ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਦੀ ਆਨਲਾਈਨ ਅਪੁਆਇੰਟ ਐਪਲੀਕੇਸ਼ਨ ਵਰਤੋਂ ਕਰਕੇ ਜਿਨ੍ਹਾਂ ਪਰਵਾਸੀਆਂ ਨੂੰ ਅਸਥਾਈ ਤੌਰ ’ਤੇ ਅਮਰੀਕਾ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਗਈ ਸੀ, ਉਨ੍ਹਾਂ ਨੂੰ ਤੁਰੰਤ ਦੇਸ਼ ਛੱਡਣ ਲਈ ਕਿਹਾ ਗਿਆ ਹੈ ਹਾਲਾਂਕਿ, ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਇਸ ਨਾਲ ਕਿੰਨੇ ਲਾਭਪਾਤਰੀ ਪ੍ਰਭਾਵਿਤ ਹੋਣਗੇ। ਜਨਵਰੀ 2023 ਤੋਂ ਸੀਬੀਪੀ ਵਨ ਐਪ ਦਾ ਇਸਤੇਮਾਲ ਕਰ ਕੇ 900,000 ਤੋਂ ਵੱਧ ਲੋਕਾਂ ਨੂੰ ਦੇਸ਼ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਗਈ ਸੀ। ਉਨ੍ਹਾਂ ਨੂੰ ਆਮ ਤੌਰ ’ਤੇ ਰਾਸ਼ਟਰਪਤੀ ਦੇ ‘ਪੈਰੋਲ’ ਨਾਮ ਦੇ ਅਧਿਕਾਰ ਤਹਿਤ ਕੰਮ ਕਰਨ ਦੇ ਅਧਿਕਾਰ ਦੇ ਨਾਲ ਦੋ ਸਾਲਾਂ ਤੱਕ ਅਮਰੀਕਾ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਗਈ ਸੀ। ਇਸ ਤਰਾਂ, ਟਰੰਪ ਪ੍ਰਸ਼ਾਸਨ ਨੇ ਬਾਇਡਨ ਦੀਆਂ ਨੀਤੀਆਂ ਤਹਿਤ ਲਾਭ ਲੈਣ ਵਾਲੇ ਕਈ ਲੋਕਾਂ ਦੇ ਅਸਥਾਈ ਦਰਜੇ ਨੂੰ ਖ਼ਤਮ ਅਤੇ ਰੱਦ ਕਰ ਦਿੱਤਾ ਹੈ। ਗ੍ਰਹਿ ਵਿਭਾਗ ਨੇ ਕਿਹਾ ਕਿ ਬਾਇਡਨ ਵੱਲੋਂ ਪੈਰੋਲ ਅਧਿਕਾਰ ਦਾ ਇਸਤੇਮਾਲ 1952 ਵਿੱਚ ਇਸ ਦੇ ਨਿਰਮਾਣ ਦੇ ਬਾਅਦ ਤੋਂ ਕਿਸੇ ਵੀ ਰਾਸ਼ਟਰਪਤੀ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਕੀਤਾ ਹੈ। ਇਸ ਨੇ ਅਮਰੀਕਾ ਦੇ ਇਤਿਹਾਸ ਵਿੱਚ ਸਭ ਤੋਂ ਖ਼ਰਾਬ ਸਰਹੱਦੀ ਸੰਕਟ ਨੂੰ ਹੋਰ ਵਧਾ ਦਿੱਤਾ ਹੈ।