ਤਲ ਅਵੀਵ/ਪੰਜਾਬ ਪੋਸਟ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਗਾਜ਼ਾ ’ਚ ਜੰਗ ਨਾਲ ਨਜਿੱਠਣ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਰਵੱਈਏ ਨੂੰ ਇੱਕ ਗਲਤੀ ਕਰਾਰ ਦਿੰਦਿਆਂ ਉਨ੍ਹਾਂ ਦੀ ਸਰਕਾਰ ਨੂੰ ਗਾਜ਼ਾ ’ਚ ਵੱਡੀ ਮਾਤਰਾ ’ਚ ਰਾਹਤ ਸਮੱਗਰੀ ਪਹੁੰਚਾਉਣ ਦਾ ਸੱਦਾ ਦਿੱਤਾ। ਬਾਇਡਨ ਨੇ ਇੱਕ ਇੰਟਰਵਿਊ ਦੌਰਾਨ ਕਿਹਾ, ‘ਉਹ ਜੋ ਕਰ ਰਹੇ ਹਨ ਉਹ ਇੱਕ ਗਲਤੀ ਹੈ। ਮੈਂ ਉਨ੍ਹਾਂ ਦੇ ਰਵੱਈਏ ਨਾਲ ਸਹਿਮਤ ਨਹੀਂ ਹਾਂ।’
ਬਾਇਡਨ ਨੇ ਕਿਹਾ ਕਿ ਇਜ਼ਰਾਈਲ ਨੂੰ ਜੰਗਬੰਦੀ ਲਈ ਸਹਿਮਤ ਹੋਣਾ ਚਾਹੀਦਾ ਹੈ ਅਤੇ ਸੰਕਟ ਦੀ ਮਾਰ ਹੇਠਾਂ ਆਏ ਗਾਜ਼ਾ ’ਚ ਛੇ ਤੋਂ ਅੱਠ ਮਹੀਨੇ ਅੰਦਰ ਰਾਹਤ ਸਮੱਗਰੀ ਦੀ ਵੱਡੀ ਮਾਤਰਾ ਸਪਲਾਈ ਕਰਨ ਦੇ ਨਾਲ ਹੀ ਹੋਰ ਦੇਸ਼ਾਂ ਨੂੰ ਖੇਤਰ ’ਚ ਪਹੁੰਚ ਕੇ ਰਾਹਤ ਸਮੱਗਰੀ ਵੰਡਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ। ਬਾਇਡਨ ਦੇ ਇਸ ਰੁਖ਼ ਨਾਲ ਇਜ਼ਰਾਈਲ ’ਤੇ ਜੰਗਬੰਦੀ ਦਾ ਦਬਾਅ ਵਧਣ ਦੇ ਨਾਲ ਹੀ ਇੱਕ-ਦੂਜੇ ਦੇ ਕੱਟੜ ਹਮਾਇਤੀਆਂ ਵਿਚਾਲੇ ਦਰਾਰ ਵਧ ਗਈ ਹੈ। ਜੰਗ ਲੰਮੀ ਹੋਣ ਕਾਰਨ ਹਾਲਾਤ ਬਦਤਰ ਹੋ ਗਏ ਹਨ।
ਇਜ਼ਰਾਈਲ ’ਤੇ ਲੰਘੀ ਸੱਤ ਅਕਤੂਬਰ ਨੂੰ ਕੀਤੇ ਗਏ ਘਾਤਕ ਦਹਿਸ਼ਤੀ ਹਮਲੇ ਮਗਰੋਂ ਬਾਇਡਨ ਹਮਾਸ ਖ਼ਿਲਾਫ਼ ਇਜ਼ਰਾਈਲ ਵੱਲੋਂ ਜੰਗ ਸ਼ੁਰੂ ਕਰਨ ਦੇ ਹਮਾਇਤੀ ਰਹੇ ਹਨ ਪਰ ਹਾਲ ਹੀ ਦੇ ਹਫ਼ਤੇ ’ਚ ਨੇਤਨਯਾਹੂ ਸਬੰਧੀ ਉਨ੍ਹਾਂ ਦਾ ਸਬਰ ਟੁੱਟਦਾ ਦਿਖਾਈ ਦਿੱਤਾ ਅਤੇ ਅਮਰੀਕੀ ਪ੍ਰਸ਼ਾਸਨ ਨੇ ਇਜ਼ਰਾਈਲ ਪ੍ਰਤੀ ਸਖ਼ਤ ਰੁਖ਼ ਅਪਣਾਇਆ ਹੈ। ਇਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਦਹਾਕਿਆਂ ਪੁਰਾਣੇ ਸਹਿਯੋਗ ਨੂੰ ਝਟਕਾ ਲੱਗਾ ਹੈ ਅਤੇ ਜੰਗ ਨੂੰ ਲੈ ਕੇ ਕੌਮਾਂਤਰੀ ਪੱਧਰ ’ਤੇ ਇਜ਼ਰਾਈਲ ਨੂੰ ਅਲੱਗ-ਥਲੱਗ ਪੈਣ ਦਾ ਖਤਰਾ ਵੱਧ ਗਿਆ ਹੈ।