ਮੋਹਾਲੀ/ਪੰਜਾਬ ਪੋਸਟ
ਸੀ.ਬੀ.ਆਈ ਵੱਲੋਂ ਪਿਛਲੇ ਦਿਨੀਂ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਪੰਜਾਬ ਦੇ ਸਾਬਕਾ ਡੀ.ਆਈ.ਜੀ ਹਰਚਰਨ ਸਿੰਘ ਭੁੱਲਰ ਵਿਰੁੱਧ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਸਬੰਧੀ ਇਕ ਹੋਰ ਕੇਸ ਦਰਜ ਕੀਤਾ ਹੈ। ਸੀ.ਬੀ.ਆਈ ਦੀ ਚੰਡੀਗੜ੍ਹ ਬ੍ਰਾਂਚ ਨੇ ਇੰਸਪੈਕਟਰ ਸੋਨਲ ਮਿਸ਼ਰਾ ਦੀ ਸ਼ਿਕਾਇਤ ’ਤੇ ਇਹ ਕੇਸ ਦਰਜ ਕੀਤਾ ਹੈ। ਸੀ.ਬੀ.ਆਈ ਨੇ ਇਸ ਮਾਮਲੇ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸੀ.ਬੀ.ਆਈ ਨੇ 16 ਅਕਤੂਬਰ ਨੂੰ ਮੰਡੀ ਗੋਬਿੰਦਗੜ੍ਹ ਵਿੱਚ ਰਹਿਣ ਵਾਲੇ ਸਕਰੈਪ ਡੀਲਰ ਅਕਾਸ਼ ਬੱਤਾ ਤੋਂ ਰਿਸ਼ਵਤ ਦੇ ਨਾਂਅ ’ਤੇ 5 ਲੱਖ ਰੁਪਏ ਲੈਂਦਿਆਂ ਕ੍ਰਿਸ਼ਨੂੰ ਸ਼ਾਰਦਾ ਨੂੰ ਚੰਡੀਗੜ੍ਹ ਤੋਂ ਰੰਗੇ ਹੱਥੀਂ ਕਾਬੂ ਕੀਤਾ ਸੀ। ਉਸ ਨੇ ਬੱਤਾ ਦਾ ਪੁਰਾਣਾ ਕੇਸ ਨਿਬੇੜਨ ਲਈ ਹਰਚਰਨ ਸਿੰਘ ਭੁੱਲਰ ਦੇ ਨਾਮ ’ਤੇ ਇਹ ਰਕਮ ਲਈ ਸੀ। ਇਸ ਮਗਰੋਂ ਸੀ.ਬੀ.ਆਈ ਨੇ ਭੁੱਲਰ ਨੂੰ 16 ਅਕਤੂਬਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਉਸ ਦੀ ਚੰਡੀਗੜ੍ਹ ਦੇ ਸੈਕਟਰ-40 ਸਥਿਤ ਰਿਹਾਇਸ਼ ’ਤੇ ਛਾਪਾ ਮਾਰਿਆ ਸੀ ਅਤੇ ਹੁਣ ਮੁਅੱਤਲ ਡੀ.ਆਈ.ਜੀ ਹਰਚਰਨ ਭੁੱਲਰ ਖਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦਾ ਇੱਕ ਨਵਾਂ ਕੇਸ ਦਰਜ ਹੋ ਗਿਆ ਹੈ।






