*ਸੈਲਾਨੀਆਂ, ਹੁਨਰਮੰਦ ਕਾਮਿਆਂ ਅਤੇ ਵਿਦਿਆਰਥੀਆਂ ਨੂੰ ਹੋਵੇਗਾ ਫਾਇਦਾ
ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ
ਅਮਰੀਕਾ ਜਾਣ ਅਤੇ ਘੁੰਮਣ ਫਿਰਨ ਦੇ ਚਾਹਵਾਨ ਭਾਰਤੀ ਲੋਕਾਂ ਲਈ ਇਸ ਪੱਖੋਂ ਵੱਡੀ ਖ਼ਬਰ ਇਹ ਆਈ ਹੈ ਕਿ ਭਾਰਤ ਵਿਚਲੇ ਅਮਰੀਕੀ ਦੂਤਾਵਾਸ ਨੇ ਦੱਸਿਆ ਕਿ ਅਮਰੀਕਾ ਨੇ ਭਾਰਤੀ ਸੈਲਾਨੀਆਂ, ਹੁਨਰਮੰਦ ਕਾਮਿਆਂ ਅਤੇ ਵਿਦਿਆਰਥੀਆਂ ਲਈ ਵਾਧੂ 2,50,000 ਵੀਜ਼ਾ ਸਲਾਟ ਭਾਵ ਵੀਜ਼ਾ ਲੈਣ ਲਈ ਦਰਖਾਸਤ ਕਰਨ ਦੀ ਪ੍ਰਕਿਰਿਆ ਖੋਲ੍ਹ ਦਿੱਤੀ ਹੈ। ਅਮਰੀਕੀ ਦੂਤਾਵਾਸ ਨੇ ਕਿਹਾ ਕਿ ਨਵੇਂ ਸਲਾਟ ਭਾਰਤੀ ਬਿਨੈਕਾਰਾਂ ਨੂੰ ਸਮੇਂ ਸਿਰ ਇੰਟਰਵਿਊ ਦੇਣ ਅਤੇ ਉਨ੍ਹਾਂ ਵਲੋਂ ਅਮਰੀਕਾ ਦੀ ਯਾਤਰਾ ਕਰਨ ਦੀ ਸਹੂਲਤ ਪ੍ਰਦਾਨ ਕਰਨਗੇ। ਜ਼ਿਕਰਯੋਗ ਹੈ ਕਿ ਭਾਰਤ ਵਾਸੀਆਂ ਨੂੰ ਕਈ ਕਈ ਮਹੀਨੇ ਤੇ ਸਾਲ ਤੋਂ ਉੱਪਰ ਅਮਰੀਕਾ ਦੀ ਇੰਟਰਵਿਊ ਦੇਣ ਲਈ ਇੰਤਜ਼ਾਰ ਕਰਨਾ ਪੈਂਦਾ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਵੀਜ਼ਾ ਮਿਲਣ ਜਾਂ ਨਾ ਮਿਲਣ ਦਾ ਫ਼ੈਸਲਾ ਹੁੰਦਾ ਸੀ ਪਰ ਅਮਰੀਕਾ ਦੇ ਇਸ ਕਦਮ ਨਾਲ ਵੱਡੀ ਗਿਣਤੀ ਭਾਰਤੀਆਂ ਨੂੰ ਫਾਇਦਾ ਹੋਵੇਗਾ। ਅਧਿਕਾਰਤ ਰਿਕਾਰਡ ਅਨੁਸਾਰ ਇਸ ਸਾਲ ਵਿੱਚ ਹੁਣ ਤੱਕ 12 ਲੱਖ ਤੋਂ ਵੱਧ ਭਾਰਤੀਆਂ ਨੇ ਅਮਰੀਕਾ ਦੀ ਯਾਤਰਾ ਕੀਤੀ ਹੈ ਜੋ ਕਿ 2023 ਦੀ ਇਸ ਮਿਆਦ ਦੇ ਮੁਕਾਬਲੇ 35 ਫੀਸਦੀ ਵੱਧ ਹੈ ਅਤੇ ਨਾਲ ਹੀ ਇਹ ਵੀ ਦੱਸਦਾ ਬਣਦਾ ਹੈ ਕਿ ਘੱਟੋ-ਘੱਟ 60 ਲੱਖ ਭਾਰਤੀਆਂ ਕੋਲ ਪਹਿਲਾਂ ਹੀ ਅਮਰੀਕਾ ਜਾਣ ਦਾ ਵੀਜ਼ਾ ਹੈ ਅਤੇ ਹੁਣ ਨਵੇਂ ਕਦਮ ਨਾਲ ਇਹ ਅੰਕੜਾ ਹੋਰ ਵਧ ਸਕਦਾ ਹੈ।