ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ
ਅਮਰੀਕਾ ਨੇ ਭਾਰਤ ਨੂੰ 13.1 ਕਰੋੜ ਡਾਲਰ ਦੇ ਮਹੱਤਵਪੂਰਨ ਫ਼ੌਜੀ ਉਪਕਰਣ ਅਤੇ ਲੌਜਿਸਟਿਕਸ ਸਹਾਇਤਾ ਸੰਪਤੀਆਂ ਦੀ ਸਪਲਾਈ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਪ੍ਰਵਾਨਗੀ ਭਾਰਤ ਅਤੇ ਅਮਰੀਕਾ ਵਿਚਕਾਰ ਰਣਨੀਤਕ ਸਬੰਧਾਂ ਨੂੰ ਧਿਆਨ ’ਚ ਰੱਖਦੇ ਹੋਏ ਦਿੱਤੀ ਗਈ ਹੈ। ਅਮਰੀਕਾ ਵਲੋਂ ਜਾਰੀ ਬਿਆਨ ਅਨੁਸਾਰ, ਪੈਂਟਾਗਨ ਦੇ ਅਧੀਨ ਕੰਮ ਕਰਨ ਵਾਲੀ ਰੱਖਿਆ ਸੁਰੱਖਿਆ ਸਹਿਯੋਗ ਏਜੰਸੀ (ਡੀਐਸਸੀਏ) ਨੇ ਫ਼ੌਜੀ ਸਪਲਾਈ ਲਈ ਜ਼ਰੂਰੀ ਪ੍ਰਮਾਣੀਕਰਣ ਪ੍ਰਦਾਨ ਕਰ ਦਿਤਾ ਹੈ ਅਤੇ ਸੰਭਾਵਿਤ ਵਿਕਰੀ ਬਾਰੇ ਅਮਰੀਕੀ ਕਾਂਗਰਸ ਨੂੰ ਸੂਚਿਤ ਕਰ ਦਿਤਾ ਹੈ। ਭਾਰਤ ਨੂੰ ਫ਼ੌਜੀ ਉਪਕਰਣਾਂ ਦੀ ਸਪਲਾਈ ਲਈ ਇਹ ਪ੍ਰਵਾਨਗੀ ਅਜਿਹੇ ਸਮੇਂ ਦਿਤੀ ਗਈ ਹੈ ਜਦੋਂ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪ੍ਰਸ਼ਾਸਨ ਨਵੀਂ ਦਿੱਲੀ ’ਤੇ ਅਮਰੀਕਾ ਤੋਂ ਫ਼ੌਜੀ ਉਪਕਰਣਾਂ ਦੀ ਖ਼ਰੀਦ ਵਧਾਉਣ ਲਈ ਦਬਾਅ ਪਾ ਰਿਹਾ ਹੈ। ‘ਵਿਦੇਸ਼ੀ ਫ਼ੌਜੀ ਵਿਕਰੀ’ ਰੂਟ ਰਾਹੀਂ ਪ੍ਰਸਤਾਵਿਤ ਸਪਲਾਈ ਇੰਡੋ-ਪੈਸੀਫਿਕ ਮੈਰੀਟਾਈਮ ਡੋਮੇਨ ਜਾਗਰੂਕਤਾ ਪ੍ਰੋਗਰਾਮ ਦੇ ਢਾਂਚੇ ਦੇ ਤਹਿਤ ਭਾਰਤ-ਅਮਰੀਕਾ ਸਹਿਯੋਗ ਨਾਲ ਜੁੜੀ ਹੋਈ ਹੈ।