ਪੰਜਾਬ ਪੋਸਟ/ਬਿਓਰੋ
ਚੋਣਾਂ ਦਾ ਇੱਕ ਖੇਤਰੀ ਨਤੀਜਾ ਅੱਜ ਆ ਗਿਆ ਜਿਸ ਤਹਿਤ ਭਾਰਤੀ ਜਨਤਾ ਪਾਰਟੀ 60 ਮੈਂਬਰੀ ਵਿਧਾਨ ਸਭਾ ’ਚ 46 ਸੀਟਾਂ ਜਿੱਤ ਕੇ ਲਗਾਤਾਰ ਤੀਜੀ ਵਾਰ ਅਰੁਣਾਚਲ ਪ੍ਰਦੇਸ਼ ਦੀ ਸੱਤਾ ਵਿੱਚ ਪਰਤੀ ਹੈ। ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਰੁਣਾਚਲ ਪ੍ਰਦੇਸ਼ ਵਿੱਚ 50 ਵਿਧਾਨ ਸਭਾ ਸੀਟਾਂ ਲਈ ਅੱਜ ਸਵੇਰੇ 6 ਵਜੇ ਸਖਤ ਸੁਰੱਖਿਅਤ ਵਿਚਾਲੇ ਵੋਟਾਂ ਦੀ ਗਿਣਤੀ ਸ਼ੁਰੂ ਹੋਈ। ਭਾਜਪਾ ਨੇ 60 ਮੈਂਬਰੀ ਵਿਧਾਨ ਸਭਾ ’ਚੋਂ 10 ਸੀਟਾਂ ਪਹਿਲਾਂ ਹੀ ਨਿਰਵਿਰੋਧ ਜਿੱਤ ਲਈਆਂ ਹਨ। ਅਰੁਣਾਚਲ ਪ੍ਰਦੇਸ਼ ਵਿੱਚ ਚੋਣਾਂ ਦੇ ਪਹਿਲੇ ਗੇੜ ’ਚ 19 ਅਪਰੈਲ ਨੂੰ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਲਈ ਇੱਕੋ ਨਾਲ ਮਤਦਾਨ ਹੋਇਆ ਸੀ। ਭਾਜਪਾ ਨੇ ਬਾਕੀ ਰਹਿੰਦੀਆਂ 50 ਵਿੱਚੋਂ 36 ਸੀਟਾਂ ਜਿੱਤ ਲਈਆਂ ਹਨ। ਮੁੱਖ ਮੰਤਰੀ ਪੇਮਾ ਖਾਂਡੂ ਨਿਰਵਿਰੋਧ ਜਿੱਤਣ ਵਾਲੇ 10 ਉਮੀਦਵਾਰਾਂ ’ਚੋਂ ਇੱਕ ਹਨ। ਉੱਧਰ, ਨੈਸ਼ਨਲ ਪੀਪਲਜ ਪਾਰਟੀ (ਐੱਨ ਪੀ ਪੀ) ਨੇ ਪੰਜ ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ। ਪੀਪਲਜ ਪਾਰਟੀ ਆਫ ਅਰੁਣਾਚਲ ਪ੍ਰਦੇਸ਼ ਨੇ ਦੋ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਨੇ ਤਿੰਨ ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ। ਕਾਂਗਰਸ ਦੇ ਇੱਕ ਉਮੀਦਵਾਰ ਤੋਂ ਇਲਾਵਾ ਤਿੰਨ ਆਜਾਦ ਉਮੀਦਵਾਰ ਵੀ ਜਿੱਤ ਹਾਸਲ ਕਰਨ ’ਚ ਸਫਲ ਰਹੇ ਹਨ।
ਅਰੁਣਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਜੇਤੂ

Published: