ਵੱਲੋਂ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ‘ਬੋਗਸ ਵੋਟਾਂ’ ਦੇ ਦੋਸ਼

Published: