ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ
‘ਸਿਖਸ ਆਫ਼ ਅਮੈਰਿਕਾ’ ਵੱਲੋਂ ਬੀਤੀ 29 ਜਨਵਰੀ, 2025 ਨੂੰ ਵਾਸ਼ਿੰਗਟਨ, ਡੀ.ਸੀ. ਵਿੱਚ ਹੋਏ ਦੁਖਦਾਈ ਹਵਾਈ ਹਾਦਸੇ ਜਿਸ ਵਿੱਚ ਤਿੰਨ ਬਹਾਦਰ ਅਮਰੀਕੀ ਫੌਜੀਆਂ ਸਮੇਤ 67 ਲੋਕਾਂ ਦੀ ਮੌਤ ਹੋ ਗਈ ਸੀ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਗਿਆ ਹੈ। ‘ਸਿਖਸ ਆਫ਼ ਅਮੈਰਿਕਾ’ ਦੇ ਸੰਸਥਾਪਕ ਅਤੇ ਚੇਅਰਮੈਨ ਜਸਦੀਪ ਸਿੰਘ ਜੈਸੀ ਵੱਲੋਂ ਜਾਰੀ ਸੰਦੇਸ਼ ਰਾਹੀਂ ਇਸ ਹਾਦਸੇ ਕਰਕੇ ਪ੍ਰਭਾਵਿਤ ਲੋਕਾਂ ਦੇ ਪਰਿਵਾਰਾਂ ਅਤੇ ਅਜ਼ੀਜ਼ਾਂ ਪ੍ਰਤੀ ਦਿਲੀ ਸੰਵੇਦਨਾ ਦਾ ਪ੍ਰਗਟਾਵਾ ਕੀਤਾ ਗਿਆ ਹੈ ਜਿਨਾਂ ਨੇ ਆਪਣੇ ਨਜ਼ਦੀਕੀਆਂ ਨੂੰ ਗੁਆ ਲਿਆ। ਇਸ ਵੱਡੇ ਨੁਕਸਾਨ ਕਰਕੇ ਪ੍ਰਭਾਵਿਤ ਹੋਏ ਸਮੂਹ ਭਾਈਚਾਰਿਆਂ ਨਾਲ ਇਸ ਮੁਸ਼ਕਲ ਸਮੇਂ ਦੌਰਾਨ ਉਨ੍ਹਾਂ ਦੇ ਦੁੱਖ ਨੂੰ ਸਾਂਝਾ ਕਰਦੇ ਹੋਏ ‘ਸਿਖਸ ਆਫ਼ ਅਮੈਰਿਕਾ’ ਨੇ ਇਸ ਦੁਖਾਂਤ ਤੋਂ ਬਾਅਦ ਰਾਹਤ ਅਤੇ ਬਚਾਅ ਕਾਰਜਾਂ ਜ਼ਰੀਏ ਅਣਥੱਕ ਮਿਹਨਤ ਕਰਨ ਵਾਲੇ ਅਤੇ ਐਮਰਜੈਂਸੀ ਕਰਮਚਾਰੀਆਂ ਦਾ ਵੀ ਧੰਨਵਾਦ ਕੀਤਾ ਹੈ। ਚੇਅਰਮੈਨ ਜਸਦੀਪ ਸਿੰਘ ਜੈਸੀ ਨੇ ਇਸ ਗੱਲ ਦਾ ਵੀ ਉਚੇਚੇ ਤੌਰ ਉੱਤੇ ਜ਼ਿਕਰ ਕੀਤਾ ਹੈ ਕਿ ਦਇਆ, ਸੇਵਾ ਅਤੇ ਏਕਤਾ ਵਿੱਚ ਜੜ੍ਹਾਂ ਵਾਲੇ ਇੱਕ ਭਾਈਚਾਰੇ ਦੇ ਰੂਪ ਵਿੱਚ, ਅਮਰੀਕਾ ਦੇ ਸਿੱਖ ਪ੍ਰਭਾਵਿਤ ਲੋਕਾਂ ਦੇ ਅਟੁੱਟ ਸਮਰਥਨ ਵਿੱਚ ਖੜ੍ਹੇ ਹਨ ਅਤੇ ਦੁੱਖ ਦੀ ਇਸ ਘੜੀ ਵਿੱਚ, ਸਭਨਾਂ ਲਈ ਸਰਬੱਤ ਦੇ ਭਲੇ ਦੇ ਫਲਸਫੇ ਅਨੁਸਾਰ ਅਰਦਾਸ ਬੇਨਤੀ ਲਈ ਵਚਨਬੱਧ ਹਨ। ‘ਸਿਖਸ ਆਫ਼ ਅਮੈਰਿਕਾ’ ਨੇ ਇਸ ਚੁਣੌਤੀਪੂਰਨ ਸਮੇਂ ਦੌਰਾਨ ਸਮੂਹ ਭਾਈਚਾਰਿਆਂ ਨੂੰ ਇਕੱਠੇ ਹੋ ਕੇ ਹਮਦਰਦੀ ਦੇ ਪ੍ਰਗਟਾਵੇ ਲਈ ਵੀ ਸੱਦਾ ਦਿੱਤਾ ਹੈ।