ਮੋਹਾਲੀ/ਪੰਜਾਬ ਪੋਸਟ
ਬੰਦੀ ਸਿੰਘਾਂ ਦੀ ਰਿਹਾਈ, 328 ਸਰੂਪਾਂ ਦਾ ਮਾਮਲਾ, ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ ਗੋਲੀਕਾਂਡ ਮੁੱਦਿਆਂ ’ਤੇ ਕੌਮੀ ਇਨਸਾਫ਼ ਮੋਰਚਾ ਮੁਹਾਲੀ-ਚੰਡੀਗੜ, ਹਵਾਰਾ ਕਮੇਟੀ ਅਤੇ ਪੰਥਕ ਕਮੇਟੀ ਸਣੇ ਹੋਰ ਸਿੱਖ ਜਥੇਬੰਦੀਆਂ ਵੱਲੋਂ ਮੁਹਾਲੀ-ਚੰਡੀਗੜ ਦੀ ਸਾਂਝੀ ਹੱਦ ਉੱਤੇ ਪਿਛਲੇ ਸਾਲ 7 ਜਨਵਰੀ ਤੋਂ ਲਗਾਤਾਰ ਚੱਲ ਰਿਹਾ ਹੈ ਅਤੇ ਇਸ ਤਹਿਤ ਲਗਾਤਾਰ ਪ੍ਰੋਗਰਾਮ ਵੀ ਹੋ ਰਹੇ ਹਨ। ਪਿਛਲੇ ਦਿਨੀਂ ਵੱਡੀ ਗਿਣਤੀ ਲੋਕਾਂ ਨੇ ਸ੍ਰੀ ਫ਼ਤਹਿਗੜ ਸਾਹਿਬ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਮਾਰਚ ਕੀਤਾ ਅਤੇ ਚੰਡੀਗੜ ਵੱਲ ਕੂਚ ਕਰਨ ਦਾ ਯਤਨ ਕੀਤਾ, ਪਰ ਮੁਹਾਲੀ ਪੁਲੀਸ ਨੇ ਵਾਈ. ਪੀ. ਐੱਸ. ਚੌਂਕ ਨੇੜੇ ਬੈਰੀਕੇਡਿੰਗ ਕਰ ਕੇ ਸਿੱਖ ਜਥੇਬੰਦੀਆਂ ਦੇ ਕਾਫ਼ਲੇ ਨੂੰ ਅੱਗੇ ਵਧਣ ਤੋਂ ਰੋਕ ਲਿਆ। ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮੌਕੇ ’ਤੇ ਪਹੁੰਚ ਕੇ ਕੌਮੀ ਇਨਸਾਫ਼ ਮੋਰਚੇ ਦੀਆਂ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ। ਉਨਾਂ ਕਿਹਾ ਕਿ ਭਾਈ ਸ਼ਮਸ਼ੇਰ ਸਿੰਘ ਅਤੇ ਭਾਈ ਗੁਰਮੀਤ ਸਿੰਘ ਦੀ ਪੱਕੀ ਰਿਹਾਈ ਦੀ ਕੋਸ਼ਿਸ਼ ਕੀਤੀ ਜਾਵੇਗੀ, ਜੋ ਹੁਣ ਸ਼ਰਤੀਆ ਜ਼ਮਾਨਤ ’ਤੇ ਨੇ ਅਤੇ ਇੰਝ ਹੀ ਬਾਕੀ ਬੰਦੀ ਸਿੰਘਾਂ ਨੂੰ ਵੀ ਪੈਰੋਲ (ਛੁੱਟੀ) ਦਿੱਤੀ ਜਾਵੇਗੀ।