ਕਿਹਾ, ‘ਭਾਰਤ ਦੇ ਐੱਫਸੀਆਰਏ ਕਾਰਨ ਐੱਨਜੀਓਜ਼ ਨੂੰ ਚੰਦਾ ਮਿਲਣਾ ਮੁਸ਼ਕਲ ਹੋਇਆ’
ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ
ਅਮਰੀਕਾ ’ਚ ਡੈਮੋਕਰੈਟਿਕ ਪਾਰਟੀ ਦੇ ਕਾਨੂੰਨਸਾਜ਼ ਟਿਮ ਕਾਈਨ ਨੇ ਇੱਕ ਵੱਡਾ ਬਿਆਨ ਦਿੰਦੇ ਹੋਏ ਇਹ ਗੱਲ ਆਖੀ ਹੈ ਕਿ ਭਾਰਤ ਦੇ ਵਿਦੇਸ਼ੀ ਯੋਗਦਾਨ ਰੈਗੂਲੇਸ਼ਨ ਐਕਟ (ਐੱਫਸੀਆਰਏ) ਕਾਰਨ ਉਥੇ ਚੱਲ ਰਹੇ ਗ਼ੈਰ ਸਰਕਾਰੀ ਸੰਗਠਨਾਂ (ਐੱਨਜੀਓਜ਼) ਲਈ ਹੋਰ ਮੁਲਕਾਂ ਦੇ ਲੋਕਾਂ ਤੋਂ ਚੰਦਾ ਹਾਸਲ ਕਰਨਾ ਬਹੁਤ ਮੁਸ਼ਕਲ ਹੋ ਗਿਆ ਹੈ। ਕਾਈਨ ਨੇ ਸੈਨੇਟ ਦੀ ਵਿਦੇਸ਼ ਮਾਮਲਿਆਂ ਬਾਰੇ ਕਮੇਟੀ ਵੱਲੋਂ ‘ਐੱਨਜੀਓ ਵਿਰੋਧੀ ਕਾਨੂੰਨ ਅਤੇ ਜਮਹੂਰੀ ਦਮਨ ਦੇ ਹੋਰ ਤਰੀਕਿਆਂ’ ’ਤੇ ਸੰਸਦ ’ਚ ਕਰਵਾਈ ਚਰਚਾ ਦੌਰਾਨ ਕਿਹਾ ਕਿ ਭਾਰਤ ’ਚ ਐੱਫਸੀਆਰਏ ਦਾ ਕਾਨੂੰਨ ਹੈ, ਜਿਸ ਨੂੰ ਪਹਿਲਾਂ 2010 ਅਤੇ ਫਿਰ 2020 ’ਚ ਸੋਧਿਆ ਗਿਆ ਹੈ, ਜਿਸ ਕਾਰਨ ਐੱਨਜੀਓਜ਼ ਲਈ ਦੁਨੀਆ ਦੇ ਹੋਰ ਮੁਲਕਾਂ ਦੇ ਲੋਕਾਂ ਤੋਂ ਚੰਦਾ ਹਾਸਲ ਕਰਨਾ ਮੁਸ਼ਕਲ ਹੋ ਗਿਆ ਹੈ। ਕਾਈਨ ਨੇ ਕਿਹਾ, ‘ਐਮਨੈਸਟੀ ਇੰਟਰਨੈਸ਼ਨਲ ਅਤੇ ਹੋਰ ਸੰਗਠਨਾਂ ਨੂੰ ਭਾਰਤ ’ਚ ਆਪਣੀਆਂ ਸੇਵਾਵਾਂ ਜਾਂ ਤਾਂ ਸੀਮਤ ਜਾਂ ਬੰਦ ਕਰਨੀਆਂ ਪਈਆਂ ਹਨ ਕਿਉਂਕਿ ਉਹ ਚੰਦੇ ਰਾਹੀਂ ਮਿਲੀ ਰਕਮ ’ਤੇ ਚਲਦੀਆਂ ਹਨ।’ ਉਨ੍ਹਾਂ ਕਿਹਾ ਕਿ ਇਸ ਕਾਰਨ ਮਨੁੱਖੀ ਹੱਕਾਂ ਦੇ ਕਾਰਕੁੰਨ ਤੇ ਐੱਨਜੀਓਜ਼ ਡਰੇ ਹੋਏ ਮਹਿਸੂਸ ਕਰਦੇ ਹਨ ਤੇ ਉਨ੍ਹਾਂ ਦੇ ਕੰਮ ’ਚ ਅੜਿੱਕਾ ਪੈ ਰਿਹਾ ਹੈ ਜਿਸ ਕਰਕੇ ਅਮਰੀਕਾ ਦਾ ਏਸ ਬੰਨੇ ਕਾਫੀ ਧਿਆਨ ਬਣਿਆ ਹੈ।