ਕੁਪਵਾੜਾ, ਜੰਮੂ ਕਸ਼ਮੀਰ/ਪੰਜਾਬ ਪੋਸਟ
ਪਿਛਲੇ ਕੁੱਝ ਦਿਨਾਂ ਤੋਂ ਜਾਰੀ ਲੜੀ ਵਿੱਚ ਅੱਜ ਓਸ ਵੇਲੇ ਹੋਰ ਵਾਧਾ ਹੋਇਆ ਜਦੋਂ ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲੇ ਦੇ ਕਮਾਕਰੀ ਸੈਕਟਰ ‘ਚ ਭਾਰਤੀ ਫੌਜ ਨੇ ਪਾਕਿਸਤਾਨ ਦੀ ਬਾਰਡਰ ਐਕਸ਼ਨ ਟੀਮ (ਬੀਏਟੀ) ਦੇ ਹਮਲੇ ਨੂੰ ਨਾਕਾਮ ਕਰ ਦਿੱਤਾ ਹਾਲਾਂਕਿ ਇਸ ਦੌਰਾਨ ਭਾਰਤੀ ਫੌਜ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਜਦਕਿ ਇਕ ਕਪਤਾਨ ਸਮੇਤ ਚਾਰ ਹੋਰ ਜ਼ਖਮੀ ਵੀ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਗੋਲੀਬਾਰੀ ‘ਚ ਇੱਕ ਘੁਸਪੈਠੀਆ ਵੀ ਮਾਰਿਆ ਗਿਆ। ਤਿੰਨ ਘੁਸਪੈਠੀਆਂ ਦੇ ਸਮੂਹ ਨੇ ਉੱਤਰੀ ਕਸ਼ਮੀਰ ਜ਼ਿਲੇ ਦੇ ਤ੍ਰੇਹਗਾਮ ਸੈਕਟਰ ‘ਚ ਕੁਮਕਦੀ ਚੌਂਕੀ ਨੇੜੇ ਇਕ ਚੌਂਕੀ ‘ਤੇ ਗ੍ਰਨੇਡ ਸੁੱਟਿਆ ਅਤੇ ਗੋਲੀਬਾਰੀ ਕੀਤੀ ਅਤੇ ਦੋਵਾਂ ਧਿਰਾਂ ਵਿਚਕਾਰ ਗੋਲੀਬਾਰੀ ਸ਼ੁਰੂ ਹੋ ਗਈ ਜਿਸ ਵਿੱਚ ਪੰਜ ਸੈਨਿਕ ਜ਼ਖਮੀ ਹੋ ਗਏ ਅਤੇ ਉਨ੍ਹਾਂ ਵਿੱਚੋਂ ਇੱਕ ਨੇ ਬਾਅਦ ਵਿੱਚ ਦਮ ਤੋੜ ਦਿੱਤਾ। ਜਾਣਕਾਰੀ ਅਨੁਸਾਰ ਜ਼ਖਮੀਆਂ ਵਿੱਚੋਂ ਇਕ ਹੋਰ ਜਵਾਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਘੰਟਿਆਂ ਤੱਕ ਚੱਲੀ ਗੋਲੀਬਾਰੀ ਦੌਰਾਨ ਦੋ ਘੁਸਪੈਠੀਏ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਪਹੁੰਚਣ ਵਿੱਚ ਕਾਮਯਾਬ ਹੋ ਗਏ।