ਲਖਨਊ/ਪੰਜਾਬ ਪੋਸਟ
ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਿਹ ਸਿੰਘ ਜੀ ਦੀ ਯਾਦ ਵਿਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਲਖਨਊ ’ਚ ਰਾਸ਼ਟਰੀ ਪੱਧਰ ਉੱਤੇ ਮਨਾਏ ਜਾਂਦੇ ‘ਵੀਰ ਬਾਲ ਦਿਵਸ’ ਮੌਕੇ ਇਤਿਹਾਸਕ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਸਮਾਗਮ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਆਗਮਨ ਉਪਰੰਤ ਪਾਠ ਕਰ ਕੇ ਧਾਰਮਕ ਸਦਭਾਵਨਾ ਅਤੇ ਸਿੱਖ ਗੁਰੂ ਸਾਹਿਬਾਨ ਅਤੇ ਸ਼ਹਾਦਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ’ਚ ‘ਵੀਰ ਬਾਲ ਦਿਵਸ’ ਦੇ ਮੌਕੇ ’ਤੇ ਮੁੱਖ ਮੰਤਰੀ ਨਿਵਾਸ ’ਤੇ ਇਸ ਸਾਲਾਨਾ ਇਤਿਹਾਸਕ ਪ੍ਰੋਗਰਾਮ ਦਾ ਉਚੇਚੇ ਤੌਰ ਉੱਤੇ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਮੁੱਖ ਮੰਤਰੀ ਯੋਗੀ ਆਦਿਤਿਆਨਾਥ, ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਅਤੇ ਬ੍ਰਜੇਸ਼ ਪਾਠਕ, ਕੈਬਨਿਟ ਮੰਤਰੀ ਸਵਤੰਤਰਦੇਵ ਸਿੰਘ, ਰਾਜ ਮੰਤਰੀ ਬਲਦੇਵ ਸਿੰਘ ਔਲਖ, ਭਾਜਪਾ ਦੇ ਸੂਬਾ ਪ੍ਰਧਾਨ ਭੁਪਿੰਦਰ ਚੌਧਰੀ ਸਮੇਤ ਸਿੱਖ ਭਾਈਚਾਰੇ ਦੇ ਪ੍ਰਮੁੱਖ ਲੋਕ ਵੱਡੀ ਗਿਣਤੀ ‘ਚ ਮੌਜੂਦ ਸਨ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਸਤਿਕਾਰ ਸਹਿਤ ਖ਼ੁਦ ਅਪਣੇ ਨਿਵਾਸ ਸਥਾਨ ’ਤੇ ਲੈ ਕੇ ਆਏ ਅਤੇ ਇਸ ਤੋਂ ਬਾਅਦ ਪਾਠ ਦੇ ਜਾਪ ਆਰੰਭ ਕੀਤੇ ਗਏ। ਇਸ ਮੌਕੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸਾਹਿਬਜ਼ਾਦਿਆਂ ਅਤੇ ਸਿੱਖ ਗੁਰੂਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਦੀਆਂ ਸਿਖਿਆਵਾਂ ਨੂੰ ਪ੍ਰੇਰਣਾਦਾਇਕ ਦੱਸਿਆ। ਇਸ ਮੌਕੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਅਪਣੇ ਸੰਬੋਧਨ ਵਿਚ ਕਿਹਾ, ‘ਸਿੱਖ ਗੁਰੂਆਂ ਅਤੇ ਉਨ੍ਹਾਂ ਦੇ ਪ੍ਰਵਾਰਾਂ ਦੀ ਕੁਰਬਾਨੀ ਭਾਰਤੀ ਸੰਸਕ੍ਰਿਤੀ ਅਤੇ ਧਰਮ ਦੀ ਰੱਖਿਆ ਲਈ ਦਿੱਤੀ ਗਈ ਇੱਕ ਵਿਲੱਖਣ ਮਿਸਾਲ ਹੈ। ਆਉਣ ਵਾਲੀਆਂ ਪੀੜ੍ਹੀਆਂ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਦੀ ਬਹਾਦਰੀ ਅਤੇ ਸ਼ਹੀਦੀ ਤੋਂ ਪ੍ਰੇਰਨਾ ਲੈਂਦੀਆਂ ਰਹਿਣਗੀਆਂ ਅਤੇ ‘ਵੀਰ ਬਾਲ ਦਿਵਸ’ ਦਾ ਆਯੋਜਨ ਦੇਸ਼ ਦੀ ਨਵੀਂ ਪੀੜ੍ਹੀ ਨੂੰ ਉਨ੍ਹਾਂ ਦੇ ਮਹਾਨ ਇਤਿਹਾਸ ਤੋਂ ਜਾਣੂ ਕਰਵਾਉਣ ਦਾ ਇਕ ਯਤਨ ਹੈ’।