ਵਾਸ਼ਿੰਗਟਨ/ਪੰਜਾਬ ਪੋਸਟ
ਭਾਰਤ ਦੇ ਗੁਆਂਢੀ ਖਿੱਤੇ ਤਿੱਬਤ ਦੀ ਖੁਦਮੁਖ਼ਤਿਆਰੀ ਦੇ ਮੁੱਦੇ ’ਤੇ ਅਮਰੀਕਾ ਅਤੇ ਚੀਨ ਦਰਮਿਆਨ ਚੱਲ ਰਹੀ ਸ਼ਬਦੀ ਜੰਗ ਹੁਣ ਤੇਜ਼ ਹੋ ਗਈ ਹੈ। ਦਰਅਸਲ, ਅਮਰੀਕੀ ਕਾਂਗਰਸ ਦੇ ਇੱਕ ਵਫ਼ਦ ਨੇ 14ਵੇਂ ਦਲਾਈ ਲਾਮਾ ਨਾਲ ਮੁਲਾਕਾਤ ਕੀਤੀ ਹੈ ਅਤੇ ਆਪਣਾ ਪੱਖ ਸਪਸ਼ਟ ਕਰ ਦਿੱਤਾ ਹੈ ਅਤੇ ਚੀਨ ਦੀ ਦਖਲਅੰਦਾਜ਼ੀ ਨੂੰ ਰੋਕਣ ਦੀ ਗੱਲ ਕਹੀ ਹੈ। ਇਸੇ ਤਰਾਂ, ਅਮਰੀਕਾ ਦੇ ਵਾਈਟ ਹਾਊਸ ਨੇ ਕਿਹਾ ਹੈ ਕਿ ਰਾਸ਼ਟਰਪਤੀ ਜੋਅ ਬਾਇਡਨ ਤਿੱਬਤ ਪਾਲਿਸੀ ਬਿੱਲ ਬਾਰੇ ਜੋ ਵੀ ਫੈਸਲਾ ਲੈਣਗੇ ਉਹ ਅਮਰੀਕਾ ਦੇ ਵਡੇਰੇ ਹਿੱਤਾਂ ਵਿਚ ਹੀ ਹੋਵੇਗਾ। ਵਾਈਟ ਹਾਊਸ ਨੇ ਇਹ ਟਿੱਪਣੀ ਚੀਨ ਦੇ ਉਸ ਬਿਆਨ ਮਗਰੋਂ ਕੀਤੀ ਹੈ, ਜਿਸ ਵਿਚ ਉਸ ਨੇ ਤਿੱਬਤ ਪਾਲਿਸੀ ਬਿੱਲ ਨੂੰ ਕਾਨੂੰਨ ਦੀ ਸ਼ਕਲ ਦੇਣ ਦੀ ਸੂਰਤ ਵਿਚ ‘ਠੋਸ ਉਪਰਾਲਿਆਂ’ ਦੀ ਚੇਤਾਵਨੀ ਦਿੱਤੀ ਸੀ। ਅਮਰੀਕੀ ਕਾਂਗਰਸ ਨੇ ਤਿੱਬਤ ਸਰਕਾਰ ਅਤੇ ਇਸ ਦੇ ਦਰਜੇ ਸਬੰਧੀ ਜਾਰੀ ਵਿਵਾਦ ਦੇ ਸ਼ਾਂਤੀਪੂਰਨ ਹੱਲ ਦਾ ਸੱਦਾ ਦਿੰਦਿਆਂ ਇਸ ਮਹੀਨੇ ਇਕ ਬਿੱਲ ‘ਦਿ ਰਿਸੌਲਵ ਤਿੱਬਤ ਐਕਟ’ ਪਾਸ ਕੀਤਾ ਸੀ। ਅਮਰੀਕਾ ਨੇ ਪੇਈਚਿੰਗ ਨੂੰ ਸੱਦਾ ਦਿੱਤਾ ਸੀ ਕਿ ਉਹ ਤਿੱਬਤ ਦੇ ਰੂਹਾਨੀ ਆਗੂ ਦਲਾਈ ਲਾਮਾ ਨਾਲ ਮੁੜ ਸੰਵਾਦ ਸ਼ੁਰੂ ਕਰੇ। ਉਧਰ ਚੀਨ ਨੇ ਆਪਣੀ ਪ੍ਰਭੂਸੱਤਾ, ਸੁਰੱਖਿਆ ਅਤੇ ਵਿਕਾਸ ਨਾਲ ਜੁੜੇ ਹਿੱਤਾਂ ਦੀ ਰਾਖੀ ਲਈ ਠੋਸ ਉਪਰਾਲੇ ਕਰਨ ਦਾ ਅਹਿਦ ਦੁਹਰਾਇਆ ਹੈ। ਇਸ ਤੋਂ ਬਾਅਦ ਹੁਣ ਅਮਰੀਕੀ ਕਾਂਗਰਸ ਦੇ ਵਫ਼ਦ ਨੇ ਦਲਾਈ ਲਾਮਾ ਨਾਲ ਮੁਲਾਕਾਤ ਕਰਕੇ ਇਹ ਕਹਿ ਦਿੱਤਾ ਹੈ ਕਿ ਉਹ ਚੀਨ ਨੂੰ ਉਨ੍ਹਾਂ ਦੇ ਜਾਨਸ਼ੀਨ ਦੀ ਚੋਣ ਵਿੱਚ ਕਿਸੇ ਕਿਸਮ ਦੀ ਦਖ਼ਲਅੰਦਾਜ਼ੀ ਨਹੀਂ ਕਰਨ ਦੇਵੇਗਾ ਜਿਸ ਨੂੰ ਅਮਰੀਕਾ ਦਾ ਇੱਕ ਵੱਡਾ ਬਿਆਨ ਮੰਨਿਆ ਜਾ ਰਿਹਾ ਹੈ।
ਅਮਰੀਕਾ ਨੇ ਤਿੱਬਤ ਦੇ ਮੁੱਦੇ ਉੱਤੇ ਨੀਤੀ ਕੀਤੀ ਸਪੱਸ਼ਟ
Published: