13.4 C
New York

ਦੁਆਬੇ ਦੀ ਖੇਤੀ ਨੂੰ ਵਿਭਿੰਨਤਾ, ਜੈਵਿਕਤਾ ਤੇ ਲਾਹੇਵੰਦ ਮੰਡੀਕਰਨ ਵੱਲ ਲਿਜਾਣ ਲਈ ਯਤਨਸ਼ੀਲ

Published:

Rate this post

*ਨੌਜਵਾਨ ਖੇਤੀ ਵਿਗਿਆਨੀ ਅਰਬਿੰਦ ਸਿੰਘ ਧੂਤ

ਅੱਜ ਪੰਜਾਬ ਦਾ ਅੱਲੜ ਨੌਜਵਾਨ ਵਰਗ ਵਿਦੇਸ਼ਾਂ ਵਿੱਚ ਜਾਣ ਲਈ ਕਤਾਰਾਂ ਬੰਨੀ ਖੜਾ ਹੈ, ਉਹ ਪੰਜਾਬ ਦੀ ਸੌਖੀ, ਸਸਤੀ ਅਤੇ ਗੁਣਵਾਨ ਵਿੱਦਿਆਂ ਤੋਂ ਪਾਸਾ ਵੱਟ ਕੇ ਵਿਦੇਸ਼ਾਂ ਵਿੱਚ ਲੱਖਾਂ ਰੁਪਏ ਦੇ ਖਰਚ ਵਾਲੀ ਮਹਿੰਗੀ ਪਰ ਸਧਾਰਨ ਜਿਹੀ ਪੜਾਈ ਨੂੰ ਤਰਜੀਹ ਦੇ ਰਿਹਾ ਹੈ, ਪਰ ਪੰਜਾਬ ਦੇ ਕੁਝ ਨੌਜਵਾਨ ਅਜਿਹੇ ਵੀ ਹਨ, ਜੋ ਪੰਜਾਬ ਦੀਆਂ ਵਿੱਦਿਅਕ ਸੰਸਥਾਵਾਂ ਤੋਂ ਉੱਚ ਸਿੱਖਿਆ ਪ੍ਰਾਪਤ ਕਰਨ ਉਪਰੰਤ ਮਿਹਨਤਾਂ ਕਰਕੇ ਪੰਜਾਬ ਵਿੱਚ ਹੀ ਆਪਣਾ ਭਵਿੱਖ ਸੁਰੱਖਿਅਤ ਕਰ ਰਹੇ ਹਨ। ਇਨਾਂ ਵਿੱਚੋਂ ਹੀ ਇੱਕ ਨਾਂ ਹੁਸ਼ਿਆਰਪੁਰ ਜ਼ਿਲੇ ਦੇ ਦੇਸ਼ ਭਗਤਾਂ ਅਤੇ ਅਜ਼ਾਦੀ ਘੁਲਾਟੀਆਂ ਦੇ ਪਿੰਡ ਵਜੋਂ ਜਾਣੇ ਜਾਂਦੇ ਪ੍ਰਸਿੱਧ ਪਿੰਡ ਧੂਤ ਕਲਾਂ ਦਾ ਨੌਜਵਾਨ ਅਰਬਿੰਦ ਸਿੰਘ ਧੂਤ ਦਾ ਹੈ, ਜੋ ਬੀ. ਐੱਸ. ਸੀ. ਐਗਰੀਕਲਚਰ ਕਰਨ ਉਪਰੰਤ ਐੱਮ. ਐੱਸ. ਸੀ. ਹਾਰਟੀਕਲਚਰ ਹੈ ਅਤੇ ਆਪਣੀ ਖੇਤੀਬਾੜੀ ਸਿੱਖਿਆ, ਖੇਤੀ ਖੋਜ ਅਤੇ ਨਵੀਨਤਮ ਤਕਨੀਕਾਂ ਅਤੇ ਤਜ਼ਰਬੇ ਨਾਲ ਦੁਆਬਾ ਖਿੱਤੇ ਦੀ ਖੇਤੀ ਨੂੰ ਨਵੀਂ ਦਿਸ਼ਾ ਦੇਣ ਲਈ ਅਣਥਕ ਮਿਹਨਤ ਕਰ ਰਿਹਾ ਹੈ।

ਤਪੱਸਵੀ ਸੰਤਾਂ ਅਤੇ ਨਿਰਮਲੇ ਮਹਾਪੁਰਸ਼ਾਂ ਦੇ ਪ੍ਰਭਾਵ ਵਾਲੇ ਇਲਾਕੇ ਦੀ ਪ੍ਰਮੁੱਖ ਸੰਸਥਾ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ ਵਿਖੇ ਪੜੇ ਅਰਬਿੰਦ ਸਿੰਘ ਧੂਤ ਨੇ ਖੇਤੀਬਾੜੀ-ਬਾਗਬਾਨੀ ਦੀ ਪ੍ਰੈਕਟੀਕਲ ਫਾਰਮਿੰਗ ਵਿੱਚ ਚੰਗਾ ਤਜੁਰਬਾ ਹਾਸਲ ਕਰਕੇ ਆਪਣਾ ਇੱਕ ਖਾਸ ਨਾਂ ਬਣਾ ਲਿਆ ਹੈ

ਪੰਜਾਬ ਦੇ ਖੇਤੀਬਾੜੀ ਅਤੇ ਬਾਗਬਾਨੀ ਵਿਦਿਆਰਥੀਆਂ ਨੂੰ ਮਹਿੰਗੀ ਸਿਖਲਾਈ ਲਈ ਬਾਹਰਲੇ ਰਾਜਾਂ ਵਿੱਚ ਜਾਣਾ ਪੈਂਦਾ ਸੀ, ਇਸਦਾ ਤੋੜ ਲੱਭਦਿਆਂ ਨੌਜਵਾਨ ਅਰਬਿੰਦ ਧੂਤ ਨੇ ਜ਼ਿਲੇ ਦੀ ਕਿਸਾਨੀ ਸੁਸਾਇਟੀ ਫੈਪਰੋ ਨਾਲ ਮਿਲ ਕੇ ਟ੍ਰੇਨਿੰਗ ਪ੍ਰੋਗਰਾਮ ਜਾਰੀ ਕੀਤੇ ਜੋ ਭਾਰਤ ਸਰਕਾਰ ਸਮੇਤ 102 ਦੇਸ਼ਾਂ ਵਿੱਚ ਮਾਨਤਾ ਪ੍ਰਾਪਤ ਹਨ।

ਨੌਜਵਾਨ ਧੂਤ ਦੀ ਐੱਮ ਐੱਸ ਸੀ ਹੌਰਟੀਕਲਚਰ, ਪੰਜਾਬ ਲਈ ਨਵੇਂ ਫਲ ਉਤਪਾਦ ਡ੍ਰੈਗਨ ਫਰੂਟ ’ਤੇ ਕੇਂਦਰਤ ਹੈ। ਪੰਜਾਬ ਵਿੱਚ ਇਸ ਨਵੀਂ ਫਸਲ ਦੀ ਪੈਦਾਵਾਰ ਲਈ ਬਾਗਬਾਨਾਂ ਨੂੰ ਤਕਨੀਕੀ ਸੇਧ ਦੇਣ ਵਾਲਾ ਉਹ ਪਹਿਲਾ ਐਗਰੀ ਟੈਕਨੋਕ੍ਰੇਟ ਬਣਿਆ ਹੈ। ਉਹ ਹੁਣ ਤੱਕ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਲਗਭਗ 700 ਖੇਤੀਬਾੜੀ ਅਤੇ ਬਾਗਬਾਨੀ ਦੇ ਵਿਦਿਆਰਥੀਆਂ ਨੂੰ ਸਿਖਲਾਈ ਦੇ ਚੁੱਕੇ ਹਨ, ਜਿਨਾਂ ਵਿੱਚੋਂ 20 ਵਿਦਿਆਰਥੀ ਭਾਰਤ ਸਰਕਾਰ ਅਤੇ 15 ਵਿਦਿਆਰਥੀ ਪੰਜਾਬ ਸਰਕਾਰ ਵਿੱਚ ਅਫਸਰ ਲੱਗ ਚੁੱਕੇ ਹਨ, ਜਦਕਿ ਸੈਂਕੜੇ ਵਿਦਿਆਰਥੀ ਪੰਜਾਬ ਦੀ ਕਿਸਾਨੀ ਨੂੰ ਆਧੁਨਿਕ ਲੀਹਾਂ ’ਤੇ ਲਿਜਾ ਕੇ ਲਾਹੇਵੰਦ ਬਣਾਉਣ ਲਈ ਮੈਦਾਨ ਵਿੱਚ ਨਿੱਤਰ ਚੁੱਕੇ ਹਨ। ਉਹ ਇਲਾਕੇ ਦੇ ਕਿਸਾਨਾਂ ਨੂੰ ਪ੍ਰੇਰ ਕੇ ਹੁਣ ਤੱਕ 50 ਹਜ਼ਾਰ ਫਲਦਾਰ ਪੌਦੇ ਲਗਵਾ ਚੁੱਕੇ ਹਨ, ਜੋ ਅੱਜ ਫਲ ਦੇ ਕੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰ ਰਹੇ ਹਨ। ਹੁਸ਼ਿਆਰਪੁਰ ਜਿਸਨੂੰ ਅੰਬਾਂ ਦੀ ਧਰਤੀ ਕਰਕੇ ਜਾਣਿਆਂ ਜਾਂਦਾ ਹੈ, ਵਿੱਚ ਅੰਬਾਂ ਦੀਆਂ ਅਲੋਪ ਹੋ ਰਹੀਆ ਕਿਸਮਾਂ ਨੂੰ ਸੰਭਾਲਣ ਅਤੇ ਮੁੜ ਉਗਾਉਣ  ਦੀ ਲਹਿਰ ਵਿੱਚ ਵੀ ਉਸਦਾ ਭਰਵਾਂ ਯੋਗਦਾਨ ਹੈ। ਇਸ ਤੋਂ ਇੱਕ ਕਦਮ ਹੋਰ ਅਗਾਂਹ ਜਾ ਕੇ ਉਹ ਅੰਬੀਆਂ ਦੀ ਧਰਤ ਨੂੰ ਖੇਤੀ ਵਿਭਿੰਨਤਾ ਪੱਖੋਂ ਸੈਲਾਨੀਆਂ ਨੂੰ ਖਿੱਚਣ ਵਾਲਾ ਕੇਂਦਰ ਬਣਾਉਣਾ ਲੋਚਦੇ ਹਨ ਨੂੰ ਪੰਜਾਬੀ ਵਿਕਾਸ ਮੰਚ ਅਤੇ ਸਰ ਮਾਰਸ਼ਲ ਐਜੂਕੇਸ਼ਨ ਸੁਸਾਇਟੀ ਵੱਲੋਂ ਹੋਰਨਾਂ ਸੰਸਥਾਵਾਂ ਨਾਲ ਮਿਲ ਕੇ ਲੁਪਤ ਕੰਡੇ ਜਾਤੀਆਂ ਦੇ 5 ਸਾਲ ਪਹਿਲਾਂ ਲਾਏ ਪੌਦੇ ਹੁਣ ਅੰਬਾਂ ਨਾਲ ਲੱਦੇ ਰਹਿੰਦੇ ਹਨ।

ਉਹ ਭਾਰਤ ਸਰਕਾਰ ਦੁਆਰਾ ਬਣਾਏ ਜਾ ਰਹੇ ਕਿਸਾਨ ਸੰਗਠਨ ਫਾਰਮਰ ਪੋ੍ਰਡਿਊਸਿੰਗ ਆਰਗੇਨਾਈਜੇਸ਼ਨ (ਐੱਫ. ਪੀ. ਓ.) ਬਣਾ ਕੇ ‘ਨੇਫੇਡ’ ਅਤੇ ‘ਨਾਬਾਰਡ’ ਦੇ ਸਹਿਯੋਗ ਨਾਲ ਕੰਡੀ ਖੇਤਰ ਵਿੱਚ ਸ਼ਹਿਦ ਉਤਪਾਦ ਦੀ ਲਹਿਰ ਖੜੀ ਕਰਨ ਵਿੱਚ ਲੱਗਿਆ ਹੋਇਆ ਹੈ। ਅੱਜ ਉਹ ਇਲਾਕੇ ਦੇ ਸ਼ਹਿਦ ਅਤੇ ਇੱਕ ਹੋਰ ਉਤਪਾਦ ਗੁੜ ਅਤੇ ਸ਼ੱਕਰ ਦੇ ਉਚਿਤ ਮੰਡੀਕਰਨ ਲਈ ਹਿਮਾਚਲ ਅਤੇ ਹੋਰ ਗੁਆਢੀ ਸੂਬਿਆਂ ਵਿੱਚ ਸੰਪਰਕ ਕਰ ਰਹੇ ਹਨ, ਜਿਸਦਾ ਬਹੁਤ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਇਸ ਕਦਮ ਦਾ ਉਹ ਦੁਆਬੇ ਦੇ ਮਿਹਨਤੀ ਕਿਸਾਨਾਂ ਨੂੰ ਉਨਾਂ ਦੇ ਉਤਪਾਦਾਂ ਦੀ ਯੋਗ ਅਤੇ ਨਿਯਮਤ ਆਮਦਨ ਦੁਆਉਣ ਵਿੱਚ ਸਫਲ ਹੋਣਗੇ।

ਅਰਬਿੰਦ ਸਿੰਘ ਧੂਤ ਹਜਾਰਾਂ ਆਨਲਾਈਨ ਅਤੇ ਆਫਲਾਈਨ ਸੈਮੀਨਾਰਾਂ ਸਮੇਤ ਬਾਗਬਾਨੀ ਵਿਉਂਤਬੰਦੀ ਅਤੇ ਜਾਗਰੂਕਤਾ ਪ੍ਰਤੀ ਵਿਚਾਰ ਚਰਚਾ ਰਾਹੀ ਡ੍ਰੈਗਨ ਫਰੂਟ ਦੀ ਖੇਤੀ, ਪੈਦਾਵਾਰ ਅਤੇ ਮੰਡੀਕਰਨ ਸਬੰਧੀ ਜਾਣਕਾਰੀ ਸਾਂਝੀ ਕਰ ਚੁੱਕੇ ਹਨ। ਨੌਜਵਾਨ ਖੇਤੀ ਵਗਿਆਨੀ ਸ. ਧੂਤ ਦਾ ਜਿਆਦਾ ਜ਼ੋਰ ਕਿਸਾਨਾਂ ਨੂੰ ਜ਼ਹਿਰਾਂ ਭਰੀ ਖੇਤੀ ਤੋਂ ਮੋੜ ਕੇ ਜ਼ਹਿਰ ਮੁਕਤ ਅਤੇ ਜੈਵਿਕ ਖੇਤੀ ਵੱਲ ਲਿਆਉਣਾ ਹੈ। ਇਸੇ ਕਰਕੇ ਉਸਦਾ ਜਿਆਦਾ ਜੋਰ ਕਿਸਾਨਾਂ ਵਿੱਚ ਜੈਵਿਕ ਖੇਤੀ ਪ੍ਰਤੀ ਜਾਗਰੂਕਤਾ ਫੈਲਾਉਣ ਵਿੱਚ ਲੱਗਾ ਹੋਇਆ ਹੈ, ਜੋ ਲਗਾਤਾਰ ਕੈਂਪਾਂ ਰਾਹੀਂ ਜਾਰੀ ਹੈ। ਨੌਜਵਾਨ ਧੂਤ ਗਿਆਨੀ ਗਗਨਦੀਪ ਸਿੰਘ ਨਿਰਮਲੇ ਦੀ ਅਗਵਾਈ ਵਿੱਚ ਗੁਰਮਤਿ ਸੇਵਾ ਸੁਸਾਇਟੀ (ਰਜ਼ਿ) ਨਿਰਮਲ ਆਸ਼ਰਮ ਜੰਡਾਲੀ ਖੁਰਦ (ਅਹਿਮਦਗੜ) ਜ਼ਿਲਾ ਮਲੇਰਕੋਟਲਾ ਵੱਲੋਂ ਉਲੀਕੇ ਵਿਸ਼ਾਲ ਵਾਤਾਵਰਣ ਸੈਮੀਨਾਰ ਵਿੱਚ ਵੀ ਵਿਸ਼ੇਸ਼ ਮਾਹਿਰ ਦੇ ਰੂਪ ਵਿੱਚ ਯੋਗਦਾਨ ਪਾ ਚੁੱਕੇ ਹਨ। ਸ. ਧੂਤ ਨੇ ਖੇਤੀਬਾੜੀ ਦੇ ਵਿਦਿਆਰਥੀ ਨੂੰ ਟ੍ਰੇਨਿੰਗ ਦੇਣ ਲਈ ਆਪਣਾ ਫਾਰਮ ਵੀ ਜੈਵਿਕ ਖੇਤੀ ਵਿੱਚ ਤਬਦੀਲ ਕਰ ਲਿਆ ਹੈ। ਆਰਗੈਨਿਕ ਫਾਰਮਿੰਗ ਵਿੱਚ ਚੰਗਾ ਕੰਮ ਕਰਨ ਲਈ ‘ਇਨੋਵੇਟਿਵ ਫਾਰਮਰਜ਼ ਐਸੋਸੀਏਸ਼ਨ’ ਵੱਲੋਂ ਉਸਨੂੰ ਯੰਗ ਸਾਇੰਟਿਸਟ ਐਵਾਰਡ ਵੀ ਮਿਲ ਚੱੁਕਿਆ ਹੈ।

ਇੱਕ ਖੇਤੀ ਵਿਗਿਆਨੀ ਹੋਣ ਦੇ ਨਾਲ-ਨਾਲ ਉਹ ਪੰਜਾਬੀ ਮਾਂ ਬੋਲੀ ਦੇ ਪਹਿਰੇਦਾਰ ਵੀ ਹਨ। ਉਹ ਪੰਜਾਬੀ ਵਿਕਾਸ ਮੰਚ ਹਰਿਆਣਾ ਦੇ ਸਲਾਹਕਾਰ ਹਨ ਅਤੇ ਭਾਸ਼ਾ ਵਿਭਾਗ ਵੱਲੋਂ ਉਲੀਕੇ ਪੰਜਾਬੀ ਸੈਮੀਨਾਰਾਂ ਅਤੇ ਪੁਸਤਕ ਪ੍ਰਦਰਸ਼ਨੀਆਂ ਵਿੱਚ ਵੀ ਆਪਣੀ ਸਰਗਰਮ ਭੂਮਿਕਾ ਨਿਭਾਉਦੇ ਹਨ। ਪੰਜਾਬੀ ਲੇਖਣੀ ਵਿੱਚ ਇਲਾਕੇ ਦੇ ਇਤਿਹਾਸ ਅਤੇ ਵਿਰਸੇ ਨੂੰ ਸ਼ਬਦੀ ਰੂਪ ਵਿੱਚ ਸੰਭਾਲਣ ਦੀ ਚੇਸ਼ਟਾ ਉਸਨੂੰ ਕਿਤਾਬ ਪ੍ਰਕਾਸ਼ਨ ਵੱਲ ਲੈ ਆਈ। ਸਭ ਤੋਂ ਪਹਿਲਾਂ ਉਸਨੇ ਆਪਣੇ ਨਗਰ ਪਿੰਡ ਧੂਤ ਕਲਾਂ ਦੇ ਅਜ਼ਾਦੀ ਲਹਿਰ ਵਿੱਚ ਯੋਗਦਾਨ ਨੂੰ ਦਰਸਾਉਂਦੀ ਪੁਸਤਕ “ਰਾਸ਼ਟਰੀ ਸੰਘਰਸ਼ਾਂ ਦੇ ਮਸੀਹਾ ਮਾਸਟਰ ਹਰੀ ਸਿੰਘ ਧੂਤ”  ਲਿਖੀ।

ਨੌਜਵਾਨ ਧੂਤ ਬੜੀ ਸਿਰੜੀ ਅਤੇ ਬਹੁ-ਪਰਤੀ ਸ਼ਖਸੀਅਤ ਦਾ ਮਾਲਕ ਹੈ। ਉਹ ਧਰਮ ਪ੍ਰਚਾਰ ਲਹਿਰ ਚਲਾ ਰਹੀ ਸੰਸਥਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਹੁਸ਼ਿਆਰਪੁਰ ਜ਼ੋਨ ਵਿੱਚ ਬਤੌਰ ਐਗਜ਼ਾਮੀਨੇਸ਼ਨ ਕੰਟਰੋਲਰ ਅਤੇ ਵਿਸ਼ਾ ਮਾਹਿਰ ਦੇ ਤੌਰ ’ਤੇ ਸੇਵਾਵਾਂ ਵੀ ਨਿਭਾਅ ਰਹੇ ਹਨ। ਸਚਮੁੱਚ ਧੂਤ ਦੀਆਂ ਖੇਤੀ, ਭਾਸ਼ਾ, ਖੇਡਾਂ ਅਤੇ ਸਮਾਜਿਕ ਖੇਤਰ ਦੀਆਂ ਗਤੀਵਿਧੀਆ ਨੂੰ ਸੀਮਤ ਸ਼ਬਦਾਂ ਵਿੱਚ ਨਹੀਂ ਉਤਾਰਿਆ ਜਾ ਸਕਦਾ। ਨੌਜਵਾਨ ਖੇਤੀ ਵਿਗਿਆਨੀ ਅਰਬਿੰਦ ਸਿੰਘ ਧੂਤ ਦੁਆਬਾ ਇਲਾਕੇ ਵਿੱਚ ਇੱਕ ਵਿਸ਼ੇਸ਼ ਪਹਿਚਾਣ ਰੱਖਦਾ ਹੈ। ਪੰਜਾਬ, ਪੰਜਾਬ ਦੀ ਕਿਸਾਨੀ ਅਤੇ ਵੱਕਾਰੀ ਸੰਸਥਾਵਾਂ ਨੂੰ ਧੂਤ ਦੀਆਂ ਸਰਗਰਮੀਆਂ ’ਤੇ ਵੱਡਾ ਮਾਣ ਹੈ।

Read News Paper

Related articles

spot_img

Recent articles

spot_img