ਨਿਊਯਾਰਕ/ਪੰਜਾਬ ਪੋਸਟ
ਅਮਰੀਕਾ ਦੇ ਨਿਊਯਾਰਕ ਵਿੱਚ ਇੱਕ ਖ਼ਤਰਨਾਕ ਹਾਦਸਾ ਵਾਪਰਿਆ ਹੈ। ਨਿਊਯਾਰਕ ਸਿਟੀ ਦੀ ਹਡਸਨ ਨਦੀ ਵਿੱਚ ਇੱਕ ਸੈਲਾਨੀ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਕਾਰਨ ਘੱਟੋ-ਘੱਟ ਛੇ ਲੋਕਾਂ ਦੀ ਮੌਤ ਹੋ ਗਈ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਲੋਕਾਂ ਨੇ ਹੈਲੀਕਾਪਟਰ ਦੇ ਟੁਕੜੇ ਹਵਾ ਵਿੱਚ ਡਿੱਗਦੇ ਦੇਖੇ। ਰਿਪੋਰਟਾਂ ਅਨੁਸਾਰ, ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਦੁਪਹਿਰ 3:15 ਵਜੇ ਦੇ ਕਰੀਬ ਵਾਪਰਿਆ ਜਦੋਂ ਇੱਕ ਬੈੱਲ 206 ਹੈਲੀਕਾਪਟਰ ਨੇ ਡਾਊਨਟਾਊਨ ਮੈਨਹਟਨ ਦੇ ਹੈਲੀਪੋਰਟ ਤੋਂ ਉਡਾਣ ਭਰੀ। ਇਸ ਦਾ ਰੂਟ ‘ਸਟੈਚੂ ਆਫ਼ ਲਿਬਰਟੀ’ ਦੇ ਉੱਪਰੋਂ ਨਿਊ ਜਰਸੀ ਵੱਲ ਸੀ। ਇਸ ਵਿੱਚ ਇੱਕ ਸਪੈਨਿਸ਼ ਪਰਿਵਾਰ ਦੇ ਪੰਜ ਮੈਂਬਰ ਅਤੇ ਇੱਕ ਪਾਇਲਟ ਸਵਾਰ ਸਨ। ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ, ਚਸ਼ਮਦੀਦਾਂ ਨੇ ਹੈਲੀਕਾਪਟਰ ਨੂੰ ਹਿੱਲਦੇ ਦੇਖਿਆ ਅਤੇ ਕੁੱਝ ਸਕਿੰਟਾਂ ਬਾਅਦ, ਇਹ ਤੇਜ਼ੀ ਨਾਲ ਘੁੰਮਣ ਲੱਗਾ ਅਤੇ ਸਿੱਧਾ ਹਡਸਨ ਨਦੀ ਵਿੱਚ ਡਿੱਗ ਗਿਆ। ਹਾਦਸੇ ਤੋਂ ਬਾਅਦ ਐਮਰਜੈਂਸੀ ਟੀਮਾਂ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਸਾਰੀਆਂ ਛੇ ਲਾਸ਼ਾਂ ਨਦੀ ਵਿੱਚੋਂ ਕੱਢ ਲਈਆਂ ਗਈਆਂ। ਜਾਣਕਾਰੀ ਮੁਤਾਬਕ, ਚਾਰ ਜਣਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੋ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਪੀੜਤਾਂ ਵਿੱਚ ਤਿੰਨ ਮਾਸੂਮ ਬੱਚੇ ਵੀ ਸ਼ਾਮਲ ਸਨ।