ਪੰਜਾਬ ਪੋਸਟ/ਬਿਓਰੋ
ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ’ਤੇ ਸੀ.ਆਈ.ਐੱਸ.ਐੱਫ. ਨੇ ਇੱਕ 24 ਸਾਲ ਦੇ ਮੁੰਡੇ ਨੂੰ ਗਿ੍ਰਫਤਾਰ ਕੀਤਾ ਹੈ, ਜੋ ਕਿ 67 ਸਾਲ ਦਾ ਸੀਨੀਅਰ ਸੀਟੀਜ਼ਨ ਬਣਕੇ ਕੈਨੇਡਾ ਜਾਣ ਦੀ ਤਿਆਰੀ ਕਰ ਰਿਹਾ ਸੀ। ਉਸ ਦੇ ਕੋਲੋਂ ਨਕਲੀ ਪਾਸਪੋਰਟ ਵੀ ਬਰਾਮਦ ਕੀਤਾ ਗਿਆ। ਦਰਅਸਲ 18 ਜੂਨ ਨੂੰ ਕਰੀਬ 5 ਵੱਜ ਕੇ 20 ਮਿੰਟ ’ਤੇ ਪ੍ਰੋਫਾਈਲਿੰਗ ਅਤੇ ਵਿਵਹਾਰ ਦਾ ਪਤਾ ਲਗਾਉਣ ਦੇ ਆਧਾਰ ਉੱਤੇ ਸੀ.ਆਈ.ਐੱਸ.ਐੱਫ. ਦੇ ਜਵਾਨ ਨੇ ਟਰਮੀਨਲ-3 ਵਜੇ ਚੈੱਕ-ਇੰਨ ਖੇਤਰ ਵਿੱਚ ਇਕ ਯਾਤਰੀ ਨੂੰ ਪੁੱਛਗਿਛ ਲਈ ਰੋਕਿਆ। ਪੁੱਛ_ਗਿੱਛ ਕਰਨ ’ਤੇ ਉਸ ਨੇ ਆਪਣੀ ਪਛਾਣ 67 ਸਾਲ ਦੇ ਰਸ਼ਵਿੰਦਰ ਸਿੰਘ ਸਹੋਤਾ ਵਜੋਂ ਦੱਸੀ। ਪਾਸਪੋਰਟ ’ਚ ਉਸਦੀ ਜਨਮ ਮਿਤੀ 10.02.1957 ਦਰਜ ਸੀ। ਉਸਦਾ ਜਨਮ ਸਥਾਨ ਜਲੰਧਰ ਦੇ ਨੇੜਲੇ ਪਿੰਡ ਦਾ ਦੱਸਿਆ ਹੋਇਆ ਸੀ, ਜਦਕਿ ਮੂਲ ਤੌਰ ’ਤੇ ਲਖਨਊ ਦਾ ਰਹਿਣ ਵਾਲਾ ਦਰਸਾਇਆ ਗਿਆ ਸੀ। ਉਕਤ ਵਿਅਕਤੀ ਰਾਤ 10:50 ਵਜੇ ਏਅਰ ਕੈਨੇਡਾ ਦੀ ਫਲਾਈਟ ਰਾਹੀਂ ਦਿੱਲੀ ਤੋਂ ਕੈਨੇਡਾ ਜਾਣ ਦੀ ਤਿਆਰੀ ਵਿੱਚ ਸੀ। ਸੀ.ਆਈ.ਐੱਸ.ਐੱਫ. ਦੇ ਜਵਾਨਾਂ ਨੂੰ ਉਕਤ ਵਿਅਕਤੀ ਦਾ ਪਾਸਪੋਰਟ ਚੈੱਕ ਕਰਨ ’ਤੇ ਪਤਾ ਲੱਗਾ ਕਿ ਉਸ ਦੀ ਉਮਰ ਪਾਸਪੋਰਟ ’ਚ ਦਿੱਤੀ ਗਈ ਉਮਰ ਤੋਂ ਕਾਫੀ ਘੱਟ ਜਾਪਦੀ ਹੈ। ਉਸ ਦੀ ਆਵਾਜ਼ ਅਤੇ ਚਮੜੀ ਵੀ ਇੱਕ ਨੌਜਵਾਨ ਵਰਗੀ ਸੀ ਅਤੇ ਉਸ ਦੀ ਉਮਰ ਪਾਸਪੋਰਟ ਵਿੱਚ ਦਿੱਤੇ ਵਰਣਨ ਨਾਲ ਮੇਲ ਨਹੀਂ ਖਾਂਦੀ ਸੀ। ਨੇੜਿਓਂ ਜਾਂਚ ਕਰਨ ’ਤੇ ਪਤਾ ਲੱਗਾ ਕਿ ਯਾਤਰੀ ਨੇ ਆਪਣੇ ਵਾਲਾਂ ਅਤੇ ਦਾੜੀ ਨੂੰ ਸਫੈਦ ਰੰਗਿਆ ਹੋਇਆ ਸੀ ਅਤੇ ਉਸ ਨੇ ਬਜ਼ੁਰਗ ਦਿਖਣ ਲਈ ਐਨਕਾਂ ਵੀ ਲਗਾਈਆਂ ਹੋਈਆਂ ਸਨ। ਪੂਰਾ ਮਾਮਲਾ ਜਾਅਲੀ ਪਾਸਪੋਰਟ ਦਾ ਨਿਕਲਿਆ, ਯਾਤਰੀ ਨੂੰ ਉਸ ਦੇ ਸਮਾਨ ਸਮੇਤ ਹਿਰਾਸਤ ਵਿੱਚ ਲਿਆ ਗਿਆ ਅਤੇ ਕਾਨੂੰਨੀ ਕਾਰਵਾਈ ਲਈ ਆਈ.ਜੀ.ਆਈ. ਏਅਰਪੋਰਟ ਪੁਲਿਸ ਨੂੰ ਸੌਂਪ ਦਿੱਤਾ ਗਿਆ ਹੈ।
ਕੈਨੇਡਾ ਜਾਣ ਲਈ 24 ਸਾਲਾਂ ਮੁੰਡੇ ਨੇ ਬਜ਼ੁਰਗ ਦਾ ਭੇਸ ਧਾਰਿਆ ਪਰ ਏਅਰਪੋਰਟ ਉੱਤੇ ਫੜਿਆ ਗਿਆ

Published: