ਵਾਸ਼ਿੰਗਟਨ ਡੀ. ਸੀ./ਪੰਜਾਬ ਪੋਸਟ
ਮੱਧ ਪੂਰਬ ਵਿੱਚ ਵਧਦੇ ਤਣਾਅ ਦੇ ਮੱਦੇਨਜ਼ਰ ਲਿਬਨਾਨ ਦੀ ਰਾਜਧਾਨੀ ਬੇਰੂਤ ਸਥਿਤ ਅਮਰੀਕੀ ਦੂਤਾਵਾਸ ਨੇ ਆਪਣੇ ਨਾਗਰਿਕਾਂ ਨੂੰ ਕਿਸੇ ਵੀ ਮਿਲਦੀ ਟਿਕਟ ਉੱਤੇ ਜਲਦੀ ਤੋਂ ਜਲਦੀ ਲੇਬਨਾਨ ਛੱਡਣ ਨੂੰ ਕਿਹਾ ਹੈ। ਇਸੇ ਤਰ੍ਹਾਂ ਦੀ ਚੇਤਾਵਨੀ ਇਸ ਤੋਂ ਪਹਿਲਾਂ ਬਿ੍ਰਟੇਨ ਦੇ ਵਿਦੇਸ਼ ਮੰਤਰੀ ਡੇਵਿਡ ਲੈਮੀ ਨੇ ਵੀ ਜਾਰੀ ਕੀਤੀ ਸੀ। ਲੈਮੀ ਨੇ ਕਿਹਾ ਸੀ ਕਿ ਖੇਤਰ ਵਿੱਚ ਸੁਰੱਖਿਆ ਦੀ ਸਥਿਤੀ ਤੇਜੀ ਨਾਲ ਵਿਗੜ ਸਕਦੀ ਹੈ। ਬੁੱਧਵਾਰ ਨੂੰ ਤਹਿਰਾਨ ਵਿੱਚ ਹੋਈ ਹਮਾਸ ਆਗੂ ਦੀ ਹੱਤਿਆ ਤੋਂ ਬਾਅਦ ਈਰਾਨ ਨੇ ਇਜ਼ਰਾਈਲ ਉੱਤੇ ਜਵਾਬੀ ਕਾਰਵਾਈ ਕਰਨ ਦੀ ਗੱਲ ਕਹੀ ਹੈ। ਇਜਰਾਈਲ ਦੇ ਬੇਰੂਤ ਵਿੱਚ ਹਿਜਬੁੱਲ੍ਹਾ ਦੇ ਕਮਾਂਡਰ ਫੌਦ ਸ਼ੁਕੁਰ ਨੂੰ ਮਾਰਨ ਦਾ ਦਾਅਵਾ ਕਰਨ ਤੋਂ ਕੁਝ ਘੰਟਿਆਂ ਬਾਅਦ ਹੀ ਹਾਨੀਏ ਦੀ ਮੌਤ ਦੀ ਖਬਰ ਸਾਹਮਣੇ ਆਈ ਸੀ। ਐਤਵਾਰ ਦੀ ਸਵੇਰ ਉੱਤਰੀ ਇਜ਼ਰਾਈਲ ਦੇ ਬੇਤ ਹਿਲੇਲ ਇਲਾਕੇ ਵਿੱਚ ਹਿਜਬੁੱਲ੍ਹਾ ਨੇ ਕਈ ਰਾਕਟ ਦਾਗੇ ਸਨ। ਸੋਸ਼ਲ ਮੀਡੀਆ ਉੱਤੇ ਪਾਏ ਇੱਕ ਵੀਡੀਓ ਵਿੱਚ ਏਅਰ ਡਿਫੈਂਸ ਸਿਸਟਮ ਨੂੰ ਮਿਜਾਈਲਾਂ ਨੂੰ ਨਸ਼ਟ ਕਰਦੇ ਦੇਖਿਆ ਜਾ ਸਕਦਾ ਹੈ। ਕਿਸੇ ਦੀ ਮੌਤ ਦੀ ਖਬਰ ਹਾਲਾਂਕਿ ਸਾਹਮਣੇ ਨਹੀਂ ਆਈ ਹੈ। ਜਾਰਡਨ ਦੇ ਵਿਦੇਸ਼ ਮੰਤਰੀ ਨੇ ਵੀ ਚਿਤਾਵਨੀ ਜਾਰੀ ਕਰਦੇ ਹੋਏ ਆਪਣੇ ਨਾਗਰਿਕਾਂ ਨੂੰ ਤੁਰੰਤ ਲਿਬਨਾਨ ਤੋਂ ਨਿਕਲ ਜਾਣ ਦੀ ਅਪੀਲ ਕੀਤੀ ਹੈ।
ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਲਿਬਨਾਨ ਤੋਂ ਕਿਰਿਆਸ਼ੀਲ ਹਿਜਬੁੱਲ੍ਹਾ ਇਰਾਨ ਅਤੇ ਇਜਰਾਈਲ ਦਰਮਿਆਨ ਵਧਣ ਵਾਲੇ ਕਿਸੇ ਵੀ ਸੰਕਟ ਵਿੱਚ ਵੱਡੀ ਭੂਮਿਕਾ ਨਿਭਾਅ ਸਕਦਾ ਹੈ। ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਇਜਰਾਈਲ ਨਾ ਜਾਣ ਦੀ ਸਲਾਹ ਦਿੱਤੀ ਹੈ। ਜਦਕਿ ਲਿਬਨਾਨ ਬਾਰੇ ਅਜਿਹੀ ਸਲਾਹ ਉਸ ਨੇ ਪਹਿਲਾਂ ਤੋਂ ਹੀ ਦੇ ਦਿੱਤੀ ਹੋਈ ਹੈ। ਕੈਨੇਡਾ ਨੇ ਕਿਹਾ, ਲਿਬਨਾਨ ਵਿੱਚ ਸਥਿਤੀ ਬਿਨਾਂ ਚਿਤਾਵਨੀ ਦੇ ਵਿਗੜ ਸਕਦੀ ਹੈ। ਅਮਰੀਕੀ ਦੂਤਾਵਾਸ ਨੇ ਐਤਵਾਰ ਨੂੰ ਕਿਹਾ ਕਿ ਜੋ ਲਿਬਨਾਨ ਵਿੱਚ ਰਹਿਣਾ ਚਾਹੁਣ ਉਹ ਬਦਲਵੇਂ ਇੰਤਜਾਮ ਕਰ ਲੈਣ। ਉਹ ਲੰਬੇ ਸਮੇਂ ਲਈ ਕਿਸੇ ਥਾਂ ਉੱਤੇ ਪਨਾਹ ਲੈਣ ਲਈ ਵੀ ਤਿਆਰ ਰਹਿਣ। ਬਿਆਨ ਵਿੱਚ ਕਿਹਾ ਗਿਆ ਕਿ ਕਈ ਹਵਾਈ ਕੰਪਨੀਆਂ ਨੇ ਆਪਣੀਆਂ ਉਡਾਣਾਂ ਮੁਲਤਵੀ ਅਤੇ ਰੱਦ ਕਰ ਦਿੱਤੀਆਂ ਹਨ ਅਤੇ ਕਈਆਂ ਦੀਆਂ ਟਿਕਟਾਂ ਪੂਰੀ ਤਰ੍ਹਾਂ ਵਿਕ ਚੁੱਕੀਆਂ ਹਨ।
ਪੇਂਟਾਗਨ ਨੇ ਕਿਹਾ ਸੀ ਕਿ ਉਹ ਇਜ਼ਰਾਈਲ ਨੂੰ ਇਰਾਨ ਦੇ ਸੰਭਾਵੀ ਹਮਲੇ ਤੋਂ ਬਚਾਉਣ ਲਈ ਖੇਤਰ ਵਿੱਚ ਹੋਰ ਲੜਾਕੂ ਜਹਾਜ ਅਤੇ ਜੰਗੀ ਬੇੜੇ ਤੈਨਾਤ ਕਰੇਗਾ। ਬਿ੍ਰਟੇਨ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਉਹ ਨਾਗਰਿਕਾਂ ਨੂੰ ਬਾਹਰ ਕੱਢਣ ਵਿੱਚੋਂ ਮਦਦ ਕਰਨ ਲਈ ਵਾਧੂ ਫੌਜ ਅਤੇ ਹੋਰ ਅਧਿਕਾਰੀ ਭੇਜ ਰਿਹਾ ਹੈ। ਲੇਕਿਨ ਉਸ ਨੇ ਬਿ੍ਰਟਿਸ਼ ਨਾਗਰਿਕਾਂ ਨੂੰ ਕਾਰੋਬਾਰੀ ਉਡਾਣਾਂ ਦੇ ਚਲਦਿਆਂ ਲਿਬਨਾਨ ਛੱਡ ਜਾਣ ਦੀ ਅਪੀਲ ਕੀਤੀ ਸੀ। ਬਿ੍ਰਟੇਨ ਦੇ ਦੋ ਜੰਗੀ ਬੇੜੇ ਪਹਿਲਾਂ ਤੋਂ ਹੀ ਉੱਥੇ ਤੈਨਾਤ ਹਨ। ਬਿ੍ਰਟੇਨ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਸੰਕਟ ਦਾ ਇਲਾਕੇ ਤੋਂ ਬਾਹਰ ਫੈਲਣਾ ਕਿਸੇ ਦੇ ਭਲੇ ਵਿੱਚ ਨਹੀਂ ਹੈ।
ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ‘ਕਿਸੇ ਵੀ ਟਿਕਟ’ ਉੱਤੇ ਲਿਬਨਾਨ ਛੱਡਣ ਲਈ ਆਖਿਆ
Published: