ਵਾਸ਼ਿੰਗਟਨ/ਪੰਜਾਬ ਪੋਸਟ
ਇਜ਼ਰਾਈਲ ’ਤੇ ਈਰਾਨ ਦੇ ਹਮਲੇ ਨਾਲ ਪੱਛਮੀ ਏਸ਼ੀਆ ’ਚ ਜੰਗ ਦੀ ਸੰਭਾਵਨਾ ਵਧਣ ਦੌਰਾਨ ਅਮਰੀਕਾ ਅਤੇ ਬਿ੍ਰਟੇਨ ਨੇ ਈਰਾਨ ’ਤੇ ਕੁਝ ਨਵੀਆਂ ਪਾਬੰਦੀਆਂ ਲਗਾ ਦਿੱਤੀਆਂ ਹਨ। ਅਮਰੀਕੀ ਖਜ਼ਾਨਾ ਵਿਭਾਗ ਦੇ ਵਿਦੇਸ਼ੀ ਸੰਪਤੀ ਨਿਯੰਤਰਣ ਦਫਤਰ ਨੇ ਇਸ ਕਾਰਵਾਈ ਵਿੱਚ ਇਰਾਨ ਵਿੱਚ 16 ਲੋਕਾਂ ਅਤੇ 2 ਸੰਸਥਾਵਾਂ ਨੂੰ ਨਿਸ਼ਾਨਾ ਬਣਾਇਆ ਹੈ, ਜੋ 13 ਅਪ੍ਰੈਲ ਨੂੰ ਇਜ਼ਰਾਈਲ ਉੱਤੇ ਹੋਏ ਹਮਲੇ ਵਿੱਚ ਵਰਤੇ ਗਏ ਡਰੋਨ ਨੂੰ ਚਲਾਉਣ ਵਾਲੇ ਇੰਜਣ ਦੇ ਉਤਪਾਦਨ ਨਾਲ ਜੁੜੇ ਹੋਏ ਹਨ। ਇਸ ਦੇ ਨਾਲ ਹੀ ਬਿ੍ਰਟੇਨ ਇਰਾਨ ਦੇ ਡਰੋਨ ਅਤੇ ਬੈਲਿਸਟਿਕ ਮਿਜ਼ਾਈਲ ਉਦਯੋਗਾਂ ਨਾਲ ਜੁੜੇ ਕਈ ਈਰਾਨੀ ਫੌਜੀ ਸੰਸਥਾਵਾਂ, ਵਿਅਕਤੀਆਂ ਅਤੇ ਇਕਾਈਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਅਮਰੀਕੀ ਖਜ਼ਾਨਾ ਸਕੱਤਰ ਜੈਨੇਟ ਯੇਲੇਨ ਨੇ ਇੱਕ ਬਿਆਨ ਵਿੱਚ ਕਿਹਾ, ‘ਅਸੀਂ ਆਉਣ ਵਾਲੇ ਦਿਨਾਂ ਅਤੇ ਹਫ਼ਤਿਆਂ ਵਿੱਚ ਈਰਾਨ ਦੀਆਂ ਕਾਰਵਾਈਆਂ ਦੇ ਜਵਾਬ ਵਿੱਚ ਆਪਣੀਆਂ ਪਾਬੰਦੀਆਂ ਨੂੰ ਲਾਗੂ ਕਰਨਾ ਜਾਰੀ ਰੱਖਾਂਗੇ।’
ਅਮਰੀਕੀ ਅਧਿਕਾਰੀਆਂ ਨੇ ਇਸ ਹਫਤੇ ਚੇਤਾਵਨੀ ਦਿੱਤੀ ਸੀ ਕਿ ਉਹ ਖੇਤਰ ਵਿੱਚ ਈਰਾਨ ਦੀਆਂ ਗਤੀਵਿਧੀਆਂ ਦੇ ਜਵਾਬ ਵਿੱਚ ਅਤੇ ਭਵਿੱਖ ਦੇ ਹਮਲਿਆਂ ਨੂੰ ਰੋਕਣ ਲਈ ਨਵੀਆਂ ਪਾਬੰਦੀਆਂ ’ਤੇ ਵਿਚਾਰ ਕਰ ਰਹੇ ਹਨ। ਯੂ.ਐੱਸ. ਦੇ ਸੰਸਦ ਮੈਂਬਰ ਇੱਕ ਬਿੱਲ ਲਈ ਜ਼ੋਰ ਦੇ ਰਹੇ ਹਨ ਜੋ ਈਰਾਨ ਅਤੇ ਇਸਦੇ ਨੇਤਾਵਾਂ ’ਤੇ ਆਰਥਿਕ ਜ਼ੁਰਮਾਨੇ ਲਗਾਉਂਦਾ ਹੋਵੇ। ਪਿਛਲੇ ਐਤਵਾਰ ਤੜਕੇ ਈਰਾਨ ਦਾ ਇਜ਼ਰਾਈਲ ’ਤੇ ਹਮਲਾ ਇਸ ਮਹੀਨੇ ਦੇ ਸ਼ੁਰੂ ਵਿੱਚ ਸੀਰੀਆ ਵਿੱਚ ਈਰਾਨ ਦੇ ਵਣਜ ਦੂਤਘਰ ’ਤੇ ਇਜ਼ਰਾਈਲੀ ਹਮਲੇ ਦੇ ਜਵਾਬ ਵਿੱਚ ਕੀਤਾ ਗਿਆ।
ਇਜ਼ਰਾਈਲ ਦੇ ਫੌਜ ਮੁਖੀ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਦੇਸ਼ ਈਰਾਨੀ ਹਮਲੇ ਦਾ ਜਵਾਬ ਦੇਵੇਗਾ, ਜਦੋਂ ਕਿ ਵਿਸ਼ਵ ਨੇਤਾਵਾਂ ਨੇ ਜਵਾਬੀ ਕਾਰਵਾਈ ਨਾ ਕਰਨ ਦੀ ਸਲਾਹ ਦਿੱਤੀ ਹੈ ਤਾਂ ਕਿ ਹਿੰਸਾ ਦਾ ਸਿਲਸਿਲਾ ਅੱਗੇ ਨਾ ਵਧੇ। ਯੂਰਪੀਅਨ ਯੂਨੀਅਨ (ਈਯੂ) ਦੇ ਨੇਤਾਵਾਂ ਨੇ ਵੀ ਵਾਅਦਾ ਕੀਤਾ ਕਿ ਉਹ ਈਰਾਨ ’ਤੇ ਪਾਬੰਦੀਆਂ ਵਧਾਉਣਗੇ। ਈਯੂ ਦੀ ਵਿਦੇਸ਼ ਨੀਤੀ ਦੇ ਮੁਖੀ ਜੋਸਫ ਬੋਰੇਲ ਨੇ ਕਿਹਾ ਕਿ ਈਯੂ ਦੀਆਂ ਪ੍ਰਣਾਲੀਆਂ ਦੀ ਮੌਜੂਦਾ ਵਿਵਸਥਾ ਨੂੰ ਮਜ਼ਬੂਤ ਕੀਤਾ ਜਾਵੇਗਾ ਅਤੇ ਇਨ੍ਹਾਂ ਦਾ ਵਿਸਤਾਰ ਕਰਕੇ ਤਹਿਰਾਨ ਵਿਰੁੱਧ ਕਦਮ ਚੁੱਕਿਆ ਜਾਵੇਗਾ, ਤਾਂ ਕਿ ਇਜ਼ਰਾਈਲ ’ਤੇ ਭਵਿੱਖ ਵਿਚ ਹਮਲੇ ਨਾ ਹੋਣ। ਉਨ੍ਹਾਂ ਇਹ ਵੀ ਕਿਹਾ ਕਿ ਇਜ਼ਰਾਈਲ ਨੂੰ ਵੀ ਸੰਜਮ ਵਰਤਣਾ ਹੋਵੇਗਾ।






