* ਯਾਤਰੀਆਂ ਦੀ ਦੇਖਭਾਲ ਨੂੰ ਯਕੀਨੀ ਬਣਾਉਣ ਲਈ ਕੰਮ ਕੀਤਾ ਜਾ ਰਿਹਾ
ਮਾਸਕੋ, ਰੂਸ/ਪੰਜਾਬ ਪੋਸਟ
ਦਿੱਲੀ ਤੋਂ ਅਮਰੀਕਾ ਦੇ ਸੈਨ ਫਰਾਂਸਿਸਕੋ ਸ਼ਹਿਰ ਵੱਲ ਨੂੰ ਜਾ ਰਿਹਾ ਏਅਰ ਇੰਡੀਆ ਦਾ ਜਹਾਜ਼ ਇੱਕ ਤਕਨੀਕੀ ਖਰਾਬੀ ਕਾਰਨ ਰੂਸ ਦੇ ਕ੍ਰਾਸਨੋਯਾਰਸਕ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰਿਆ। ਏਅਰ ਇੰਡੀਆ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਉੱਤੇ ਇਕ ਪੋਸਟ ‘ਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜਹਾਜ਼ ਆਪਣਾ ਰੂਟ ਮੋੜ ਕੇ ਕ੍ਰਾਸਨੋਯਾਰਸਕ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸੁਰੱਖਿਅਤ ਉਤਰ ਗਿਆ ਅਤੇ ਯਾਤਰੀਆਂ ਦੀ ਦੇਖਭਾਲ ਨੂੰ ਯਕੀਨੀ ਬਣਾਉਣ ਲਈ ਸਬੰਧਤ ਅਧਿਕਾਰੀਆਂ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ। ਜਹਾਜ਼ ‘ਚ ਸਵਾਰ ਯਾਤਰੀਆਂ ਦੀ ਗਿਣਤੀ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ ਹਾਲਾਂਕਿ ਮੀਡੀਆ ਰਿਪੋਰਟਾਂ ਮੁਤਾਬਕ ਏਸ ਬੋਇੰਗ ਜਹਾਜ਼ ‘ਚ ਕੁੱਲ 225 ਯਾਤਰੀ ਅਤੇ 19 ਫਲਾਈਟ ਕਰੂ ਮੈਂਬਰ ਵੀ ਸ਼ਾਮਲ ਸਨ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਪਿਛਲੇ ਇੱਕ ਸਾਲ ਤੋਂ ਥੋੜ੍ਹੇ ਸਮੇਂ ਵਿਚ ਇਹ ਦੂਜੀ ਵਾਰ ਹੋਇਆ ਹੈ, ਜਦੋਂ ਇਸੇ ਰੂਟ ‘ਤੇ ਏਅਰ ਇੰਡੀਆ ਦਾ ਕੋਈ ਜਹਾਜ਼ ਇਸ ਤਰ੍ਹਾਂ ਰੂਸ ਵਿਚ ਹੰਗਾਮੀ ਹਾਲਾਤ ਤਹਿਤ ‘ਲੈਂਡ’ ਕਰਾਉਣ ਪਿਆ ਹੈ। ਪਿਛਲੇ ਸਾਲ ਜੂਨ ‘ਚ ਏਅਰ ਇੰਡੀਆ ਦਾ ਬੋਇੰਗ ਜਹਾਜ਼ ਵੀ ਤਕਨੀਕੀ ਖਰਾਬੀ ਦਾ ਸਾਹਮਣਾ ਕਰ ਕੇ ਇਸੇ ਤਰਾਂ ਰਾਹ ਵਿੱਚ ਹੀ ਇੱਕ ਦਿਨ ਲਈ ਫਸ ਗਿਆ ਸੀ ਅਤੇ ਫਿਰ ਫਲਾਈਟ ਦੇ ਯਾਤਰੀਆਂ ਨੂੰ ਮਗਦਾਨ ਹਵਾਈ ਅੱਡੇ ‘ਤੇ ਰੋਕ ਦਿੱਤਾ ਗਿਆ ਸੀ।