ਹਿਊਸਟਨ/ਪੰਜਾਬ ਪੋਸਟ
ਹਿਊਸਟਨ ਯੂਨੀਵਰਸਿਟੀ ਦੇ ‘ਕੁਲੇਨ ਕਾਲਜ ਆਫ ਇੰਜੀਨੀਅਰਿੰਗ’ ਵਿੱਚ ਸੇਵਾਵਾਂ ਨਿਭਾਅ ਰਹੇ, ’ਗਲੋਬਲ ਐਨਰਜੀ’ ਐਵਾਰਡੀ ਭਾਰਤੀ ਮੂਲ ਦੇ ਪ੍ਰੋਫੈਸਰ ਕੌਸ਼ਿਕ ਰਾਜਸ਼ੇਖਰ ਨੂੰ ਜਾਪਾਨ ਦੀ ਅਕੈਡਮੀ ਆਫ ਇੰਜੀਨੀਅਰਿੰਗ ਦਾ ਅੰਤਰਰਾਸ਼ਟਰੀ ਫੈਲੋ ਚੁਣਿਆ ਗਿਆ ਹੈ। ਯੂਨੀਵਰਸਿਟੀ ਨੇ ਇੱਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ।
ਇਸ ਸਬੰਧ ਵਿੱਚ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਮੂਲ ਰੂਪ ਤੋਂ ਕਰਨਾਟਕ ਦੇ ਇੱਕ ਛੋਟੇ ਜਿਹੇ ਪਿੰਡ ਦੇ ਰਹਿਣ ਵਾਲੇ ਪ੍ਰੋਫੈਸਰ ਕੌਸ਼ਿਕ ਰਾਜਸ਼ੇਖਰ ਨੂੰ ਬਿਜਲੀ ਤਬਦੀਲੀ ਅਤੇ ਆਵਾਜਾਈ ਦੇ ਬਿਜਲੀਕਰਨ ਵਿੱਚ ਯੋਗਦਾਨ ਲਈ ਚੁਣਿਆ ਗਿਆ ਹੈ।
ਅਕੈਡਮੀ ਨੇ ਕਿਹਾ ਕਿ ਇੱਕ ਅੰਤਰਰਾਸ਼ਟਰੀ ਫੈਲੋ ਵਜੋਂ ਰਾਜਸ਼ੇਖਰ ਦੀ ਚੋਣ ਵਿਸ਼ੇਸ਼ ਤੌਰ ’ਤੇ ‘ਉਸ ਊਰਜਾ ਵਿਚ ਉਨ੍ਹਾਂ ਦੀ ਸ਼ਾਨਦਾਰ ਵਿਗਿਆਨਕ ਖੋਜ ਅਤੇ ਵਿਗਿਆਨਕ-ਤਕਨਾਲੋਜੀ ਖੇਤਰ ਵਿਚ ਉਨ੍ਹਾਂ ਦੇ ਯੋਗਦਾਨ ਦਾ ਸਨਮਾਨ ਕਰਦੀ ਹੈ,ਜੋ ਸਾਰੀ ਮਨੁੱਖਜਾਤੀ ਦੇ ਹਿੱਤ ਵਿੱਚ ਧਰਤੀ ਉੱਤੇ ਊਰਜਾ ਸਰੋਤਾਂ ਲਈ ਵਧੇਰੇ ਕੁਸ਼ਲਤਾ ਅਤੇ ਵਾਤਾਵਰਣ ਸੁਰੱਖਿਆ ਨੂੰ ਉਤਸ਼ਾਹਿਤ ਕਰਦੀ ਹੈ।’ ਰਾਜਸ਼ੇਖਰ ਨੇ ਕਿਹਾ, ‘ਮੈਂ ਜਾਪਾਨ ਦੀ ਅਕੈਡਮੀ ਆਫ਼ ਇੰਜੀਨੀਅਰਿੰਗ ਦੇ ਅੰਤਰਰਾਸ਼ਟਰੀ ਫੈਲੋ ਵਜੋਂ ਚੁਣੇ ਜਾਣ ’ਤੇ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ। ਇਹ ਇੱਕ ਅਜਿਹੀ ਪ੍ਰਾਪਤੀ ਹੈ ਜਿਸਦਾ ਮੈਂ ਬਹੁਤ ਸਤਿਕਾਰ ਕਰਦਾ ਹਾਂ।’ ਰਾਜਸ਼ੇਖਰ ਨੂੰ 2022 ਵਿੱਚ ’ਗਲੋਬਲ ਐਨਰਜੀ ਐਸੋਸੀਏਸ਼ਨ’ ਨੇ ਅੰਤਰਰਾਸ਼ਟਰੀ ਊਰਜਾ ਦੇ ਖੇਤਰ ਵਿੱਚ ਸਭ ਤੋਂ ਵੱਕਾਰੀ ਪੁਰਸਕਾਰ ’ਗਲੋਬਲ ਐਨਰਜੀ ਅਵਾਰਡ’ ਨਾਲ ਸਨਮਾਨਿਤ ਕੀਤਾ ਸੀ।