- ਦਿੱਲੀ ਵਿੱਚ ਸਮੇਂ ਤੋਂ ਪਹਿਲਾਂ ਚੋਣਾਂ ਕਰਾਉਣ ਦੀ ਮੰਗ ਵੀ ਕਰਨਗੇ
ਨਵੀਂ ਦਿੱਲੀ/ਪੰਜਾਬ ਪੋਸਟ
ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਵੱਡਾ ਐਲਾਨ ਕਰਦੇ ਹੋਏ ਅੱਜ ਕਿਹਾ ਹੈ ਕਿ ਉਹ ਦੋ ਦਿਨਾਂ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ ਅਤੇ ਦਿੱਲੀ ਵਿੱਚ ਸਮੇਂ ਤੋਂ ਪਹਿਲਾਂ ਚੋਣਾਂ ਕਰਾਉਣ ਦੀ ਮੰਗ ਕਰਨਗੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਲੋਕ ਉਨ੍ਹਾਂ ਨੂੰ ‘ਇਮਾਨਦਾਰੀ ਦਾ ਪ੍ਰਮਾਣ ਪੱਤਰ’ ਨਹੀਂ ਦੇ ਦਿੰਦੇ, ਉਦੋਂ ਤੱਕ ਉਹ ਮੁੱਖ ਮੰਤਰੀ ਦੀ ਕੁਰਸੀ ’ਤੇ ਨਹੀਂ ਬੈਠਣਗੇ। ਆਬਕਾਰੀ ਨੀਤੀ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਮਾਮਲੇ ’ਚ ਬੀਤੇ ਸ਼ੁੱਕਰਵਾਰ ਨੂੰ ਤਿਹਾੜ ਜੇਲ੍ਹ ਤੋਂ ਜ਼ਮਾਨਤ ’ਤੇ ਰਿਹਾਅ ਹੋਏ ਕੇਜਰੀਵਾਲ ਨੇ ਕਿਹਾ, ‘ਮੈਂ ਮੁੱਖ ਮੰਤਰੀ ਦੀ ਕੁਰਸੀ ’ਤੇ ਉਦੋਂ ਬੈਠਾਂਗਾ, ਜਦੋਂ ਲੋਕ ਮੈਨੂੰ ਇਮਾਨਦਾਰੀ ਦਾ ਪ੍ਰਮਾਣ ਪੱਤਰ ਦੇਣਗੇ ਅਤੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਅਗਨੀ ਪ੍ਰੀਖਿਆ ਦੇਣਾ ਚਾਹੰਦਾ ਹਾਂ।’ ਕੇਜਰੀਵਾਲ ਨੇ ਨਾਲ ਹੀ ਇਹ ਵੀ ਕਿਹਾ ਹੈ ਕਿ ਓਹ ਮੁੜ ਮੁੱਖ ਮੰਤਰੀ ਅਤੇ ਮਨੀਸ਼ ਸਿਸੋਦੀਆ ਉਪ ਮੁੱਖ ਮੰਤਰੀ ਉਦੋਂ ਹੀ ਬਣਨਗੇ, ਜਦੋਂ ਲੋਕ ਉਨਾਂ ਨੂੰ ਅਜਿਹਾ ਕਰਨ ਲਈ ਕਹਿਣਗੇ।