-1.3 C
New York

ਅਨੋਖਾ ਬਹਾਦਰ : ਬਾਬਾ ਦੀਪ ਸਿੰਘ ਜੀ

Published:

5/5 - (1 vote)

੧੭੫੫ ਈ. ਵਿੱਚ ਦਲ ਖਾਲਸਾ ਦਾ ਮੁਖੀ ਜਥੇਦਾਰ ਸ. ਜੱਸਾ ਸਿੰਘ ਆਹਲੂਵਾਲੀਆ ਸੀ। ਉਸ ਨੇ ਸਾਰੇ ਜਥਿਆਂ ਦਲਾਂ ਤੇ ਇਕੱਲੇ ਕਾਰੇ ਸਿੱਖਾਂ ਨੂੰ ਖਬਰਾਂ ਕਰ ਦਿੱਤੀਆਂ ਹਨ ਕਿ ਅਬਦਾਲੀ ਆ ਰਿਹਾ ਹੈ। ਕਰਨਾਲ ਤੋਂ ਲੈ ਕੇ ਅਟਕ ਦਰਿਆ ਤੱਕ ਸਭ ਸਿੱਖ ਸ਼ਾਹੀ ਸੜਕ ਤੇ ਦੋਹੀਂ ਪਾਸੀਂ ਨੇੜੇ-ਤੇੜੇ ਹੋ ਕੇ ਜਿਨ੍ਹਾਂ ਵੀ ਹੋ ਸਕੇ ਉਹ ਦੁਰਾਨੀ ਦੀ ਫੌਜ ਨੂੰ ਲੁੱਟਣ ਤੇ ਸਭ ਤੋਂ ਵਧ ਖਿਆਲ ਰੱਖਣ ਕਿ ਹਿੰਦੁਸਤਾਨ ਦੀਆਂ ਇਸਤਰੀਆਂ ਹਿੰਦੂ ਹੋਣ ਜਾਂ ਮੁਸਲਮਾਨ ਉਹ ਜਰਵਾਣਿਆਂ ਕੋਲੋਂ ਖੋਹ ਲਈਆਂ ਜਾਣ। ਇਸਤਰੀ ਦਾ ਧਰਮ ਬਚਾਉਣਾ ਸਭ ਤੋਂ ਵੱਡਾ ਧਰਮ ਸਮਝਿਆ ਜਾਂਦਾ ਸੀ।

ਜਥੇਦਾਰ ਦਾ ਹੁਕਮ ਮੰਨ ਕੇ ਵੈਰੀ ਦਾ ਰਾਹ ਰੋਕ ਕੇ ਸਭ ਤੋਂ ਪਹਿਲਾਂ ਬਾਬਾ ਦੀਪ ਸਿਘ ਜੀ ਆਪਣੇ ਜਥੇ ਸਮੇਤ ਥਨੇਸਰ ਬੈਠ ਗਏ। ਲਾਗੇ ਦੇ ਬਾਂਗਰ ਦੇ ਪਿੰਡਾਂ ਵਿੱਚੋਂ ਲੱਸੀ ਤੇ ਦੁੱਧ ਮੰਗਵਾਏ। ਘੋੜਿਆਂ ਨੂੰ ਘਾਹ ਤੇ ਦਾਣਾ ਪਾਇਆ। ਸਿੰਘਾਂ ਨੇ ਸ਼ਾਸਤ੍ਰ ਸਾਫ ਤੇ ਤਿੱਖੇ ਕੀਤੇ, ਵੈਰੀਆਂ ਨੂੰ ਮਾਰਨ ਦੀਆਂ ਵਿਉਂਤਾਂ ਸੋਚੀਆਂ। ਉਸ ਵੇਲੇ ਗੁਰੀਲਾ ਲੜਾਈਆਂ ਹੋਇਆ ਕਰਦੀਆਂ ਸਨ। ਛਾਪੇ ਮਾਰਨੇ ਡਰ ਕੇ, ਗਿਣਤੀ ਬਹੁਤ ਘਟ ਹੋਇਆ ਕਰਦੀ ਸੀ। ਉਹ ਧਰਮ ਤੇ ਬਹਾਦਰੀ ਦੇ ਆਸਰੇ ਜੀਉਂਦੇ ਸਨ।

ਬਾਬਾ ਦੀਪ ਸਿੰਘ ਜੀ, ਜੋ ਮਹਾਂ ਭਾਰਤ ਦੇ ਮੈਦਾਨ ਵਿੱਚ ਬੈਠੇ ਹੋਏ ਵੈਰੀ ਦੀ ਉਡੀਕ ਕਰ ਰਹੇ ਸਨ, ਉਹਨਾਂ ਦਾ ਜੀਵਨ ਪ੍ਰਸੰਗ ਬਹੁਤ ਲੰਮਾ ਹੈ। ਆਪ ਨੇ ਸਾਰੀ ਆਯੂ ਹੀ ਦੇਸ਼, ਕੌਮ ਧਰਮ ਹਿੱਤ ਲਈ। ਪਰਉਪਕਾਰ, ਸੇਵਾ ਤੇ ਨਾਮ-ਅਭਿਆਸ ਜੀਵਨ ਦੇ ਨਿਸ਼ਾਨੇ ਰੱਖੋ। ਜੀਊਣਾ ਧਰਮ ਵਾਸਤੇ ਤੇ ਮਰਨਾ ਧਰਮ ਵਾਸਤੇ। ਇਹੋ ਸਿੰਘ ਦਾ ਕਰਮ ਯੋਗ ਸੀ।


ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਪਿੱਛੋਂ ਸਿੰਘਾਂ ਦੀ ਜਥੇਬੰਦੀ ਖੇਰੂੰ-ਖੇਰੂੰ ਹੋ ਗਈ, ਸਿੰਘ ਖਿੱਲਰ ਕੇ ਇੱਧਰ-ਉਧਰ ਦਿਨ ਕੱਟਣ ਲੱਗੇ। ਬਾਬਾ ਜੀ ਪਹਿਲਾਂ ਦਮਦਮਾ ਸਾਹਿਬ ਬੈਠੇ ਰਹੇ। ਸੌ ਕੁ ਸਿੰਘਾਂ ਦਾ ਜੱਥਾ ਆਪ ਦੇ ਨਾਲ ਸੀ। ਆਪ ਦੇ ਜਥੇ ਨੇ ਨਾਦਰ ਸ਼ਾਹ ਦੇ ਡੇਰੇ ਲੁੱਟੇ ਸਨ ਤੇ ਔਰਤਾਂ ਵੇਲੇ ਸਿੰਘਾਂ ਦੀ ਸਹਾਇਤਾ ਕੀਤੀ ਸੀ।

ਪੰਜਾਬ ਦਾ ਗਵਰਨਰ ਖਾਨ ਬਹਾਦਰ ਜ਼ਕਰੀਆ ਖਾਂ ਬਣਿਆ। ਉਸ ਨੇ ਪਹਿਲਾਂ ਸਿੰਘਾਂ ਨਾਲ ਸਮਝੌਤਾ ਕੀਤਾ ਤੇ ਫਿਰ ਵਿਗੜ ਬੈਠਾ। ਸਿੰਘ ਜੰਗਲਾਂ ਨੂੰ ਨਿਕਲ ਤੁਰੇ, ਝੱਲਾਂ ਵਿੱਚ ਰਹੇ ਔਲਾਦ ਪੈਦਾ ਕਰਨ ਤੋਂ ਸੰਕੋਚ ਕੀਤਾ ਅਤੇ ਵਿਆਹ ਸ਼ਾਦੀ ਦੇ ਖਿਆਲ ਉਡਾ ਦਿੱਤੇ। ਜਤੀ ਸਤੀ ਰਹਿ ਕੇ ਸਤਿਗੁਰੂ ਦਾ ਭਾਣਾ ਮੰਨ ਕੇ ਸਿੰਘਾਂ ਮੁਸੀਬਤਾਂ ਦੇ ਦਿਨ ਕੱਟਣ ਲੱਗੇ। ਦਸ ਰੁਪਏ ਸਿੰਘ ਦੇ ਸਿਰ ਦਾ ਮੁੱਲ ਸੀ-ਐਸੀ ਚੰਦਰੀ ਹਕੂਮਤ ਸੀ।


੧੭੪੫ ਵਿੱਚ ਜ਼ਕਰੀਆ ਖਾਂ ਮਰ ਗਿਆ। ਉਸ ਜ਼ਾਲਮ ਨੇ ਭਾਈ ਮਨੀ ਸਿੰਘ ਜੀ ਤੇ ਭਾਈ ਤਾਰੂ ਸਿੰਘ ਜੀ ਨੂੰ ਸ਼ਹੀਦ ਕਰਾਇਆ ਸੀ-ਮਾਰਿਆ ਬੁਰੀ ਮੌਤੇ।


ਖਾਨ ਬਹਾਦਰ ਜ਼ਕਰੀਆ ਖਾਂ ਦੀ ਮੌਤ ਪਿੱਛੋਂ ਪੰਜਾਬ ਦੀ ਨਵਾਬੀ ਦੇ ਪੈਰ ਥਿੜਕ ਗਏ। ਉਸ ਦੇ ਦੋਹਾਂ ਪੁੱਤਰਾਂ ਵਿੱਚ ਝਗੜਾ ਹੋ ਗਿਆ। ਯਹੀਆ ਖਾਂ ਨੇ ਲਾਹੌਰ ਮੱਲ ਲਿਆ ਤੇ ਉਸ ਦਾ ਦੀਵਾਨ ਲਖਪਤ ਰਾਇ ਹਿੰਦੂ ਸੀ। ਉਹ ਧਰਮ ਦਾ ਦੁਸ਼ਮਣ, ਖੁਦਗਰਜ਼ ਤੇ ਲਾਲਚੀ ਸੀ।ਉਸ ਦਾ ਭਰਾ ਜਸਪਤ ਰਾਇ ਇੱਕ ਲੜਾਈ ਵਿੱਚ ਸਿੰਘਾਂ ਹੱਥੋਂ ਮਾਰਿਆ ਗਿਆ। ਉਸ ਨੇ ਭਰਾ ਦੀ ਮੌਤ ਦਾ ਬਦਲਾ ਲੈਣ ਵਾਸਤੇ ਸਿਰੋਂ ਪੱਗ ਲਾਹ ਕੇ ਯਹੀਆ ਖਾਂ ਦੇ ਪੈਰਾਂ ਵਿੱਚ ਸੁੱਟੀ ਤੇ ਆਖਿਆ-‘ਮੇਰੀ ਸਹਾਇਤਾ ਕਰੋ! ਮੈਂ ਜਿਨ੍ਹਾਂ ਚਿਰ ਸਿੱਖ ਤੇ ਸਿੱਖ ਧਰਮ ਨਾ ਖਤਮ ਕਰ ਦਿਆਂਗਾ ਉਹਨਾਂ ਚਿਰ ਪੱਗ ਨਹੀਂ ਬੰਨਣੀ।’


ਅੰਨ੍ਹਾ ਕੀ ਭਲੇ ਦੋ ਅੱਖਾਂ? ਯਹੀਆ ਖਾਂ ਤਾਂ ਅੱਗੇ ਹੀ ਸਿੱਖਾਂ ਦਾ ਦੁਸ਼ਮਣ ਸੀ, ਉਸ ਨੇ ਸਾਰੀ ਫੌਜ ਤੇ ਮੁਸਲਮਾਨ ਸ਼ਕਤੀ ਲਖਪਤ ਰਾਇ ਦੇ ਹਵਾਲੇ ਕਰ ਦਿੱਤੀ। ਖੱਤਰੀ ਧਰਮ ਦਾ ਵੈਰੀ ਬਣਿਆ।


ਮੂਰਖ ਨੇ ਪੋਥੀਆਂ ਸੜਵਾਈਆਂ, ਗੁਰੂ ਦਾ ਨਾਂ ਭੁਲਾਉਣ ਦਾ ਯਤਨ ਕੀਤਾ ਤੇ ਸਿੰਘਾਂ ਦਾ ਸ਼ਿਕਾਰ ਕਰਨ ਚੜ੍ਹਿਆ। ਸ਼ਹਿਰਾਂ ਵਿੱਚ ਵਸਦੇ ਮਿਹਨਤੀ, ਹਟਵਾਣੀਏ ਸਾਧੂ, ਸੰਤ, ਸਿੰਘ, ਫੜ੍ਹ ਲਏ, ਚੇਤ ਚੌਦਸ ਤੇ ਮੱਸਿਆ ਵਾਲੇ ਦਿਨ ਲੰਡੇ ਬਜ਼ਾਰ ਦੀ ਕਤਲ-ਗਾਹ ਵਿੱਚ ਕਤਲ ਕਰਾ ਦਿੱਤਾ। ਲਹੂ ਦੀ ਨਦੀ ਵਗਾਈ, ਸਿਰਾਂ ਤੇ ਬੁਰਜ ਬਣਾਏ।


ਉਹ ਚੜ੍ਹਿਆ ਸਿੱਖਾਂ ਨੇ ਸਭ ਨੂੰ ਸੂਚਨਾ ਭੇਜੀ-‘ਇੱਕਠੇ ਹੋ ਜਾਓ। ਇੱਕ ਥਾਂ ਮਰੋ ਤੇ ਇੱਕ ਥਾਂ ਜੀਵੋ।’ ਤਾਂ ਬਾਬਾ ਦੀਪ ਸਿੰਘ ਜੀ ਆਪਣਾ ਜਥਾ ਲੈ ਕੇ ਕਾਹਨੂੰਵਾਨ ਦੀ ਛੰਭ ਵਿੱਚ ਦਲ ਖਾਲਸੇ ਨਾਲ ਜਾ ਮਿਲੇ। ਲੱਖੂ ਦਾ ਮੁਕਾਬਲਾ ਕਰਨ ਵਾਸਤੇ ਤਕੜੇ ਹੋਏ।


ਕਾਹਨੂੰਵਾਨ ਦੀ ਛੰਭ ਵਿੱਚ ਮੋਰਚੇ ਲੱਗੇ ਜੰਗਲ ਸੀ, ਝਲ ਸੀ, ਉਸ ਝਲ ਦੇ ਅੰਦਰ ਵੜ ਗਏ ਤੇ ਰਾਤ-ਬਰਾਤੇ ਹਮਲਾ ਕਰਕੇ ਲਾਹੌਰੀ ਫੌਜਾਂ ਨੂੰ ਮਾਰਦੇ।


ਮੋਰਚਾ ਲੰਮਾ ਹੋ ਗਿਆ। ਗਰਮੀਆਂ ਆ ਗਈਆਂ ਤਾਂ ਲਖਪਤ ਰਾਏ ਨੇ ਇਨਸਾਨੀਅਤ ਦਾ ਤਿਆਗ ਕੀਤਾ। ਉਹ ਪਾਗਲ ਹੋ ਗਿਆ। ਉਸ ਨੇ ਝਲ ਨੂੰ ਅੱਗ ਲਵਾ ਦਿੱਤੀ। ਅੱਗ ਦਾ ਮੁਕਾਬਲਾ ਕਰਨਾ ਸਿੰਘਾਂ ਵਾਸਤੇ ਕਠਨ ਸੀ। ਝਲ ਨੂੰ ਛੱਡਕੇ ਸਿੰਘ ਨੱਠ ਤੁਰੇ। ਬਾਬਾ ਦੀਪ ਸਿੰਘ ਜੀ ਦਾ ਜੱਥਾ ਦੱਖਣ ਵੱਲ ਬਿਆਸਾ ਦੇ ਨਾਲ-ਨਾਲ ਹੋ ਤੁਰਿਆ। ਵੈਰੀ ਨਾਲ ਟੱਕਰ ਲਈ, ਢਿੱਡੋਂ ਭੁੱਖੇ ਤਨ ਜ਼ਖਮੀ ਤੇ ਉੱਪਰ ਸੂਰਜ ਦੀ ਗਰਮੀ ਹੇਠਾਂ ਧਰਤੀ ਤਪੀ ਹੋਈ ਨੰਗੇ ਪੈਰ, ਸਤਿਗੁਰੂ ਦੇ ਹੌਂਸਲੇ ਅੱਗੇ ਵਧਦੇ ਗਏ।


ਬਾਬਾ ਜੀ ਨੂੰ ਜ਼ਖਮ ਲੱਗੇ ਸਨ, ਫਿਰ ਵੀ ਐਨਾ ਹੌਂਸਲਾ ਸੀ ਕਿ ਰਾਹ ਜਾਂਦੇ ਜ਼ਖਮੀਆਂ ਦੇ ਥੱਕੇ ਮਾਰਿਆਂ ਨੂੰ ਚੁੱਕੀ ਲਈ ਗਏ। ਦਰਿਆ ਨੂੰ ਪਾਰ ਕੀਤਾ ਤਾਂ ਰੇਤ ਨੇ ਪੈਰ ਭੁੰਨੇ-ਛਾਲੇ ਪਾਏ, ਪਰ ਧੰਨ ਸਨ ਉਹ ਸਿੱਖ ਜਿਹੜੇ ਐਨੇ ਕਸ਼ਟ ਝੱਲ ਕੇ ਵੀ ਸਿੱਖੀ ਨੂੰ ਨਿਭਾਉਂਦੇ ਸਨ, ਅੱਜ ਅਮਨ ਤੇ ਸੁੱਖ ਦੇ ਦਿਨਾਂ ਵਿੱਚ ਸਿੱਖ, ਸਿੱਖੀ ਤੋਂ ਪਤਤ ਹੁੰਦੇ ਜਾਂਦੇ ਹਨ।


ਬਾਬਾ ਜੀ ਮਾਲਵੇ ਪੁੱਜ ਗਏ।
ਸਾਲ ਪਿੱਛੋਂ ਅਮਨ ਹੋਇਆ। ਅੰਮਿ੍ਰਤਸਰ ਦੀ ਵਿਸਾਖੀ ਤੇ ਸਿੰਘ ਇਕੱਠੇ ਹੋਏ ਤਾਂ ਸਿੰਘਾਂ ਨੇ ਗੁਰਮਤਾ ਸੋਧਿਆ ਕਿ ਹੁਣ ਜੰਗਲਾਂ ਵਿੱਚ ਲੁਕਣ ਦਾ ਸਮਾਂ ਨਹੀਂ ਰਿਹਾ। ਜਥੇਬੰਦੀ ਮਜ਼ਬੂਤ ਕਰਕੇ ਛੋਟੇ-ਛੋਟੇ ਜਥਿਆਂ ਨੂੰ ਤੋੜ ਕੇ ਵੱਡੇ ਜਥੇ ਬਣਾਏ ਜਾਣ, ਸਾਰੇ ਸੰਘ ਯਾਰਾਂ ਹਿੱਸਿਆਂ ਵਿੱਚ ਵੰਡੇ ਗਏ। ਜਿਨ੍ਹਾਂ ਦਾ ਨਾਂ ਰੱਖਿਆ ‘ਮਸਲਾਂ’। ਮਿਸਲਾਂ ਦਾ ਨਿਸ਼ਾਨਾ ਸੀ ਰਾਜ ਕਰਨਾ। ਇਲਾਕੇ ਮੱਲਣੇ ਤੇ ਤਕੜੀ ਤਾਕਤ ਬਣਾ ਕੇ ਜੀਉਣਾ।


ਉਹਨਾਂ ਯਾਰਾਂ ਮਿਸਲਾਂ ਵਿੱਚ ਇੱਕ ‘ਮਿਸਲ ਸ਼ਹੀਦਾਂ’ ਕਾਇਮ ਹੋਈ। ਉਸ ਦੇ ਜਥੇਦਾਰ ਬਾਬਾ ਦੀਪ ਸਿੰਘ ਜੀ ਬਣੇ। ਉਹਨਾਂ ਨੇ ਮਿਸਲ ਨੂੰ ਨਵੇਂ ਸਿਰੇ ਤੋਂ ਜਥੇਬੰਦ ਕੀਤਾ ਤੇ ਜਵਾਨ ਭਰਤੀ ਕੀਤੇ।


ਉਸ ਸਮੇਂ ਮਿਸਲਾਂ ਨਾਲ ਦੋ ਪ੍ਰਕਾਰ ਦੇ ਸਿੰਘ ਰਲਦੇ ਸਨ। ਇੱਕ ਉਹ ਜਿਹੜੇ ਸਿੱਖ ਧਰਮ ਨਾਲ ਦਿਲੋਂ ਪਿਆਰ ਕਰਦੇ ਸਨ। ਤਨਖਾਹ ਕੋਈ ਹੁੰਦੀ ਨਹੀਂ ਸੀ। ਰੋਟੀ ਕੱਪੜਾ ਮਿਸਲ ਦੇ ਜਥੇਦਾਰ ਵੱਲੋਂ ਮਿਲਦਾ ਸੀ। ਇੱਕ ਪ੍ਰਵਾਰ ਬਣ ਕੇ ਰਹਿੰਦੇ ਸਨ। ਦੂਸਰੀ ਕਿਸਮ ਦੇ ਉਹ ਲੋਕ ਸਨ, ਜਿਹੜੇ ਸਿਰਫ ਲੁੱਟ ਦਾ ਹਿੱਸਾ ਪ੍ਰਾਪਤ ਕਰਨ ਲਈ ਲੜਦੇ। ਘੋੜੇ, ਕੰਬਲ ਤੇ ਹਥਿਆਰ ਤਿੰਨ ਜਰੂਰੀ ਲੋੜਾਂ ਸਨ। ਖਾਣ-ਪੀਣ ਦਾ ਸਿੰਘ ਕੋਈ ਉਚੇਚਾ ਖਿਆਲ ਨਹੀਂ ਸੀ ਕਰਦੇ।ਜੋ ਕੁੱਝ ਮਿਲਦਾ ਖਾ ਲੈਂਦੇ ਸਨ। ਗੁਰੂ ਦਾ ਲੰਗਰ ਸਾਂਝਾ ਹੁੰਦਾ ਸੀ।

ਬਾਬਾ ਦੀਪ ਸਿੰਘ ਜੀ ਦੀ ਜਥੇਦਾਰੀ ਹੇਠ ਮਿਸਲ ਸ਼ਹੀਦਾਂ ਨੇ ਬੜੀ ਤਰੱਕੀ ਕੀਤੀ। ਇਹ ਮਿਸਲ ਸੱਚ ਹੀ ਸ਼ਹੀਦਾਂ ਦੀ ਸੀ। ਤਿਆਗੀ, ਨਾਮ ਰਸੀਏ, ਕੀਰਤਨੀਏ, ਲਿਖਾਰੀ ਤੇ ਬਹਾਦਰ ਸੰਤ ਸਿਪਾਹੀ ਮਿਸਲ ਦੇ ਜਵਾਨ ਸਨ।


ਸਿੱਖ ਪੰਥ ਦੇ ਮੁਖੀਆਂ ਵਿੱਚ ਬਾਬਾ ਜੀ ਦਾ ਬਹੁਤ ਵੱਡਾ ਅਸਥਾਨ ਤੇ ਸਤਿਕਾਰ ਸੀ। ਆਪ ਬੁੱਢੇ ਸਲ ਦੇ ਆਗੂ ਮੰਨੇ ਜਾਂਦੇ। ਸਤਿਗੁਰੂ ਜੀ ਦੇ ਹਜ਼ੂਰੀਏ ਸਿੱਖ ਹੋਣ ਕਰ ਕੇ ਵੀ ਸਤਿਕਾਰ ਸੀ। ਗੁਰੂ ਘਰ ਦੀ ਮਰਯਾਦਾ ਤੇ ਪਵਿੱਤਰਤਾ ਕਾਇਮ ਰੱਖਣ ਵਾਸਤੇ ਆਪ ਸਦਾ ਵੱਡੀ ਤੋਂ ਵੱਡੀ ਕੁਰਬਾਨੀ ਕਰਨ ਨੂੰ ਤਿਆਰ ਰਹਿੰਦੇ ਸਨ।


-ਗਿਆਨੀ ਤਿ੍ਰਲੋਕ ਸਿੰਘ ਜੀ   

Read News Paper

Related articles

spot_img

Recent articles

spot_img